ਲੁਧਿਆਣਾ 3 ਦਸੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆਣਾ ਪੱਛਮੀ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਨ੍ਹਾਂ ਨੇ ਸਮਾਜ ਦੇ ਵਿਕਾਸ ਦੌਰਾਨ ਘਰੇਲੂ ਜਾਨਵਰਾਂ ਅਤੇ ਸਾਥੀ ਜਾਨਵਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਹਥਿਆਰਬੰਦ ਬਲਾਂ ਵਿਚ ਕੁੱਤਿਆਂ ਦੇ ਯੋਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਸ਼ੂਧਨ ਖੇਤਰ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸਰਾਹਨਾ ਕੀਤੀ ਅਤੇ ਇਸ ਡਾਗ ਸ਼ੋਅ ਰਾਹੀਂ ਕੁੱਤਿਆਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਹਿਤ ਆਯੋਜਨ ਦੀ ਸ਼ਲਾਘਾ ਕੀਤੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨ ਵਿਚ ਮਨੁੱਖ ਅਤੇ ਕੁੱਤੇ ਦੇ ਲੰਮੇ ਰਿਸ਼ਤੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਇਹ ਰਿਸ਼ਤਾ ਹੋਰ ਮਹੱਤਵਪੂਰਨ ਹੋ ਗਿਆ ਹੈ ਅਤੇ ਲੋਕ ਪਾਲਤੂ ਜਾਨਵਰਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗ ਰੱਖਦੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਇਸ ਖੇਤਰ ਦੇ ਵਿਕਾਸ ਲਈ ਨਵੀਆਂ ਨੀਤੀਆਂ ਬਨਾਉਣ ਵਿਚ ਸਹਾਈ ਹੁੰਦੀਆਂ ਹਨ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਤਵੰਤਿਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਬੜੇ ਵਧੀਆ ਕਿਸਮ ਦੇ ਨਸਲੀ ਮੁਕਾਬਲੇ ਕਰਵਾਏ ਗਏ। ਡਾ. ਐਚ ਐਸ ਢੱਲਾ ਨੂੰ ਉੱਤਰੀ ਭਾਰਤ ਵਿਚ ਪਹਿਲਾ ਡਾਗ ਪਾਰਕ ਸਥਾਪਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕ ਸੋਵੀਨਰ ਵੀ ਜਾਰੀ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਸੀਮਾ ਸੁਰੱਖਿਆ ਬੱਲ ਦੇ ਡਾਗ ਸਕਵੈਡ ਦਾ ਵਿਸ਼ੇਸ਼ ਪ੍ਰਦਰਸ਼ਨ ਵੀ ਕੀਤਾ ਗਿਆ।
ਡਾ. ਧੀਰਜ ਗੁਪਤਾ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ 100 ਤੋਂ ਵੱਧ ਮਾਲਕਾਂ ਨੇ ਆਪਣੇ ਕੁੱਤਿਆਂ ਦਾ ਪ੍ਰਦਰਸ਼ਨ ਕੀਤਾ। ਡਾ. ਇੰਦਰਜੀਤ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਵਿਖੇ ਕੁੱਤਿਆਂ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਪਾਲਤੂ ਜਾਨਵਰ ਦੇ ਸ਼ੌਕੀਨਾਂ ਅਤੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਮੌਜੂਦ ਸੀ। ਉਦਯੋਗਾਂ ਵੱਲੋਂ ਖੁਰਾਕ, ਸਿਹਤ ਪੂਰਕ ਅਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਜਾਨਵਰਾਂ ਪ੍ਰਤੀ ਸਮਾਜ ਵਿਚ ਸੁਹਿਰਦਤਾ ਅਤੇ ਜਾਗਰੂਕਤਾ ਲਿਆਉਂਦੇ ਹਨ। ਉਨ੍ਹਾਂ ਨੇ ਡਾਗ ਸ਼ੋਅ ਦੇ ਆਯੋਜਨ ਵਿਚ ਹਿੱਸਾ ਪਾਉਣ ਲਈ ਸਾਰੀਆਂ ਭਾਈਵਾਲ ਧਿਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ।