You are here

ਪੰਜਾਬ

ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਏਡਜ਼ ਵਿਰੁੱਧ ਜਾਗਰੂਕਤਾ ਰੈਲੀ

ਲੁਧਿਆਣਾ, 3 ਦਸੰਬਰ (ਟੀ. ਕੇ.)  ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚਲਾਏ ਜਾ ਰਹੇ ਓ.ਡੀ.ਆਈ.ਸੀ. ਕੇਂਦਰ ਅਤੇ ਟੀ.ਆਈ. ਪ੍ਰੋਜੈਕਟ ਵੱਲੋਂ ਵਿਸ਼ਵ ਏਡਜ਼ ਦਿਵਸ ਦੇ ਸੰਦਰਭ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨਾਂ ਅਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਸਪਤਾਲ ਦੇ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਜਾਣਕਾਰੀ ਦੀ ਘਾਟ ਅਤੇ ਗਲਤ ਸੇਧਾਂ ਹਨ।ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਲੜਕੀਆਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਕਰਨ ਲਈ ਵਰਤੀਆਂ ਜਾਂਦੀਆਂ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਨਾਲ ਐਚ.ਆਈ.ਵੀ./ਏਡਜ਼, ਹੈਪੇਟਾਈਟਸ ਅਤੇ ਹੋਰ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੁਧਿਆਣਾ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਐਚ.ਆਈ.ਵੀ. ਅਤੇ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਉਨ੍ਹਾਂ ਇਲਾਕਿਆਂ ਵਿਚ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲੇ ਜਾਣ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਮੁੜ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ  ਦਾ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਉਪੇਂਦਰ ਸਿੰਘ, ਡਾ: ਰਘੁਵੀਰ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਮਨੀਸ਼ਾ (ਸੈਂਟਰ ਇੰਚਾਰਜ) ਆਦਿ ਨੇ ਨਸ਼ਾ ਛੁਡਾਊ ਰੈਲੀ ਦੀ ਨੁਮਾਇੰਦਗੀ ਕੀਤੀ | ਇਸ ਮੌਕੇ ਨਸ਼ਾ ਮੁਕਤ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਮਰੇਡ ਅੰਮ੍ਰਿਤਪਾਲ ਦੇ ਸ਼ਰਧਾਂਜਲੀ ਸਮਾਗਮ ‘ਚ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉੱਠੀ

ਲੁਧਿਆਣਾ, 3 ਦਸੰਬਰ (ਟੀ. ਕੇ. ) ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਕਾਮਰੇਡ ਅੰਮ੍ਰਿਤਪਾਲ ਪੀ. ਏ. ਯੂ. ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਤੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।
ਕਾਮਰੇਡ ਅਮ੍ਰਿਤਪਾਲ ਨੂੰ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਤੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਜਲੀ ਭੇਂਟ ਕਰਨ ਉਪਰੰਤ “ਸਾਮਰਾਜੀ ਜੰਗਾਂ ਤੇ ਫਲਸਤੀਨ ਉੱਤੇ ਅਮਰੀਕਾ -ਇਜਰਾਇਲ ਦਾ ਹਮਲਾ” ਵਿਸ਼ੇ ਤੇ ਗੱਲ-ਬਾਤ ਕਰਦਿਆਂ ਬੂਟਾ ਸਿੰਘ ਨੇ ਕਿਹਾ ਫਿਲਿਸਤੀਨੀ ਲੋਕਾਂ ਉੱਤੇ ਹਮਲਾ ਸਾਮਰਾਜੀ ਦੇਸ਼ਾਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਹੈ ਤੇ ਇਜਰਾਇਲ ਨੂੰ ਅਮਰੀਕੀ ਸਾਮਰਾਜ ਦੀ ਪੂਰੀ ਸਹਿ ਪ੍ਰਾਪਤ ਹੈ। ਇਸ ਹਮਲੇ ਦਾ ਸਭ ਤੋਂ ਜਾਲਮ ਪੱਖ ਇਹ ਰਿਹਾ ਕਿ ਇਜ਼ਰਾਇਲ ਨੇ ਇਸ ਹਮਲੇ ਵਿੱਚ ਫੌਜੀ ਟਿਕਾਣਿਆਂ ਦੀ ਥਾਂ ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਲਿਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਉਣ ਵਾਲੀਆਂ ਨਸਲਾਂ ਨੂੰ ਨਿਸ਼ਾਨਾ ਬਣਾਉਣਾ ਵਹਿਸ਼ੀਪੁਣੇ ਦੀ ਹੱਦ ਹੈ। ਸਾਮਰਾਜੀ ਮੁਲਕ ਆਪਣੇ ਤੋਂ ਛੋਟੇ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੀ ਮੰਡੀ ਅਤੇ ਕੁਦਰਤੀ ਸੋਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਜਿਹੇ ਹਮਲਿਆਂ ਨੂੰ ਦੱਬੇ ਕੁਚਲੇ ਲੋਕਾਂ ਦਾ ਏਕਾ ਹੀ ਠੱਲ ਪਾ ਸਕਦਾ ਹੈ ਜਿਸ ਤਰਾਂ ਮੋਦੀ ਹੁਕੂਮਤ ਨੂੰ ਕਿਸਾਨਾਂ ਅਤੇ ਲੋਕਾਂ ਦੇ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਸ ਲੈਣੇ ਪਏ ਇਸੇ ਤਰਾਂ ਮਿਹਨਤਕਸ਼ ਲੋਕਾਂ ਦਾ ਏਕਾ ਹੀ ਇਹਨਾਂ ਹਮਲਿਆਂ ਨੂੰ ਰੋਕ ਸਕਦਾ ਹੈ। ਸੈਮੀਨਾਰ ਤੋਂ ਮਗਰੋਂ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ ਜੰਗਾਂ ਦਾ ਮਾਹੌਲ ਸਿਰਜਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਮਰੇਡ ਅੰਮ੍ਰਿਤਪਾਲ ਦੀ ਪਤਨੀ ਮਧੂ, ਬੇਟੀਆਂ ਮੀਨੂੰ ਅਤੇ ਨਿਸ਼ਾ ਸਮੇਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਮੋਹਣ, ਕੰਵਲਜੀਤ ਖੰਨਾ, ਰਾਕੇਸ਼ ਆਜ਼ਾਦ, ਮਾਸਟਰ ਭਜਨ ਕੈਨੇਡਾ , ਕਰਨਲ ਜਗਦੀਸ਼ ਬਰਾੜ, ਜਸਵੰਤ ਜ਼ੀਰਖ, ਸੁਰਿੰਦਰ, ਰਵਿਤਾ, ਕਰਮਜੀਤ ਸਿੰਘ ਆਦਿ ਹਾਜਰ ਸਨ

ਵੈਟਨਰੀ ਯੂਨੀਵਰਸਿਟੀ 'ਚ ਕੁੱਤਿਆਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਦਾ ਹੋਇਆ ਰੱਜ ਕੇ ਮਨੋਰੰਜਨ 

ਲੁਧਿਆਣਾ 3 ਦਸੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆਣਾ ਪੱਛਮੀ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਨ੍ਹਾਂ ਨੇ ਸਮਾਜ ਦੇ ਵਿਕਾਸ ਦੌਰਾਨ ਘਰੇਲੂ ਜਾਨਵਰਾਂ ਅਤੇ ਸਾਥੀ ਜਾਨਵਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਹਥਿਆਰਬੰਦ ਬਲਾਂ ਵਿਚ ਕੁੱਤਿਆਂ ਦੇ ਯੋਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਸ਼ੂਧਨ ਖੇਤਰ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸਰਾਹਨਾ ਕੀਤੀ ਅਤੇ ਇਸ ਡਾਗ ਸ਼ੋਅ ਰਾਹੀਂ ਕੁੱਤਿਆਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਹਿਤ ਆਯੋਜਨ ਦੀ ਸ਼ਲਾਘਾ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨ ਵਿਚ ਮਨੁੱਖ ਅਤੇ ਕੁੱਤੇ ਦੇ ਲੰਮੇ ਰਿਸ਼ਤੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਇਹ ਰਿਸ਼ਤਾ ਹੋਰ ਮਹੱਤਵਪੂਰਨ ਹੋ ਗਿਆ ਹੈ ਅਤੇ ਲੋਕ ਪਾਲਤੂ ਜਾਨਵਰਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗ ਰੱਖਦੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਇਸ ਖੇਤਰ ਦੇ ਵਿਕਾਸ ਲਈ ਨਵੀਆਂ ਨੀਤੀਆਂ ਬਨਾਉਣ ਵਿਚ ਸਹਾਈ ਹੁੰਦੀਆਂ ਹਨ।
    ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਤਵੰਤਿਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਬੜੇ ਵਧੀਆ ਕਿਸਮ ਦੇ ਨਸਲੀ ਮੁਕਾਬਲੇ ਕਰਵਾਏ ਗਏ। ਡਾ. ਐਚ ਐਸ ਢੱਲਾ ਨੂੰ ਉੱਤਰੀ ਭਾਰਤ ਵਿਚ ਪਹਿਲਾ ਡਾਗ ਪਾਰਕ ਸਥਾਪਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕ ਸੋਵੀਨਰ ਵੀ ਜਾਰੀ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਸੀਮਾ ਸੁਰੱਖਿਆ ਬੱਲ ਦੇ ਡਾਗ ਸਕਵੈਡ ਦਾ ਵਿਸ਼ੇਸ਼ ਪ੍ਰਦਰਸ਼ਨ ਵੀ ਕੀਤਾ ਗਿਆ।
    ਡਾ. ਧੀਰਜ ਗੁਪਤਾ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ 100 ਤੋਂ ਵੱਧ ਮਾਲਕਾਂ ਨੇ ਆਪਣੇ ਕੁੱਤਿਆਂ ਦਾ ਪ੍ਰਦਰਸ਼ਨ ਕੀਤਾ। ਡਾ. ਇੰਦਰਜੀਤ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਵਿਖੇ ਕੁੱਤਿਆਂ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਪਾਲਤੂ ਜਾਨਵਰ ਦੇ ਸ਼ੌਕੀਨਾਂ ਅਤੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਮੌਜੂਦ ਸੀ। ਉਦਯੋਗਾਂ ਵੱਲੋਂ ਖੁਰਾਕ, ਸਿਹਤ ਪੂਰਕ ਅਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਜਾਨਵਰਾਂ ਪ੍ਰਤੀ ਸਮਾਜ ਵਿਚ ਸੁਹਿਰਦਤਾ ਅਤੇ ਜਾਗਰੂਕਤਾ ਲਿਆਉਂਦੇ ਹਨ। ਉਨ੍ਹਾਂ ਨੇ ਡਾਗ ਸ਼ੋਅ ਦੇ ਆਯੋਜਨ ਵਿਚ ਹਿੱਸਾ ਪਾਉਣ ਲਈ ਸਾਰੀਆਂ ਭਾਈਵਾਲ ਧਿਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ।

ਠੇਕਾ ਮੁਲਾਜਮਾਂ ਵਲੋਂ ਕੁਹਾੜਾ ਅਤੇ ਹੰਬੜਾਂ 'ਚ ਝੰਡਾ ਮਾਰਚ 5 ਨੂੰ 

ਲੁਧਿਆਣਾ, 3 ਦਸੰਬਰ (ਟੀ. ਕੇ.) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਤਾਇਨਾਤ ਠੇਕਾ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸ਼ਾਖਾ ਲੁਧਿਆਣਾ ਦੇ ਬੁਲਾਰੇ ਨੇ ਦੱਸਿਆ ਹੈ ਕਿ 9ਦਸੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਲੁਧਿਆਣਾ ਵਿਖੇ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਜਾਣਾ ਹੈ ਅਤੇ ਇਸ ਸੰਘਰਸ਼ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕੁਹਾੜਾ ਅਤੇ ਹੰਬੜਾਂ ਇਲਾਕੇ ਵਿਚ 5 ਦਸੰਬਰ ਨੂੰ ਝੰਡਾ ਮਾਰਚ ਕੱਢਿਆ ਜਾਵੇਗਾ। ਬੁਲਾਰੇ ਅਨੁਸਾਰ ਮਾਰਚ ਦਾ ਸਮਾਂ ਸਵੇਰੇ 9:30 ਵਜੇ ਹੋਵੇਗਾ ਅਤੇ ਇਹ ਮਾਰਚ  ਹੰਬੜਾਂ ਤੋਂ ਸ਼ੁਰੂ ਕੀਤਾ ਜਾਵੇਗਾ। ਆਗੂ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਹੁੰਦੇ ਹੋਏ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਉਂਦੇ ਲੀਫਲੈਟ ਵੰਡੇ ਜਾਣਗੇ, ਅਤੇ ਲਾਡੋਵਾਲ ਨੈਸ਼ਨਲ ਹਾਈਵੇ ਮੇਨ ਚੌਕ ਵਿੱਚ ਸਮਾਪਤੀ ਕੀਤੀ ਜਾਵੇਗੀ।

ਜੇੇ ਨੂਹ ਮਾਮਲੇ 'ਚ ਦਰਜ਼ ਪਰਚੇ ਰੱਦ ਹੋ ਸਕਦੇ ਹਨ ਤਾਂ ਫਿਰ ਸਿੱਖ ਨੌਜਵਾਨਾਂ ਦੇ ਕਿਉਂ ਨਹੀ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਦੇਸ਼ਭਰ ਵਿੱਚ ਸਿੱਖਾਂ ਖਿਲਾਫ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹੈ। ਹਰਿਆਣਾ ਦੇ ਨੂਹ 'ਚ ਥਾਣੇ ਨੂੰ ਅੱਗ ਲਗਾ ਕੇ ਦੰਗਾ ਫਸਾਦ ਕਰਨ ਵਾਲਿਆਂ 'ਤੇ ਦਰਜ਼ ਪਰਚੇ ਰੱਦ ਕਰ ਦੇਣੇ ਜਦੋਂਕਿ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਐੱਨ.ਐੱਸ.ਏ ਤਹਿਤ ਜੇਲ੍ਹਾ 'ਚ ਡੱਕਣਾ ਭੇਦਭਾਵ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਨੂਹ ਦੇ ਦੋਸ਼ੀਆਂ ਦੇ ਪਰਚੇ ਰੱਦ ਹੋ ਸਕਦੇ ਹਨ ਤਾਂ ਸਿੱਖ ਨੌਜਵਾਨਾਂ ਦੇ ਕਿਉਂ ਨਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਅੱਜ ਤਖਤ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ 'ਚ ਸ਼ਮੂਲੀਅਤ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਖਿਲਾਫ ਇੱਕ ਖਾਸ ਸਾਜਿਸ਼ ਤਹਿਤ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 2007 ਚ ਲੁਧਿਆਣਾ ਬੰਬ ਕਾਂਡ ਹੋਇਆ ਜੋ ਸਿੱਖਾਂ ਦੇ ਸਿਰ ਮੜ ਦਿੱਤਾ ਗਿਆ ਹਾਲਾਂਕਿ ਜਿੰਨੇ ਸਿੱਖ ਉਕਤ ਮਾਮਲੇ 'ਚ ਪੁਲਿਸ ਨੇ ਫੜੇ ਉਹ ਬਾਅਦ ਚ ਸਾਰੇ ਬਾਇੱਜ਼ਤ ਬਰੀ ਹੋਏ ਪਰ ਜਦੋਂ 2017 'ਚ ਮੌੜ ਬੰਬ ਧਮਾਕਾ ਹੋਇਆ ਅਤੇ ਉਸ 'ਚ ਡੇਰਾ ਸਿਰਸਾ ਮੁਖੀ ਦਾ ਨਾਮ ਆਇਆ ਤਾਂ ਜਾਂਚ ਉੱਥੇ ਹੀ ਠੱਪ ਕਰ ਦਿੱਤੀ ਗਈ ਹੁਣ ਉਸਨੂੰ ਵਾਰ-ਵਾਰ ਪੈਰੋਲ ਵੀ ਦਿੱਤੀ ਜਾ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀ ਝੂਠੇ ਦੋਸ਼ਾਂ ਤਹਿਤ ਫੜੋ-ਫੜਾਈ ਇਹ ਵੀ ਇੱਕ ਕੋਝੀ ਚਾਲ ਦਾ ਹਿੱਸਾ ਹੈ ਅਤੇ ਅਜਿਹੀਆਂ ਕੋਝੀਆਂ ਚਾਲਾਂ ਸਰਕਾਰਾਂ ਬੰਦ ਕਰਨ। ਉਨਾਂ ਮੰਗ ਕੀਤੀ ਕਿ ਜਿਵੇਂ ਨੂਹ ਚ ਦੰਗਾ ਫਸਾਦ ਕਰਨ ਵਾਲਿਆਂ ਦੇ ਪਰਚੇ ਰੱਦ ਕਰ ਦਿੱਤੇ ਹਨ ਉਵੇਂ ਸਰਕਾਰ ਸਿੱਖ ਨੌਜਵਾਨਾਂ ਤੇ ਦਰਜ਼ ਪਰਚੇ ਵੀ ਰੱਦ ਕਰੇ ਅਤੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਵੀ ਤੁਰੰਤ ਰਿਹਾਅ ਕਰੇ।

ਵੋਟਰ ਸੂਚੀਆਂ ਦੀ ਸੁਧਾਈ ਦੇ ਦੋ ਦਿਨਾ ਵਿਸ਼ੇਸ਼ ਕੈਂਪ ਲਗਾਏ ਗਏ- ਏਡੀਸੀ ਸ਼੍ਰੀਮਤੀ ਲਵਜੀਤ ਕਲਸੀ

ਬਠਿੰਡਾ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਮਾਨਯੋਗ ਜ਼ਿਲ੍ਹਾ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਮਾਨਯੋਗ ਵਧੀਕ ਜ਼ਿਲ੍ਹਾ ਚੋਣ ਕਰ ਅਫਸਰ (ਪੇਂਡੂ ਵਿਕਾਸ) ਬਠਿੰਡਾ ਸ਼੍ਰੀਮਤੀ ਲਵਜੀਤ ਕਲਸੀ ਵੱਲੋਂ ਵਿਸ਼ੇਸ਼ ਮੁਹਿੰਮ ਸਪੈਸ਼ਲ ਸਮਰੀ ਰਿਵੀਜ਼ਨ 2024 ਦੇ ਤਹਿਤ ਮਿਤੀ 2 ਦਸੰਬਰ ਅਤੇ 3 ਦਸੰਬਰ 2023 ਨੂੰ ਦੋ ਦਿਨਾ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਉਪਰਾਲੇ ਰਾਹੀਂ ਵੋਟ ਬਣਾਉਣ ਦੀ ਯੋਗਤਾ ਮਿਤੀ 1 ਜਨਵਰੀ 24 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ 093 ਬਠਿੰਡਾ ਦਿਹਾਤੀ ਇਲਾਕੇ ਦੇ ਸਾਰੇ ਹੀ ਸੰਬੰਧਿਤ ਕਰਮਚਾਰੀ ਮਾਨਯੋਗ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸ਼੍ਰੀਮਤੀ ਲਵਜੀਤ ਕਲਸੀ ਏਡੀਸੀ ਪੇਂਡੂ ਵਿਕਾਸ ਬਠਿੰਡਾ ਵੱਲੋਂ ਵੋਟਰ ਸੂਚਿਆਂ ਦੀ ਸੁਧਾਈ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਬੀਐਲਓ'ਜ ਦੁਆਰਾ ਦੋ ਦਿਨਾਂ ਵਿਸ਼ੇਸ਼ ਕੈਂਪ ਲਗਵਾਏ ਗਏ। ਜਿਸ ਤਹਿਤ ਸਾਰੇ ਬੀਐਲਓ'ਜ ਨੇ ਆਪੋ ਆਪਣੇ ਬੂਥਾਂ ਦੇ ਬੈਠ ਕੇ ਫਾਰਮ ਨੰਬਰ 6, 7 ਅਤੇ 8 ਭਰਕੇ ਖਾਸ ਤੌਰ 'ਤੇ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ  ਤੇ ਪ੍ਰੇਰਿਤ ਕੀਤਾ ਗਿਆ। 093 ਬਠਿੰਡਾ ਦਿਹਾਤੀ ਇਲਾਕੇ ਦੇ ਸਾਰੇ ਹੀ ਸੁਪਰਵਾਈਜ਼ਰ ਸਾਹਿਬਾਨਾਂ ਨੇ ਬੂਥਾਂ ਦੀ ਚੈਕਿੰਗ ਕਰਕੇ ਬੀਐਲਓ ਦੀ ਅਗਵਾਈ ਕੀਤੀ ਇਸ ਸਮੇਂ ਸੈਕਟਰ ਨੰਬਰ 10 ਦੇ ਸੁਪਰਵਾਈਜ਼ਰ ਸ਼੍ਰੀ ਮੋਤੀ ਰਾਮ ਨੇ ਦੱਸਿਆ ਕਿ ਸਾਰੇ ਹੀ ਪ੍ਰਕਾਰ ਦੇ ਫਾਰਮ ਭਰਨ ਦੇ ਨਾਂ ਨਾਲ ਆਨਲਾਈਨ ਫਾਰਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਟੋਲ ਫਰੀ ਨੰਬਰ 1950 ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਹੋਰ ਦੱਸਿਆ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੀਐਲਓਜ ਨੇ ਆਪੋ-ਆਪਣੇ ਬੂਥਾਂ 'ਤੇ ਬੈਠ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ। ਇਸ ਸਮੇਂ ਜੋਧਪੁਰ ਰੁਮਾਣਾ ਦੇ ਬੀਐਲਓ ਸ਼੍ਰੀ ਦੀਪਕ ਕੁਮਾਰ ਅਤੇ ਸ੍ਰ. ਅਵਤਾਰ ਸਿੰਘ ਨੇ ਦੱਸਿਆ ਕਿ ਦੋ-ਦੋ ਦਿਨਾਂ ਦੇ ਦੋ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਦੋ ਦਿਨਾ ਕੈਂਪ ਲਗਭਗ ਇਸ  ਸਾਲ ਦੇ ਆਖਰੀ ਕੈਂਪ ਸਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿੱਲੀ ਪਹੁੰਚਣ ਦੀ ਅਪੀਲ - ਬਾਬਾ ਹਰਜਿੰਦਰ ਸਿੰਘ 

