3500 ਤੋਂ ਵਧੇਰੇ ਸੰਗਤ ਨੇ ਭਰੀ ਹਾਜ਼ਰੀ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਸ਼ੋਅ ਦਾ ਉਦਘਾਟਨ
ਲੁਧਿਆਣਾ,ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦਰਿਆ ਸਤਲੁੱਜ ਕਿਨਾਰੇ ਸ਼ਾਨਦਾਰ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼ ਹੋਇਆ, ਜਿਸ ਨੂੰ 3500 ਤੋਂ ਵਧੇਰੇ ਸੰਗਤ ਨੇ ਦੇਖਿਆ। ਇਸ ਸ਼ੋਅ ਦਾ ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੇ ਅੱਜ ਦੇਰ ਸ਼ਾਮ ਉਦਘਾਟਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜੀਵ ਰਾਜਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸਹਾਇਕ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ, ਸਿੰਚਾਈ ਵਿਭਾਗ ਦੇ ਐੱਸ. ਡੀ. ਓ. ਗੁਰਤੇਜ ਸਿੰਘ ਗਰਚਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਦੌਰਾਨ ਬਿੱਟੂ ਨੇ ਦੱਸਿਆ ਕਿ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ ਹੈ। ਸੂਬੇ ਦੀਆਂ ਵੱਖ ਵੱਖ ਥਾਵਾਂ ਉਤੇ ਚਾਰ ਮਹੀਨਿਆਂ ਤੱਕ ਚੱਲਣ ਬਾਰੇ ਇਸ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਮੌਜੂਦਾ ਧਰੂਵੀਕਰਨ ਦੇ ਮਾਹੌਲ ਵਿੱਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਢੁਕਵਾਂ ਯਤਨ ਹੈ। ਬਹੁਤ ਹੀ ਬਾਰੀਕਬੀਨੀ ਨਾਲ ਡਿਜ਼ਾਈਨ ਕੀਤਾ ਇਹ ਪ੍ਰੋਗਰਾਮ ਗੁਰੂ ਸਾਹਿਬ ਦੇ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਵੀ ਰੂਪਮਾਨ ਕਰਦਾ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖ਼ਿਲਾਫ਼ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ। ਉਨਾਂ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਨਾਂ ਧਾਰਮਿਕ ਸਮਾਗਮਾਂ ਨੂੰ ਮਿਲ ਕੇ ਮਨਾਉਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਭਰ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਨਿੱਜੀ ਤੌਰ ਉਤੇ ਨਜ਼ਰਸਾਨੀ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਜੀਵਨ ਦੌਰਾਨ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਦੱਸਿਆ ਕਿ ਲੁਧਿਆਣਾ ਤੋਂ ਇਲਾਵਾ ਰਾਜ ਦੇ 10 ਜ਼ਿਲਿਆਂ ਰੋਪੜ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵੀ ਫਲੋਇੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। 26 ਅਕਤੂਬਰ ਨੂੰ ਵੀ 02 ਸ਼ੋਅ ਸ਼ਾਮ 07.00 ਵਜੇ ਅਤੇ ਇਸ ਤੋਂ ਬਾਅਦ ਦੂਜਾ ਸ਼ੋਅ 08.30 ਵਜੇ ਹੋਣਗੇ । ਉਨਾਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਮੁੱਖ ਸਮਾਗਮ ਕਰਵਾਏ ਜਾਣਗੇ ਅਤੇ 4 ਨਵੰਬਰ ਤੋਂ ਸਮਾਗਮ ਦੇ ਆਖ਼ਰੀ ਦਿਨ 12 ਨਵੰਬਰ ਤੱਕ ਲਗਾਤਾਰ 9 ਦਿਨ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ 'ਤੇ ਰੌਸ਼ਨੀ ਪਾਏਗਾ।