ਭੀਖੀ,03 ਦਸੰਬਰ ( ਕਮਲ ਜਿੰਦਲ )ਬਾਬਾ ਹਰਜਿੰਦਰ ਸਿੰਘ (ਖਾਲਸਾ ਫਾਰਮ) ਭੀਖੀ ਵਾਲਿਆਂ ਨੇ ਦੱਸਿਆ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨੈਸ਼ਨਲ ਪੰਥਕ ਦਲ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ 10 ਦਸੰਬਰ ਦਿਨ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਭਾਰਤ ਦੀ ਪਾਰਲੀਮੈਂਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਭਾਰਤ ਸਰਕਾਰ ਦੇ ਕੰਨਾਂ ਤੱਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਪਹੁੰਚਾਈ ਜਾ ਸਕੇ। ਇਸੇ ਸੰਬੰਧ ਵਿੱਚ ਬਾਬਾ ਹਰਜਿੰਦਰ ਸਿੰਘ (ਖਾਲਸਾ ਫਾਰਮ ਭੀਖੀ ) ਸੀਨੀਅਰ ਮੀਤ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਵੱਲੋਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭੀਖੀ, ਸੁਨਾਮ, ਹਲਕਾ ਜੋਗਾ ਅਤੇ ਹੋਰ ਮਾਲਵੇ ਦੇ ਪਿੰਡਾਂ ਸ਼ਹਿਰਾਂ ਵਿੱਚ ਸੰਗਤ ਨੂੰ ਦਿੱਲੀ ਜਾਣ ਲਈ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ 4 ਦਸੰਬਰ ਨੂੰ ਭੀਖੀ ਸ਼ਹਿਰ ਵਿਖੇ ਮੀਟਿੰਗ ਰੱਖੀ ਗਈ ਹੈ।ਜਿਸ ਵਿੱਚ ਭੀਖੀ ਸਰਕਲ ਦੀਆਂ ਸੰਗਤਾਂ ਨੂੰ ਪਹੁੰਚਣ ਦੀ ਵੀ ਅਪੀਲ ਕੀਤੀ ਹੈ। ਤਾਂ ਜ਼ੋ ਦਿੱਲੀ ਚੱਲੋ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਸਕੇ।
ਇਸ ਮੌਕੇ ਤੇ ਬਾਬਾ ਹਰਜਿੰਦਰ ਸਿੰਘ ਜੀ, ਭਾਈ ਜੀਵਨ ਸਿੰਘ ਧਰਮਿੰਦਰ ਸਿੰਘ ਜਵਾਹਰਕੇ ਪ੍ਰਧਾਨ ਸਰਕਲ ਮਾਨਸਾ, ਗੁਰਪ੍ਰੀਤ ਸਿੰਘ ਕੋਰਵਾਲਾ ਪ੍ਰਧਾਨ ਸਰਕਲ ਸਰਦੂਲਗੜ੍ਹ, ਮਿਸਤਰੀ ਹਰਬੰਸ ਸਿੰਘ, ਬਲਵੀਰ ਸਿੰਘ ਸਮਾਓ, ਗੁਰਲਾਲ ਸਿੰਘ, ਬਿੱਟੂ ਸਿੰਘ ਠੂਠਿਆਵਾਲੀ ਜਰਨਲ ਸਕੱਤਰ ਜਿਲ੍ਹਾ ਮਾਨਸਾ, ਸੁਖਦਿਆਲ ਸਿੰਘ, ਅਮਨਦੀਪ ਸਿੰਘ ਭੀਖੀ ਆਦਿ ਹਾਜ਼ਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬਿਜਲੀ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ, ਧਰਨਿਆਂ ਵਿੱਚ ਕਿਸਾਨ ਹੋਣਗੇ ਸ਼ਾਮਲ -- ਉਗਰਾਹਾਂ, ਕੋਕਰੀ

ਚੰਡੀਗੜ੍ਹ, 03 ਦਸੰਬਰ (ਜਨ ਸ਼ਕਤੀ ਨਿਉਜ ਬਿਊਰੋ ) ਬਿਜਲੀ ਕਾਮਿਆਂ ਦੇ ਜੁਆਇੰਟ ਫੋਰਮ ਪੰਜਾਬ ਅਤੇ ਟੀ ਐੱਸ ਯੂ (ਭੰਗਲ) ਵੱਲੋਂ ਠੇਕਾ ਕਾਮਿਆਂ ਲਈ ਪੱਕੇ ਰੁਜ਼ਗਾਰ ਅਤੇ ਹੋਰ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਮੌਜੂਦਾ ਸੰਘਰਸ਼ਾਂ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਕੇਂਦਰੀ ਤੇ ਸੂਬਾਈ ਹਕੂਮਤਾਂ ਵੱਲੋਂ ਮੜ੍ਹੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦਿਨੋਂ ਦਿਨ ਵਧ ਰਹੀ ਕਿਰਤ ਦੀ ਤਿੱਖੀ ਲੁੱਟ ਵਿਰੁੱਧ ਸਮੂਹ ਕਿਰਤੀ ਕਿਸਾਨਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਦੀ ਜਥੇਬੰਦਕ ਸੇਧ ਮੁਤਾਬਕ ਬਿਜਲੀ ਕਾਮਿਆਂ ਦੇ ਇਨ੍ਹਾਂ ਸੰਘਰਸ਼ਾਂ ਦੌਰਾਨ ਧਰਨਿਆਂ ਵਿੱਚ ਵੀ ਕਿਸਾਨ ਹਮਾਇਤੀ ਸ਼ਮੂਲੀਅਤ ਕਰਨਗੇ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ

 ਧਰਨਾਕਾਰੀਆਂ ਨਾਲ ਜੁਝਾਰੂ ਯਕਜਹਿਤੀ ਜ਼ਾਹਰ ਕਰਦਿਆਂ ਭਲਕੇ ਹਮਾਇਤੀ ਕਾਫ਼ਲੇ ਭੇਜਣ ਦਾ ਫੈਸਲਾ

ਚੰਡੀਗੜ੍ਹ 03 ਦਸੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਮੁਕੇਰੀਆਂ ਖੰਡ ਮਿੱਲ ਅੱਗੇ ਹਾਈਵੇ ਜਾਮ ਕਰਕੇ ਕੱਲ੍ਹ ਤੋਂ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਾਂਤਮਈ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਅੱਜ ਪੁਲਿਸ ਵੱਲੋਂ ਲਾਠੀਚਾਰਜ ਕਰਨ ਅਤੇ 10 ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਗਵੰਤ ਮਾਨ ਸਰਕਾਰ ਉੱਤੇ ਦੋਸ਼ ਲਾਇਆ ਕਿ ਗੰਨੇ ਦੇ ਭਾਅ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਵਾਅਦਾਖਿਲਾਫੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਖੰਡ ਮਿੱਲ ਨੂੰ ਚਾਲੂ ਕਰਨ ਦਾ ਫੈਸਲਾ ਵੀ ਵਾਅਦੇ ਅਨੁਸਾਰ 30 ਨਵੰਬਰ ਤੱਕ ਚਾਲੂ ਕਰਨ ਦੀ ਬਜਾਏ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਮਗਰੋਂ ਕੱਲ੍ਹ 1 ਦਸੰਬਰ ਨੂੰ ਸ਼ਾਮ 5 ਵਜੇ ਹੀ ਕੀਤਾ ਗਿਆ ਹੈ। ਅੱਜ ਗ੍ਰਿਫਤਾਰੀਆਂ ਸਮੇਂ ਕਿਸਾਨ ਆਗੂਆਂ ਦੀ ਧੂਹ-ਘੜੀਸ ਦੁਆਰਾ ਪੱਗਾਂ ਪੈਰਾਂ ਥੱਲੇ ਰੋਲਣਾ ਹੋਰ ਵੀ ਬਹੁਤ ਮਾੜੀ ਤੇ ਸ਼ਰਮਨਾਕ ਗੱਲ ਹੈ। ਇਸ ਧੱਕੇਸ਼ਾਹੀ ਤੋਂ ਬਾਅਦ ਵੀ ਕੜਾਕੇ ਦੀ ਠੰਢ ਵਿੱਚ ਧਰਨੇ ਵਿੱਚ ਡਟੇ ਹੋਏ ਕਿਸਾਨਾਂ ਦੇ ਸਿਦਕ ਨੂੰ ਸਿਜਦਾ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਵਿਰੁੱਧ ਭਲਕੇ ਮਾਝਾ ਦੁਆਬਾ ਤੇ ਮਾਲਵਾ ਦੇ ਕਈ ਜਿਲ੍ਹਿਆਂ ਤੋਂ ਕਿਸਾਨ ਕਾਫ਼ਲੇ ਮੁਕੇਰੀਆਂ ਧਰਨੇ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਜਬਰ ਰਾਹੀਂ ਕਿਸਾਨਾਂ ਨੂੰ ਦਬਾਉਣ 'ਤੇ ਤੁਲੀ ਹੋਈ ਮਾਨ ਸਰਕਾਰ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਿਆ ਜਾਵੇ।

ਸੰਯੁਕਤ ਮੋਰਚੇ ਦੇ ਆਗੂਆਂ ਤੇ ਹਮਲੇ ਤੁਰੰਤ ਬੰਦ ਕਰੇ ਸਰਕਾਰ - ਬੁਰਜਗਿੱਲ

ਬਰਨਾਲਾ, 03 ਦਸੰਬਰ (ਗੁਰਸੇਵਕ ਸੋਹੀ )ਪੰਜਾਬ - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੀਨੀਅਰ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਨੂੰ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਸੀ ਜੋ ਕੀ ਕੋਲੰਬੀਆ ਜਾ ਰਹੇ ਵਫਦ ਨਾਲ ਇੱਥੇ ਪੁੱਜੇ ਸਨ ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਦੀਆ ਹੱਦਾਂ ਤੇ 13 ਮਹੀਨੇ ਚੱਲੇ ਕਿਸਾਨੀ ਅੰਦੋਲਣ ਨਾਲ ਸੰਬਧਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਜਿਸ ਅਧਾਰ ਤੇ ਓਹਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਕਿਸਾਨੀ ਲਹਿਰ ਦੇ ਦਬਾਅ ਕਾਰਨ ਰਿਹਾਅ ਕਰ ਦਿੱਤਾ ਗਿਆ। ਸ਼੍ਰੀ ਗਿੱਲ ਨੇ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਕਿਸਾਨੀ ਅੰਦੋਲਣ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਕਰਨ ਵਾਲੇ ਅਧਾਰੇ ਨਿਊਜ਼ ਕਲਿੱਕ ਦੇ ਮਾਲਕ ਤੇ ਹੋਰ ਪੱਤਰਕਾਰਾਂ ਤੇ ਪੁਲੀਸ ਮੁਕੱਦਮੇ ਦਰਜ਼ ਕਰ ਜੇਲਾਂ ਵਿੱਚ ਡੱਕਣਾ ਇਹ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ । ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀਆਂ ਇਹਨਾਂ ਹੋਸ਼ੀਆਂ ਕਾਰਵਾਈਆਂ ਦਾ ਕਦੇ ਵੀ ਦਬਾਅ ਨਹੀਂ ਮੰਨੇਗਾ। ਇਸ ਸਮੇਂ ਦੋਵੇਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋ ਕਿਸਾਨ ਔਰਤਾਂ ਤੇ ਤੰਜਕਸਵਾ ਬਿਆਨ ਦੇਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਅਤੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਅਨਾਜ ਦੇ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਅਨਾਜ ਪੱਖੋਂ ਆਪਣੇ ਪੈਰਾਂ ਸਿਰ ਕਰਨ ਵਿੱਚ ਜਿੰਨਾਂ ਕਿਸਾਨਾਂ ਦਾ ਯੋਗਦਾਨ ਹੈ ਓਨਾਂ ਹੀ ਕਿਸਾਨ ਬੀਬੀਆਂ ਦਾ ਯੋਗਦਾਨ ਹੈ ਪਰ ਖੇਤੀਬਾੜੀ ਮੰਤਰੀ ਦਾ ਇਸ ਕਿਸਮ ਦਾ ਘਟੀਆ ਬਿਆਨ ਦੇਣਾ ਦਰਸਾਉਂਦਾ ਹੈ ਕੀ ਭਾਜਪਾ ਕਿਸ ਕਿਸਮ ਦੀ ਘਟੀਆ ਸੋਚ ਵਾਲੇ ਲੀਡਰ ਅੱਗੇ ਲੈਕੇ ਆਉਂਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੀ ਅਗਰ ਸਰਕਾਰ ਗੰਨੇ ਦੇ ਭਾਅ ਲਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਕੋਈ ਤੱਸਦਦ ਢਾਉਂਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸਦਾ ਮੂੰਹ ਤੋੜ ਜਵਾਬ ਦੇਵੇਗਾ।

ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਐਸ ਈ ਸੈੱਲ ਦਾ ਚੇਅਰਮੈਨ ਲਗਾਇਆ

ਘਮਨੇਵਾਲ ਬੇਹੱਦ ਮਿਹਨਤੀ ਆਗੂ—ਸੰਧੂ, ਵੈਦ
ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ਗਿੱਲ)
ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਰਿਹਾ ਹੈ ਜਿਸ ਤੇ ਚਲਦਿਆਂ ਐਸ ਈ ਸੈੱਲ ਪੰਜਾਬ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਇੰਚਾਰਜ ਹਲਕਾ ਦਾਖਾ ਦੀ ਸਿਫਾਰਸ਼ ਤੇ ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਦਾ ਐਸ ਈ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋ ਬਾਅਦ ਪ੍ਰਧਾਨ ਐਸ ਈ ਸੈੱਲ ਪੰਜਾਬ ਕੁਲਦੀਪ ਸਿੰਘ ਵੈਦ ਸਾਬਕਾ ਵਿਧਾਇਕ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਨੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਲਖਵਿੰਦਰ ਸਿੰਘ ਘਮਨੇਵਾਲ ਬਹੁਤ ਹੀ ਮਿਹਨਤੀ ਆਗੂ ਹੈ। ਯਾਦ ਰਹੇ ਕਿ ਲਖਵਿੰਦਰ ਸਿੰਘ ਹੁਣ 5 ਵਿਧਾਨ ਸਭਾ ਹਲਕਿਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਹਲਕਾ ਗਿੱਲ,ਹਲਕਾ ਦਾਖਾ,ਹਲਕਾ ਜਗਰਾਓ ਅਤੇ ਹਲਕਾ ਰਾਏਕੋਟ ਹਨ। ਇਸ ਮੌਕੇ ਪਰੇਮ ਸਿੰਘ ਸੇਖੋਂ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਨੇ ਖੁਸ਼ੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਘਮਨੇਵਾਲ ਬਹੁਤ ਹੀ ਮਿਹਨਤੀ ਅਤੇ ਨਿਧੜਕ ਆਗੂ ਹੈ ਜਿਨ੍ਹਾਂ ਕੋਲ ਸਿਆਸਤ ਦਾ ਤਜਰਬਾ ਵੀ ਅਤੇ ਉਹ ਸਾਫ ਅਕਸ ਵਾਲੇ ਆਗੂ ਹਨ। ਪਰੇਮ ਸਿੰਘ ਸੇਖੋਂ ਨੇ ਸਪਸ਼ੱਟ ਕੀਤਾ ਕਿ ਹੁਣ ਇਹਨਾ 5 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਅੱਗੇ ਆਵੇਗੀ ਕਿਉਕਿ ਲਖਵਿੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਲੋਕਾਂ ਵਿੱਚ ਵਿਚਰਨ ਵਾਲੇ ਆਗੂ ਹਨ। ਪਰੇਮ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੀਆਂ ਤਕਰੀਬਨ ਸਾਰੀਆਂ ਚੋਣਾਂ ਵਿੱਚ ਉਹਨਾਂ ਨੇ ਇਹ ਦੇਖਿਆ ਹੈ ਕਿ ਲਖਵਿੰਦਰ ਸਿੰਘ ਨੇ ਹਰ ਪੱਖ ਤੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਹੁਤ ਭੱਜ ਨੱਠ ਕੀਤੀ ਸੀ। ਇਸ ਮੌਕੇ ਸਰਪੰਚ ਅਲਬੇਲ ਸਿੰਘ ਘਮਣੇਵਾਲ ਅਤੇ ਪੰਚ ਗਗਨਦੀਪ ਸਿੰਘ ਘਮਣੇਵਾਲ ਅਦਿ ਹਾਜਰ ਸਨ।

ਅਮਰੀਕਾ ਦੇ ਐਨ ਆਰ ਆਈਜ਼ ਗੁੜੇ ਪਿੰਡ ਦੇ ਖੇਡ ਮੇਲੇ ਤੇ ਨੋਟਾਂ ਦਾ ਮੀਂਹ ਵਰ੍ਹਾਉਣਗੇ —ਪ੍ਰਧਾਨ ਸਰਬਜੀਤ ਸਿੰਘ

ਨਵੀਂ ਪੰਚ ਕਿਹਾ—ਖੇਡ ਮੇਲੇ ਤੇ ਇਹਨਾ ਦਾ ਵੱਡਾ ਸਹਿਯੋਗ
ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ) ਸਵੱਦੀ ਕਲਾਂ ਦੇ ਲਾਗਲੇ ਪਿੰਡ ਗੁੜੇ ਚ ਦਿਨ ਐਂਤਵਾਰ 3 ਦਸੰਬਰ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਖੇਡ ਮੇਲੇ ਨੂੰ ਨੇਪਰੇ ਚਾੜ੍ਹਨ ਵਾਸਤੇ ਪਿੰਡ ਦੇ ਵੱਡੀ ਗਿਣਤੀ ਐਨ ਆਰ ਆਈਜ਼ ਵੀਰਾਂ ਦਾ ਵੱਡਾ ਸਹਿਯੋਗ ਹੈ ਜਿਹਨਾਂ ਵਿੱਚ ਗੁਰਸੇਵਕ ਸਿੰਘ ਅਮਰੀਕਾ, ਵੀਰਦਵਿੰਦਰ ਸਿੰਘ ਅਮਰੀਕਾ,ਤੀਰਥ ਸਿੰਘ ਬੜੈਚ ਅਮਰੀਕਾ ਅਤੇ ਵਿੱਕੀ ਮਾਨ ਅਮਰੀਕਾ ਆਦਿ ਵੀਰਾਂ ਦੇ ਅਸੀਂ ਧੰਨਵਾਦੀ ਹਾਂ ਕਿਉਕਿ ਇਹਨਾ ਵੀਰਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਹੁੰਦਿਆਂ ਵੀ ਸਾਡੇ ਇਸ ਖੇਡ ਮੇਲੇ ਤੇ ਮਾਇਕ ਸਹਾਇਤਾ ਭੇਜੀ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਬਜੀਤ ਸਿੰਘ ਤੇ ਨਵੀਂ ਪੰਚ ਨੇ ਗੱਲਬਾਤ ਕਰਦਿਆਂ ਕੀਤਾ। ਇਹਨਾ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਪਿੰਡ ਵਾਸੀ ਇਹਨਾ ਐਨ ਆਰ ਆਈਜ਼ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਊਕਿ ਜਦੋਂ ਵੀ ਕੋਈ ਸਾਂਝਾ ਕੰਮ ਕਰਨਾ ਹੁੰਦਾ ਹੈ ਤਾਂ ਉਸ ਵਾਸਤੇ ਮਾਇਕ ਸਹਾਇਤਾ ਦੀ ਬਹੁਤ ਵੱਡੀ ਜਰੂਰਤ ਹੁੰਦੀ ਹੈ ਜਿਸ ਨੂੰ ਇਹਨਾ ਐਨ ਆਰ ਆਈਜ਼ ਭਰਾਵਾਂ ਨੇ ਪੂਰਾ ਕੀਤਾ ਹੈ।ਮੈਬਰ ਪੰਚਾਇਤ ਨਵੀਂ ਅਤੇ ਸਰਬਜੀਤ ਸਿੰਘ ਪ੍ਰਧਾਨ ਨੇ ਸ਼ੋਸ਼ਲ ਮੀਡੀਏ ਰਾਹੀਂ ਅਤੇ ਪ੍ਰਿੰਟ ਮੀਡੀਆ ਰਾਹੀਂ ਇਹ ਵੀ ਦਸਿਆ ਕਿ ਐਨ ਆਰ ਆਈਜ਼ ਵੀਰਾਂ ਦੀ ਸਹੂਲਤ ਵਾਸਤੇ ਇਹ ਖੇਡ ਮੇਲਾ ਆਨ ਲਾਈਨ ਸ਼ੋਸ਼ਲ ਮੀਡੀਏ ਰਾਹੀਂ  ਨਾਲ ਦੀ ਨਾਲ ਲਾਈਵ ਦੇਖਿਆ ਜਾ ਸਕਦਾ ਹੈ। ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਸਾਡੇ ਨਗਰ ਗੁੜੇ ਦੇ ਐਨ ਆਰ ਆਈਜ਼ ਹਰ ਸਮੇਂ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਅਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮਾਂ ਚ ਵੀ ਹਮੇਸ਼ਾ ਯੋਗਦਾਨ ਪਾਉਂਦੇ ਰਹਿੰਦੇ ਹਨ। ਗੁੜੇ ਪਿੰਡ ਦੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਇਸ ਕਬੱਡੀ ਕੱਪ ਤੇ ਕਿਸੇ ਵੀ ਖਿਡਾਰੀ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਹਰ ਇਕ ਕਬੱਡੀ ਟੀਮ ਨਾਲ ਇਨਸਾਫ਼ ਹੋਵੇਗਾ।

ਬੇਅੰਤ ਨੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਬਾਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ,ਮਾਨ ਵੱਡਾ ਇਨਕਲਾਬੀ ਇਨਸਾਫ਼ ਨਹੀਂ ਦਿੰਦਾ - ਭਾਈ ਫਰਾਂਸ, ਐਡਵੋਕੇਟ ਚਾਹਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,29 ਨਵੰਬਰ (ਸਤਵਿੰਦਰ  ਸਿੰਘ ਗਿੱਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ 'ਚ ਹਾਜ਼ਰੀ ਭਰਨ ਲਈ ਸਰਾਭਾ ਪੰਥਕ ਮੋਰਚੇ ਦੇ ਜੁਝਾਰੂ ਆਗੂ ਪਹੁੰਚੇ 31 ਸਿੰਘਾਂ ਦਾ ਜੱਥਾ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਜਾਂਦੇ ਸਮੇਂ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਬੰਦੀ ਸਿੰਘ ਰਿਹਾ ਕਰੋ, ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਨਾਰਿਆਂ ਨਾਲ ਚੰਡੀਗੜ੍ਹ ਦੇ ਬਾਰਡਰ ਤੇ ਗੂੰਜਾਂ ਪਾਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਬਲਦੇਵ ਸਿੰਘ  ਸਰਾਭਾ, ਦਰਸ਼ਨ ਸਿੰਘ ਰਕਬਾ, ਹਵਾਰਾ ਕਮੇਟੀ ਲੁਧਿਆਣਾ ਦੇ ਕਨਵੀਨਰ ਭਾਈ ਅਮਰ ਸਿੰਘ ਜੜਾਹਾਂ ਨੇ ਆਖਿਆ ਕਿ ਸਮੁੱਚੀ ਸਿੱਖ ਕੌਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਘਰ ਪਾ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰਾਂ ਅੱਗੇ ਰੋਸ ਮੁਜਾਰੇ ਕਰ ਰਹੇ ਹਨ । ਪਰ ਨਿਕੰਮੀਆਂ ਸਰਕਾਰਾਂ ਸਾਡੀਆਂ ਮੰਗਾਂ ਵੱਲ ਗੌਰ ਕਰਨ ਦੀ ਬਜਾਏ ਸਾਨੂੰ ਲਾਰੇ ਲਾ ਕੇ ਸਾਰ ਦੀਆਂ ਹਨ। ਜਦਕਿ ਕੇਂਦਰ ਦੀ ਭਾਜਪਾ ਸਰਕਾਰ ਤਾਂ ਸਿੱਖਾਂ ਨੂੰ ਆਪਣੇ ਦੇਸ਼ ਦੇ ਬਿਸ਼ਨਿੰਦੇ ਹੀ ਮੰਨਣ ਨੂੰ ਤਿਆਰ ਨਹੀਂ ਜਿਸ ਦੀ ਮਿਸਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖੜ ਕੇ ਇਹ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਅਸੀਂ ਜਲਦ ਰਿਹਾ ਕਰਾਂਗੇ। ਪਰ ਉਨਾਂ ਦਾ ਸਿੱਖ ਕੌਮ ਨਾਲ ਕੀਤਾ ਵਾਅਦਾ ਵੀ ਲਾਰਾ ਹੀ ਨਿਕਲਿਆ। ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੀ ਮੋਦੀ ਦੇ ਰਾਹ ਤੇ ਚੱਲਦਾ ਹੋਇਆ ਸਿੱਖਾਂ ਨੂੰ ਮੁੱਢ ਤੋਂ ਭਲਾਈ ਬੈਠਾ ਹੈ । ਜਿਸ ਦੀ ਮਿਸਾਲ ਕਿ ਕੌਮੀ ਹੱਕਾਂ ਲਈ 7 ਜਨਵਰੀ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਜੋ ਹਰ ਰੋਜ਼ ਵੱਡੇ ਜਥੇ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਜਾਂਦੇ ਹਨ । ਪਰ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਰਾਸਤੇ ਵਿੱਚ ਰੋਕ ਲਏ ਜਾਂਦੇ ਹਨ। ਸਮੁੱਚੀ ਸਿੱਖ ਕੌਮ ਦੇ ਜੁਝਾਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਨ ਲਈ ਸਰਕਾਰਾਂ ਨੂੰ ਲਾਹਣਤਾਂ ਪਾਉਂਦੇ ਹਨ। ਇਸ ਸਮੇਂ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਸੀਨੀਅਰ ਆਗੂ ਐਡਵੋਕੇਟ ਅਮਰ ਸਿੰਘ ਚਾਹਲ ਵੱਲੋਂ ਸਰਾਭਾ ਪੰਥਕ ਮੋਰਚੇ ਤੇ ਜੁਝਾਰੂ ਆਗੂਆਂ ਦੇ ਸਹਿਯੋਗ ਕਰਦਿਆਂ ਹਾਜ਼ਰੀ ਭਰੀ। ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਗਰੀ ਦੇ ਨੇੜਲੇ ਪਿੰਡਾਂ ਤੋਂ ਲੋਕ ਜਦੋਂ ਵੀ ਮੋਰਚੇ ਵਿੱਚ ਆਪਣੀ ਹਾਜ਼ਰੀ ਭਰਨ ਆਉਂਦੇ ਹਨ ਤਾਂ ਉਹ ਪੂਰੇ ਮੋਰਚੇ ਨੂੰ ਚੜਦੀ ਕਲਾ ਵਿੱਚ ਲੈ ਜਾਂਦੇ ਹਨ। ਬਾਕੀ ਸਾਨੂੰ ਗੁਰੂ ਤੇ ਭਰੋਸਾ ਹੈ ਉਹ ਸਾਡੇ ਇਸ ਕਾਰਜ ਨੂੰ ਜਰੂਰ ਸਫਲ ਕਰਨਗੇ। ਬਾਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਖ ਲਾਹਣਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਮਰਵਾਉਣ ਲਈ ਡੱਕੇ ਭਰਦਾ ਵੀ ਸਹਿਯੋਗ ਕਰਨ ਨੂੰ ਤਿਆਰ ਨਹੀਂ। ਜਦਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹੀ ਭਗਵੰਤ ਮਾਨ ਬੜੇ ਦਮ ਗਜੇ ਮਾਰਦਾ ਸੀ ਕਿ ਸਾਡੀ ਆਪ ਪਾਰਟੀ ਦੀ ਸਰਕਾਰ ਬਣਾ ਦਿਓ ਕਿਸੇ ਨੂੰ ਵੀ ਸੜਕਾਂ ਤੇ ਰੋਸ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ। ਪਰ ਦੁੱਖ ਵਾਲੀ ਗੱਲ ਇਹ ਤਾਂ ਬਾਦਲ ਅਤੇ ਬੇਅੰਤ ਬੁੱਚੜ  ਨੂੰ ਵੀ ਮਾਤ ਪਾ ਗਿਆ । ਬੇਅੰਤ ਨੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਬਾਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ, ਭਗਵੰਤ ਮਾਨ ਵੱਡਾ ਇਨਕਲਾਬੀ ਇਨਸਾਫ ਨਹੀਂ ਦਿੰਦਾ। ਕੇਂਦਰ ਦੀ ਗੱਠ ਪੁਤਲੀ ਬਣ ਕੇ ਭਗਵੰਤ ਮਾਨ ਪੰਜਾਬ ਦੇ ਪੈਸੇ ਦੀ ਬਰਬਾਦੀ ਜ਼ੋਰਾਂ ਤੇ ਕਰ ਰਿਹੇ ਹਨ । ਜਦਕਿ ਅਸੀਂ ਹਾਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਹੱਕੀ ਮੰਗਾਂ ਲਈ  ਅਪੀਲਾਂ ਦਲੀਲਾਂ ਕਰ ਰਹੇ ਹਾਂ ਤਾਂ ਜੋ ਇਹ ਪਹਿਲਾਂ ਵਾਲੇ ਮੁੱਖ ਮੰਤਰੀ ਦੀ ਹਿਸਟਰੀ ਪੜ੍ਹ ਕੇ ਦੇਖ ਲੈਣ ਅੰਜਾਮ ਬਹੁਤਣੇ ਪੈਂਦੇ ਹਨ। ਇਸ ਮੌਕੇ ਬਾਬਾ ਜੱਗੀ ਸਿੰਘ ਪੰਧੇਰ, ਭੁਪਿੰਦਰ ਸਿੰਘ ਨਾਰੰਗਵਾਲ, ਤੇਜਵੀਰ ਸਿੰਘ, ਪਰਮਜੀਤ ਸਿੰਘ ਦਵਿੰਦਰ ਸਿੰਘ ਭਨੋਹੜ, ਜਗਜੀਤ ਸਿੰਘ, ਬੀਬੀ ਨਵਜੋਤ ਕੌਰ, ਦਰਸ਼ਨ ਸਿੰਘ ਫੌਜੀ ਰਕਬਾ, ਪਿਸੌਰਾ ਸਿੰਘ ਦਾਖਾ, ਸ਼ੇਰ ਸਿੰਘ ਕਨੇਚ, ਕਮਲਪ੍ਰੀਤ ਸਿੰਘ ਧੂਰਕੋਟ ਸੁਖਪਾਲ ਸਿੰਘ ਫੱਲੇਵਾਲ, ਜਗਤਾਰ ਸਿੰਘ, ਅਮਰਜੀਤ ਸਿੰਘ, ਜਸਪਿੰਦਰਜੀਤ ਸਿੰਘ, ਸਰਪੰਚ ਸਵਾਰਨ ਸਿੰਘ ਜੁੜਾਹਾ, ਜਥੇਦਾਰ ਪ੍ਰਥਪਾਲ ਸਿੰਘ ਰਛੀਨ, ਭੋਲਾ ਸਿੰਘ ਜੁੜਾਹਾ, ਸੁਖਦੇਵ ਸਿੰਘ ਧੂਰਕੋਟ, ਹਰਜੀਤ ਸਿੰਘ ਧੂਰਕੋਟ, ਜਸਵੀਰ ਸਿੰਘ ਕਾਲਖ, ਗੁਰਮੇਲ ਸਿੰਘ ਜੜਾਹਾਂ, ਕ੍ਰਿਸ਼ਨ, ਅਮਨਦੀਪ ਸਿੰਘ, ਬਲਜਿੰਦਰ ਸਿੰਘ ਖਾਲਸਾ, ਰਣਜੋਧ ਸਿੰਘ ਹਵਾਰਾ, ਗੁਰਚਰਨ ਸਿੰਘ ਹਸਨਪੁਰ, ਕਰਨੈਲ ਸਿੰਘ, ਜੋਗਿੰਦਰ ਸਿੰਘ, ਫੱਲੇਵਾਲ, ਸੁਰਜੀਤ ਸਿੰਘ, ਜਥੇਦਾਰ ਪਰਮਜੀਤ ਸਿੰਘ, ਕੁਲਵੀਰ ਸਿੰਘ, ਗੁਰਮੁਖ ਸਿੰਘ, ਜੁਝਾਰ ਸਿੰਘ, ਬਲਵਿੰਦਰ ਸਿੰਘ ਗੁੱਡੂ, ਇੰਦਰਜੀਤ ਸਿੰਘ ਆਦਿ ਜੁਝਾਰੂ ਸਿੰਘਾਂ ਨੇ ਹਾਜ਼ਰੀ ਭਰੀ।

ਅਗਲੇ 36 ਘੰਟਿਆਂ ਦੌਰਾਨ ਮੀਂਹ ਦੀ ਸੰਭਾਵਨਾ 

ਲੁਧਿਆਣਾ, 29 ਨਵੰਬਰ (ਟੀ. ਕੇ. )- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਜਾ ਵੈਸਟਰਨ ਡਿਸਟਰਬੇੰਸ ਦੇ ਪ੍ਰਭਾਵ ਹੇਠ ਸਮੁੱਚੇ ਪੰਜਾਬ  'ਚ ਆਗਾਮੀ 24 ਤੋਂ 36 ਘੰਟਿਆਂ ਦੌਰਾਨ ਗਰਜ-ਚਮਕ ਨਾਲ ਹਲਕਾ ਮੀਂਹ ਪਵੇਗਾ, ਜਿਸ ਨਾਲ ਦਿਨ ਦਾ ਪਾਰਾ 20 ਡਿਗਰੀ ਤੱਕ ਉੱਤਰ ਆਵੇਗਾ। ਸਿਸਟਮ ਦੇ ਤੇਜੀ ਨਾਲ਼ ਅੱਗੇ ਲੰਘਣ ਉਪਰੰਤ, ਚੜ੍ਹਦੇ ਦਸੰਬਰ, ਸ਼ੁੱਕਰਵਾਰ ਸਵੇਰ ਸੂਬੇ ਦੇ ਕਈ ਇਲਾਕਿਆਂ ਚ ਸੀਜ਼ਨ ਦੀ ਪਹਿਲੀ ਧੁੰਦ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ  ਫਿਰੋਜ਼ਪੁਰ, ਤਰਨਤਾਰਨ, ਮੋਗਾ, ਬਰਨਾਲਾ, ਲੁਧਿਆਣਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਦੇ ਹਿੱਸਿਆਂ ਚ ਦਰਮਿਆਨੀ ਬਰਸਾਤ ਸੰਭਾਵਿਤ ਹੈ, ਇੱਕ ਦੋ ਜਗ੍ਹਾ ਗੜੇ ਪੈਣ ਤੋਂ ਇਨਕਾਰ ਨਹੀਂ।
 ਦਸੰਬਰ ਚੜ੍ਹਨ ਵਾਲ਼ਾ ਹੈ ਤੇ ਮੀਂਹ ਤੋਂ ਬਾਅਦ ਰਾਤਾਂ ਠੰਢੀਆਂ ਹੋਣੀਆਂ ਲਾਜ਼ਮੀ ਹਨ, ਪਰ ਫਿਲਹਾਲ ਪਾਰੇ ਚ ਤੇਜੀ ਨਾਲ਼ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ।

ਪੰਜਾਬ ਵਿਚ 28 ਦਸੰਬਰ ਨੂੰ ਛੁੱਟੀ ਦਾ ਐਲਾਨ

ਲੁਧਿਆਣਾ, 29 ਨਵੰਬਰ (ਟੀ. ਕੇ.) ਪੰਜਾਬ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਨਮਾਨ ਵਿਚ 28 ਦਸੰਬਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਅਰਜਨਟੀਨਾ ਅੰਬੈਸੀ ਦੇ ਪ੍ਰਤੀਨਿਧੀ ਵਲੋਂ ਪੰਜਾਬ ਦਾ ਸਫਲ ਦੌਰਾ

ਲੁਧਿਆਣਾ, 26 ਨਵੰਬਰ (ਟੀ. ਕੇ. ) - ਇੱਕ ਸਰਗਰਮ ਪਹਿਲਕਦਮੀ ਤਹਿਤ, ਅਰਜਨਟੀਨਾ ਦੇ ਦੂਤਾਵਾਸ ਦੇ ਸ਼੍ਰੀ ਮਾਰੀਆਨੋ ਬੇਹਰਨ ਨੇ ਇੱਕ ਟੀਮ ਦੇ ਨਾਲ ਪੰਜਾਬ ਦਾ ਦੋ ਦਿਨਾ ਦੌਰਾ ਕੀਤਾ, ਜਿਸਦਾ ਤਾਲਮੇਲ ਆਈ.ਸੀ.ਏ.ਆਰ-ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ (ਏ.ਟੀ.ਏ.ਆਰ.ਆਈ), ਜ਼ੋਨ-1 ਲੁਧਿਆਣਾ ਦੇ ਡਾਇਰੈਕਟਰ ਡਾ. ਪਰਵੇਂਦਰ ਸ਼ਿਓਰਾਨ ਦੁਆਰਾ ਕੀਤਾ ਗਿਆ। ਦੌਰੇ ਦਾ ਉਦੇਸ਼ ਖੇਤਰ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨੂੰ ਵੇਖਣਾ ਅਤੇ ਸਮਝਣਾ ਸੀ।

ਦਿੱਲੀ ਅਤੇ ਹਰਿਆਣਾ ਦੇ ਨੁਮਾਇੰਦਿਆਂ ਸਮੇਤ ਇੱਕ ਟੀਮ ਦੇ ਨਾਲ, ਸ੍ਰੀ ਮਾਰੀਆਨੋ ਦਾ ਯਾਤਰਾ ਪ੍ਰੋਗਰਾਮ ਸਮਝਦਾਰੀ ਨਾਲ ਭਰਿਆ ਹੋਇਆ ਸੀ। ਪਹਿਲੇ ਦਿਨ ਟੀਮ ਨੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਬਿਜਾਈ ਲਈ ਹੈਪੀ ਸੀਡਰ, ਸਮਾਰਟ ਸੀਡਰ, ਅਤੇ ਸੁਪਰ ਸੀਡਰ ਵਰਗੇ ਵੱਖ-ਵੱਖ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਕਾਰਜ਼ਾਂ ਨੂੰ ਦੇਖਿਆ। ਟੀਮ ਨੇ ਇਨ੍ਹਾਂ ਅਭਿਆਸਾਂ ਦੀ ਪ੍ਰਭਾਵਸ਼ੀਲਤਾ ਬਾਰੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਕਿਸਾਨਾਂ ਨੂੰ ਚੌਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਸਥਾਪਤ ਸਿਖਲਾਈ ਪਲੇਟਫਾਰਮਾਂ ਦਾ ਦੌਰਾ ਕੀਤਾ। ਡਾ ਪਰਵਿੰਦਰ ਸ਼ਿਓਰਾਨ ਅਤੇ ਡਾ. ਵਿਪਨ ਰਾਮਪਾਲ ਨੇ ਇਨ੍ਹਾਂ ਪਲੇਟਫਾਰਮਾਂ ਦੀ ਮਹੱਤਤਾ ਬਾਰੇ ਦੱਸਿਆ, ਫਸਲਾਂ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ 'ਤੇ ਲੰਬੇ ਸਮੇਂ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

ਦੌਰੇ ਦੇ ਦੂਜੇ ਦਿਨ, ਸ੍ਰੀ ਮਾਰੀਆਨੋ ਅਤੇ ਟੀਮ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਣਯੋਗ ਵਾਈਸ-ਚਾਂਸਲਰ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜੇ ਹੋਏ ਸਨ, ਜਿੱਥੇ ਇੱਕ ਵਿਆਪਕ ਪੇਸ਼ਕਾਰੀ ਨੇ ਚੌਲਾਂ ਦੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਮਸ਼ੀਨਰੀ ਅਤੇ ਤਕਨੀਕਾਂ ਦੇ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਟੀਮ ਨੇ ਲੁਧਿਆਣਾ ਵਿੱਚ ਕਿਸਾਨ ਸਤਨਾਮ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿਨ੍ਹਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ 150 ਏਕੜ ਰਕਬੇ ਵਿੱਚ ਕਣਕ ਅਤੇ ਆਲੂ ਦੀ ਸਫਲਤਾਪੂਰਵਕ ਕਾਸ਼ਤ ਕੀਤੀ ਹੈ। ਦੌਰੇ ਦੌਰਾਨ, ਸ੍ਰੀ ਮਾਰੀਆਨੋ ਨੇ ਝੋਨੇ ਦੀ ਵਾਢੀ ਅਤੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦੇ ਵਿਚਕਾਰ ਸੀਮਤ ਸਮੇਂ ਦੀ ਵਿੰਡੋ 'ਤੇ ਵਿਸ਼ੇਸ਼ ਧਿਆਨ ਦੇ ਕੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ। ਕਿਸਾਨਾਂ ਨੇ ਮਸ਼ੀਨਰੀ ਦੀ ਸਮੇਂ ਸਿਰ ਉਪਲਬਧਤਾ ਦੀ ਅਹਿਮ ਲੋੜ 'ਤੇ ਜ਼ੋਰ ਦਿੱਤਾ ਅਤੇ ਉੱਚ ਸ਼ੁਰੂਆਤੀ ਨਿਵੇਸ਼ ਅਤੇ ਸੰਚਾਲਨ ਲਾਗਤਾਂ ਨਾਲ ਜੁੜੀਆਂ ਵਿੱਤੀ ਰੁਕਾਵਟਾਂ 'ਤੇ ਚਰਚਾ ਕੀਤੀ।

ਚੌਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਟਾਰੀ, ਪੀ.ਏ.ਯੂ. ਅਤੇ ਕ.ੇਵੀ.ਕੇ. ਦੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ, ਸ੍ਰੀ ਮਾਰੀਆਨੋ ਨੇ ਪੰਜਾਬ ਦੇ ਕਿਸਾਨਾਂ ਦੀ ਉਨ੍ਹਾਂ ਦੇ ਸਮਰਪਣ ਲਈ ਸ਼ਲਾਘਾ ਕੀਤੀ। ਇਹ ਦੌਰਾ ਗਿਆਨ ਅਤੇ ਤਜ਼ਰਬਿਆਂ ਦੇ ਵਡਮੁੱਲੇ ਅਦਾਨ-ਪ੍ਰਦਾਨ ਰਾਹੀਂ, ਟਿਕਾਊ ਖੇਤੀ ਅਭਿਆਸਾਂ ਵਿੱਚ ਅਰਜਨਟੀਨਾ ਅਤੇ ਪੰਜਾਬ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਦੇਸ਼ਭਗਤ ਸੂਰਮਿਆਂ ਦੀ ਯਾਦ ਵਿੱਚ ਸਕੂਲਾਂ ਦੇ ਨਾਮਕਰਣ ਸਾਡੀ ਸਰਕਾਰ ਦੀ ਪਹਿਲ— ਹਰਜੋਤ ਸਿੰਘ ਬੈਂਸ

ਲੁਧਿਆਣਾ, 26 ਨਵੰਬਰ (ਜਨ ਸ਼ਕਤੀ ਨਿਊਜ਼ ਬਿਊਰੋ )ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸਃ ਹਰਜੋਤ ਸਿੰਘ ਬੈਂਸ ਨੂੰ ਬੀਤੀ ਸ਼ਾਮ ਆਨੰਦਪੁਰ ਸਾਹਿਬ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਵਫ਼ਦ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਅਗਵਾਈ ਵਿੱਚ ਮਿਲਿਆ। ਵਫ਼ਦ ਵਿੱਚ ਸ਼ਾਮਿਲ ਪ੍ਰਤੀਨਿਧਾਂ ਸਃ ਗੁਰਨਾਮ ਸਿੰਘ ਧਾਲੀਵਾਲ,ਚੇਅਰਮੈਨ ਪ੍ਰੋਃ ਮੇਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ, ਜਗਜਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ(ਲੁਧਿਆਣਾ) ਤੇ ਦਿਲਬਾਗ ਸਿੰਘ ਭੱਟੀ ਖਤਰਾਏ ਕਲਾਂ(ਅੰਮ੍ਰਿਤਸਰ) ਨੇ ਮੰਗ ਕੀਤੀ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਮਕਰਨ ਉੱਘੇ ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਦੇ ਨਾਮ ਤੇ ਰੱਖਿਆ ਜਾਵੇ। ਇਸ ਸਬੰਧੀ ਸਕੂਲ, ਪਿੰਡ ਪੰਚਾਇਤ, ਜ਼ਿਲ੍ਹਾ ਸਿੰਖਿਆ ਅਫ਼ਸਰ, ਡਿਪਟੀ ਕਮਿਸ਼ਨਰ ਸਾਹਿਬ ਦੇ ਸਿਫ਼ਾਰਸੀ ਪੱਤਰ ਅਤੇ ਹਲਕਾ ਅਜਨਾਲਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਦੇ ਸਿਫ਼ਾਰਸ਼ੀ ਪੱਤਰ ਵੀ ਸਿੱਖਿਆ ਤੇ ਭਾਸ਼ਾ ਮੰਤਰੀ ਸਃ ਹਰਜੋਤ ਸਿੰਘ ਬੈਂਸ ਨੂੰ ਸੌਂਪਿਆ। 
ਸਃ ਬੈਂਸ ਨੇ ਵਿਸ਼ਵਾਸ ਦਿਵਾਇਆ ਕਿ ਦੇਸ਼ ਭਗਤ ਸੂਰਮਿਆਂ ਦੇ ਨਾਮ ਤੇ ਵਿਦਿਅਕ ਅਦਾਰਿਆਂ ਦੇ ਨਾਮਕਰਣ ਕਰਨਾ ਸਾਡੀ ਸਰਕਾਰ ਦੀ ਨੀਤੀ ਹੈ। ਇਸੇ ਨੀਤੀ ਅਨੁਸਾਰ ਆਉਂਦੇ ਦਿਨਾ ਵਿੱਚ ਇਹ ਕਾਰਜ ਨੇਪਰੇ ਚਾੜ੍ਹਿਆ ਜਾਵੇਗਾ।

ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦਾ ਸਲਾਨਾ ਸਮਾਗਮ ਸ਼ਾਨਦਾਰ ਰਿਹਾ ਸਕੂਲ ਮੇਰੇ ਲਈ ਤੀਰਥ ਅਸਥਾਨ ਵਾਂਗ ਹੈ - ਕਰਨਲ ਅਮਰਜੀਤ ਸਿੰਘ (ਪਿੰ੍ਰੰਸੀਪਲ)

 ਲੁਧਿਆਣਾ 26 ਨਵੰਬਰ (ਕਰਨੈਲ ਸਿੰਘ ਐੱਮ.ਏ) ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਸੱਭਿਆਚਾਰਕ ਸਮਾਗਮ ਬਹੁਤ ਵੱਡਾ ਹਿੱਸਾ ਪਾਉਂਦੇ ਹਨ।ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ (ਲੁਧਿਆਣਾ) ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ ਬਹੁਤ ਸ਼ਾਨਦਾਰ ਰਿਹਾ।

ਸ਼੍ਰੀ ਵਰਿੰਦਰ ਮਿੱਤਲ ਚੇਅਰਮੈਨ ਪ੍ਰੇਰਨਾ ਪੀਠ ਅਤੇ ਉੱਘੇ ਸਮਾਜ ਸੇਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸਕੂਲ ਇੰਚਾਰਜ ਸ੍ਰੀਮਤੀ ਕਵਿਤਾ ਟਾਕ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਦੱਸਿਆ।ਮੰਚ ਸੰਚਾਲਨ ਦਾ ਕਾਰਜ਼ ਕਰਮਜੀਤ ਸਿੰਘ ਗਰੇਵਾਲ ( ਸਟੇਟ/ਨੈਸ਼ਨਲ ਅਵਾਰਡੀ) ਅਤੇ ਸਰਿਤਾ ਗੁਪਤਾ ਨੇ ਬਾਖੂਬੀ ਨਿਭਾਇਆ। ਸ੍ਰੀ ਸੁਦਾਗਰ ਅਲੀ (ਪੀ.ਸੀ.ਆਰ) ਇੰਚਾਰਜ, ਕਰਨਲ ਅਮਰਜੀਤ ਸਿੰਘ (ਸਾਬਕਾ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ, ਡਾ.ਵਿਜੈ ਅਸਧੀਰ ਸਾਬਕਾ ਪ੍ਰਿੰਸੀਪਲ ਕਮਲਾ ਲੋਟੀਆ ਕਾਲਜ, ਸਰਪੰਚ ਰਾਜਿੰਦਰ ਰਾਜਾ ਖੇੜੀ, ਸ਼੍ਰੀ ਸਤਿਆਪਾਲ ਵਾਸਨ (ਸੇਵਾ ਸੰਸਥਾਨ ਦੇਹਰਾਦੂਨ) ਸ਼੍ਰੀਮਤੀ ਵੰਦਨਾ ਤੇ ਅਮਨਦੀਪ ਕੌਰ (ਗੁਰੁ ਤੇਗ ਬਹਾਦਰ ਸਿੱਖਿਆ ਸੰਸਥਾਨ ਓਮੈਕਸ) ਗੁਰਦੀਪ ਮੰਡਾਹਰ (ਲੇਖਕ ਤੇ ਪ੍ਰਕਾਸ਼ਕ), ਐਸ.ਐਮ.ਸੀ ਚੇਅਰਮੈਨ ਸੁਰਿੰਦਰ ਕੌਰ, ਸ੍ਰੀਮਤੀ ਦਲਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਾਯੂੰਪੁਰ, ਪ੍ਰੀਤ ਕਮਲ ਕੌਰ ਖੇੜੀ, ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸਟਾਫ, ਪੰਚ ਭਰਪੂਰ ਸਿੰਘ, ਸੋਮਨਾਥ ਸਿੰਘ ਖੇੜੀ ਨੇ ਸਮਾਗਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ। ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲ਼ੇ ਸਕੂਲ ਦੇ ਹੋਣਹਾਰ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਆਰਤੀ, ਗੁਰਦਾਸ ਖੇੜੀ ਦੇ ਨਾਂ ਵਰਨਣਯੋਗ ਹਨ। ਸਕੂਲ ਦੇ ਵਿਿਦਆਰਥੀਆਂ ਵੱਲੋਂ ਗੀਤ, ਭਾਸ਼ਣ, ਗਿੱਧਾ, ਭੰਗੜਾ, ਕੋਰੀਓਗਰਾਫੀਆਂ ਦੀਆਂ ਪੇਸ਼ਕਾਰੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਪੰਜਾਬ ਦੀ ਮਿੱਟੀ, ਪੰਜਾਬ ਦਾ ਇਤਿਹਾਸ, ਲੋਕ ਖੇਡਾਂ, ਸਕੂਲ ਪ੍ਰਤੀ ਪਿਆਰ, ਵਾਤਾਵਰਨ ਆਦਿ ਵਿਿਸ਼ਆਂ ਨੂੰ ਵਿਿਦਆਰਥੀਆਂ ਨੇ ਖੂਬਸੂਰਤ ਢੰਗ ਨਾਲ਼ ਪੇਸ਼ ਕੀਤਾ।ਨਾਟਕ ਦੌੜ ਅਤੇ ਨੁੱਕੜ ਨਾਟਕ ਇੰਟਰਨੈੱਟ ਦੀ ਪੇਸ਼ਕਾਰੀ ਵਧੀਆ ਰਹੀ। ਵਿਿਦਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਪਿੰ੍ਰੰਸੀਪਲ ਕਰਨਲ ਅਮਰਜੀਤ ਸਿੰਘ ਨੇ ਕਿਹਾ ਕਿ ਖੇੜੀ ਝਮੇੜੀ ਸਕੂਲ ਦੇ ਵਿਿਦਆਰਥੀਆਂ ਦੀ ਪ੍ਰਤਿਭਾ ਕਮਾਲ ਦੀ ਹੈ। ਸਕੂਲ ਮੇਰੇ ਲਈ ਤੀਰਥ ਅਸਥਾਨ ਵਾਂਗ ਹੈ।ਸ੍ਰੀ ਵਰਿੰਦਰ ਮਿੱਤਲ ਮਿੱਤਲ ਚੇਅਰਮੈਨ ਪ੍ਰੇਰਨਾ ਪੀਠ ਨੇ ਵਿਿਦਆਰਥੀਆਂ ਨੂੰ ਭਵਿੱਖ ਦੇ ਚਾਨਣ ਮੁਨਾਰੇ ਦੱਸਦਿਆਂ ਨੈਤਿਕ ਸਿੱਖਿਆ ਬਾਰੇ ਵਿਚਾਰ ਪੇਸ਼ ਕੀਤੇ। ਸ੍ਰੀ ਸੁਦਾਗਰ ਅਲੀ (ਪੀ.ਸੀ.ਆਰ) ਇੰਚਾਰਜ ਨੇ ਵਿਿਦਆਰਥੀਆਂ ਨੂੰ ਜ਼ਿੰਦਗੀ ਨਾਲ਼ ਜੋੜਦੀਆਂ ਕਵਿਤਾਵਾਂ ਪਾਣੀ, ਵਾਤਾਵਰਨ,  ਕਲਮ,ਸੁਣਾ ਕੇ ਉਤਸ਼ਾਹਿਤ ਕੀਤਾ।ਸਕੂਲ ਅਧਿਆਪਕ ਗੁਰਦਰਸ਼ਨ ਸਿੰਘ, ਸਰਿਤਾ ਕੁਲਵਿੰਦਰ ਹੌਰ, ਗੀਤਿਕਾ ਸਿੰਗਲਾ, ਮਨਦੀਪ ਕੌਰ, ਬਰਿੰਦਰ ਕੌਰ, ਰੁਪਾਲੀ, ਮਨਪ੍ਰੀਤ ਕੌਰ, ਸੁਪਰੀਤ ਸ਼ਰਮਾ, ਆਰਤੀ ਨੇ ਵਿਿਦਆਰਥੀਆਂ ਨੂੰ ਬਹੁਤ ਮਿਹਨਤ ਨਾਲ਼ ਤਿਆਰੀ ਕਰਵਾਈ।

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਭਾਰਤੀ ਸੰਵਿਧਾਨ ਦਿਵਸ”

ਬੀ.ਏ.ਐਲ.ਐਲ.ਬੀ. ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੇ ਜਿੱਤਿਆ ਕੁਇਜ਼ ਮੁਕਾਬਲਾ
ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)-
ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਵੱਲੋਂ “ਭਾਰਤੀ ਸੰਵਿਧਾਨ ਦਿਵਸ" ਵੱਖ-ਵੱਖ ਗਤੀਵਿਧੀਆਂ ਕਰਕੇ ਮਨਾਇਆ ਗਿਆ। ਇਸ ਮੌਕੇ “ਭਾਰਤੀ ਸੰਵਿਧਾਨ ਦਿਵਸ ” ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਅਜੈ ਗਾਂਧੀ, ਆਈ.ਏ.ਐਸ. ਐਸ.ਪੀ.(ਡੀ) ਬਠਿੰਡਾ ਨੇ ਬਤੌਰ ਮੁੱਖ ਮਹਿਮਾਨ ਤੇ ਕੁੰਜੀਵੱਤ ਬੁਲਾਰੇ ਵਜੋਂ ਵਿਚਾਰ ਰੱਖਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ, ਜੋ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ, ਆਜ਼ਾਦੀ ਅਤੇ ਨਿਆਂ ਦਾ ਭਰੋਸਾ ਦਿੰਦਾ ਹੈ। ਉਨ੍ਹਾਂ ਭਾਰਤੀ ਸੰਵਿਧਾਨ ਵਿੱਚ ਲਿੱਖੇ ਗਏ ਸ਼ਬਦ ਪ੍ਰਭੂਸਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ, ਗਣਰਾਜ, ਰਾਸ਼ਟਰੀ ਅਖੰਡਤਾ, ਨਿਆਂ ਦੀ ਸੁਤੰਤਰਤਾ, ਭਾਈਚਾਰੇ ਅਤੇ ਸਮਾਨਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕਿਹਾ। ਵਿਸ਼ੇਸ਼ ਮਹਿਮਾਨ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਲੋਕਤੰਤਰ ਵਿੱਚ ਨਿਆਂ ਪਾਲਿਕਾ ਦੇ ਮਹੱਤਵ ਅਤੇ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਸਭਨਾਂ ਨੂੰ ਮੌਲਿਕ ਅਧਿਕਾਰ ਅਤੇ ਕਰਤੱਵ ਦਿੱਤੇ ਹਨ। ਹੁਣ ਅਸੀਂ ਆਪਣੇ ਅਧਿਕਾਰਾਂ ਦੀ ਤਾਂ ਗੱਲ ਕਰਦੇ ਹਾਂ ਪਰ ਮੌਲਿਕ ਕਰਤੱਵਾਂ ਨੂੰ ਭੁੱਲ ਜਾਂਦੇ ਹਾਂ, ਉਨ੍ਹਾਂ ਸਭਨਾਂ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਮੌਲਿਕ ਕਰਤੱਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਪਰੋ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਸਵਾਗਤੀ ਭਾਸ਼ਣ ਵਿੱਚ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਭਾਰਤੀ ਸੰਵਿਧਾਨ ਬਾਰੇ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਬੀ.ਏ., ਐਲ.ਐਲ.ਬੀ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਪਹਿਲਾ ਅਤੇ ਬੀ.ਏ.ਐਲ.ਐਲ.ਬੀ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਵਾਦ-ਵਿਵਾਦ ਅਤੇ ਸਮੂਹ ਚਰਚਾ ਮੁਕਾਬਲੇ ਵਿੱਚ ਲਿਨਟਲ ਸੈਨਟੀ ਨੇ ਪਹਿਲਾ, ਹਰਮਨਦੀਪ ਕੌਰ ਨੇ ਦੂਜਾ ਅਤੇ ਫੈਜ਼ਲ, ਫਾਰਮੈਸੀ ਵਿਭਾਗ ਨੇ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨਾਲ ਸੰਬੰਧਿਤ ਵੱਖ-ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਡੀਨ, ਡਾ. ਗੁਰਪ੍ਰੀਤ ਕੌਰ ਅਤੇ ਫੈਕਲਟੀ ਆਫ਼ ਲਾਅ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।ਦੋ ਦਿਨ ਚੱਲੇ ਸਮਾਰੋਹ ਵਿੱਚ ਡੀ.ਐਸ.ਪੀ., ਤਲਵੰਡੀ ਸਾਬੋ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਡਾਕਟਰਾਂ ਅਤੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਲੋੜਵੰਦਾਂ ਦੇ ਇਲਾਜ ਲਈ ਅੱਗੇ ਆਉਣਾ ਚਾਹੀਦੈ-ਰੁਚੀ ਬਾਵਾ

 ਰਾਣਾ ਹਸਪਤਾਲ ਵਲੋਂ ਢੋਲੇਵਾਲ ਸਕੂਲ 'ਚ ਅੱਖ ਜਾਂਚ ਕੈਂਪ
ਲੁਧਿਆਣਾ, 24 ਨਵੰਬਰ (ਟੀ. ਕੇ.)
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਢੁੱਕਵੀਂਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਸਾਰੇ ਲੋਕਾਂ ਤੱਕ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਪਹੁੰਚਾਉਣ ਲਈ ਕੋਈ ਘਾਟ ਰਹਿ ਜਾਂਦੀ ਹੈ। ਇਹ ਵਿਚਾਰ ਉੱਘੀ ਸਮਾਜ ਸੇਵਿਕਾ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਸੂਬਾਈ ਆਗੂ ਰੁਚੀ ਬਾਵਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ /ਢੋਲੇਵਾਲ ਲੁਧਿਆਣਾ ਵਿਚ ਰਾਣਾ ਹਸਪਤਾਲ ਪੱਖੋਵਾਲ ਰੋਡ ਵਲੋਂ ਲਗਾਏ ਗਏ ਅੱਖ ਜਾਂਚ ਕੈਂਪ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਅੱਖ ਜਾਂਚ ਕੈਂਪ ਦੌਰਾਨ ਸ੍ਰੀਮਤੀ ਬਾਵਾ ਨੇ ਅੱਗੇ ਕਿਹਾ ਕਿ  ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਡਾਕਟਰੀ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਇਸ ਲਈ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੇ ਡਾਕਟਰਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਥੋੜ੍ਹਾ ਜਿਹਾ ਸਮਾਂ ਜਰੂਰ ਕੱਢਣ ਅਤੇ ਇਸੇ ਤਰ੍ਹਾਂ ਹੀ ਨਿੱਜੀ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਦਾ ਫਰਜ ਬਣਦਾ ਹੈ ਕਿ ਉਹ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੇ ਅਦਾਰਿਆਂ ਵਿੱਚ ਰਾਖਵੀਆਂ ਸੀਟਾਂ ਜਰੂਰ ਰੱਖਣ। ਇਸ ਮੌਕੇ ਉਨ੍ਹਾਂ ਆਪਣੀ ਐਨ ਜੀ ਓ ਆਸ-ਅਹਿਸਾਸ ਵਲੋਂ ਸਕੂਲ ਦੀ ਬਿਹਤਰੀ ਲਈ ਬਹੁਤ ਸਾਰੀ ਮਾਇਆ ਦਾ ਚੈੱਕ ਪ੍ਰਿੰਸੀਪਲ ਹਰਦੀਪ ਕੌਰ ਨੂੰ ਭੇਟ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਕੌਮਾਂਤਰੀ ਪੱਧਰ ਦੀ ਖਿਡਾਰਨ ਅਮਨਦੀਪ ਕੌਰ ਐੱਸ. ਪੀ. ਪੰਜਾਬ ਪੁਲਿਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਤੋਂ ਬਚਾਅ ਲਈ ਵੀ ਕਸਰਤ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਇਸ ਮੌਕੇ ਕੌਮੀ ਪੱਧਰ ਦੀ ਉੱਘੀ ਖਿਡਾਰਨ ਬਲਵਿੰਦਰ ਕੌਰ ਸੁਪਰਡੈਂਟ ਕਸਟਮ ਵਿਭਾਗ ਹਵਾਈ ਅੱਡਾ ਸਾਹਨੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਦੀ ਜਿੰਦਗੀ ਵਿੱਚ ਖੇਡਾਂ ਦੀ ਬਹੁਤ ਮਹੱਤਤਾ ਹੈ, ਕਿਉਂਕਿ ਖੇਡਾਂ ਜਿਥੇ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਦੀਆਂ ਹਨ, ਉਥੇ ਹੀ ਸਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀਆਂ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਸਮਾਜ ਵਿਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ। ਇਸ ਮੌਕੇ ਅੱਖ ਰੋਗਾਂ ਦੇ ਮਾਹਿਰ ਅਤੇ ਰਾਣਾ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ ਬਰਿਜਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅਤੇ ਕੋਮਲ ਅੰਗ ਹਨ, ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕਦੇ ਵੀ ਅੱਖ ਵਿਚ ਕੋਈ ਦਵਾਈ ਵਗੈਰਾ ਨਹੀਂ ਪਾਉਣੀ ਚਾਹੀਦੀ। ਇਸ ਮੌਕੇ ਉਨ੍ਹਾਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਰੀਰਕ ਕਸਰਤ ਨੂੰ ਅਪਣਾਉਣ ਲਈ ਜੋਰ ਦਿੱਤਾ। ਇਸ ਮੌਕੇ ਉਨ੍ਹਾਂ ਸਮੇਂ-ਸਮੇਂ 'ਤੇ ਅੱਖਾਂ ਦੀ ਡਾਕਟਰੀ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਡਾਕਟਰੀ ਟੀਮ ਵਲੋਂ ਲਗਭਗ 200 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀਆਂ ਅੱਖਾਂ ਵਿਚ ਨੁਕਸ ਪਾਇਆ ਗਿਆ। ਇਸ ਮੌਕੇ ਸੀਨੀਅਰ ਅਧਿਆਪਕ ਸ਼ਾਲੂ ਬਾਂਸਲ, ਰਜਵਿੰਦਰ ਕੌਰ, ਰਜਨੀ ਮਲਹੋਤਰਾ, ਮਨੀਸ਼ ਕੁਮਾਰ, ਰੁਪਿੰਦਰ ਸਿੰਘ, ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਹਰਪਿੰਦਰ ਸਿੰਘ ਅਤੇ ਜੋਤੀ ਨਾਹਰ ਸਮੇਤ ਸਮੂਹ ਸਟਾਫ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ ਗਿਆ।