ਸਕੂਲ ਦੀ ਘੰਟੀ ਵੱਜਦਿਆਂ ਹੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵੱਖ ਵੱਖ ਅਵਾਜ਼ਾਂ ਆ ਰਹੀਆਂ ਸਨ, ਉੱਚੀ ਸੁਰ ਵਿੱਚ ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ, ਛੁੱਟੀ ਬਈ ਛੁੱਟੀ ਘੁਮਿਆਰਾਂ ਦੀ ਗਧੀ ਕੁੱਟੀ। ਤਾਂ ਅਚਾਨਕ ਗੋਗੀ ਨੇ ਆ ਰਾਣੂੰ ਨੂੰ ਕਿਹਾ ਆ ਯਾਰ ਚੱਲੀਏ ।ਕਿੱਥੇ? ਰਾਣੂੰ ਪੁੱਛਿਆ।ਗੋਗੀ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਤੋੜ ਲਿਆਈਏ।ਤੇ ਅੱਜ ਉਹ ਹੈ ਵੀ ਨਹੀਂ ਸ਼ਹਿਰ ਜਾਂਦਾ ਮੈਂ ਅੱਖੀਂ ਵੇਖਿਆ। ਰਾਣੂੰ ਨਾ ਯਾਰ ਗੋਗੀ ਮੈਂ ਨਹੀਂ ਆਉਣਾ।ਗੋਗੀ ਕੀ ਗੱਲ ? ਓ ਯਾਰ ਬੇਬੇ ਲੜੂ। ਓਹ ਯਾਰ ਤੇਰੀ ਬੇਬੇ ਨੂੰ ਕੀ ਪਤਾ ਲੱਗਣਾ। ਆ ਆਪਾਂ ਚੱਲਦੇ ਹਾਂ।ਰਾਣੂੰ ਨਾ ਯਾਰ ਬੇਬੇ ਲੜੂ। ਓਹ ਬੇਬੇ ਦਾ ਕੀ ਹੈ! ਨਹੀਂ ਮੇਰੀ ਬੇਬੇ ਆਂਦੀ ਹੈ ਕਿ ਪੁੱਤ ਚੋਰੀ ਨਹੀਂ ਕਰਨੀ। ਚੋਰੀ ਕਰਨਾ ਪਾਪ ਹੁੰਦੈ। ਓਏ ਯਾਰ ਤੇਰੀ ਬੇਬੇ ਤਾਂ ਐਵੇਂ ਯੱਬਲੀਆਂ ਮਾਰਦੀ ਰਹਿੰਦੀ ਏ।ਖਾਣ ਪੀਣ ਦੀ ਕੋਈ ਚੋਰੀ ਨਹੀਂ ਹੁੰਦੀ। ਨਾ ਯਾਰ ਗੋਗੀ ਮੇਰੀ ਬੇਬੇ ਯੱਬਲੀਆਂ ਨਹੀਂ ਮਾਰਦੀ। ਸੱਚੀਆਂ ਗੱਲਾਂ ਕਰਦੀ ਏਂ । ਤੇ ਨਾਲ਼ੇ ਮੇਰੀ ਬੇਬੇ ਐਨੀਂ ਵੀ ਮਾੜੀ ਨਹੀਂ। ਖ਼ਰਾ ਸੋਨਾ! ਖ਼ਰਾ ਸੋਨਾ! ਤੇ ਮੇਰੀ ਬੇਬੇ ਦੀਆਂ ਬਾਤਾਂ ਵੀ ਕਿਆ ਬਾਤਾਂ ਨੇ। ਤੇ ਹਰ ਪਲ਼ ਸੱਚ ਬੋਲਦੀ ਹੈ।ਗੋਗੀ ਉਹ ਛੱਡ ਯਾਰ",ਤੂੰ ਤਾਂ ਐਵੇਂ ਸੰਤਾਂ ਮਹਾਤਮਾਂ ਵਾਂਗੂੰ ਪ੍ਰਵਚਨ ਕਰਨ ਲੱਗ ਜਾਨਾਂ ।ਆ ਚੱਲਦੇ ਹਾਂ, ਅੰਬੀਆਂ ਤੋੜਦੇ ਹਾਂ। ਸਵਾਦ ਲੈ ਲੈ ਕੇ!ਚਟਕਾਰੇ ਲਾ ਲਾ ਕੇ ਖਾਵਾਂਗੇ। ਨਾ ਯਾਰ ਗੋਗੀ ਮੈਂ ਨਹੀਂ ਆਉਣਾ,। ਓਏ ਜਾਹ ਯਾਰ, ਮੈਂ ਚੱਲਿਆ। ਤੂੰ ਚੱਲਿਆ ਤਾਂ ਕੋਈ ਗੱਲ ਨਹੀ। ਤੂੰ ਜਾਹ!ਪਰ ਮੈਂ ਨਹੀਂ ਆਉਣਾ। ਉਹ ਤੇਰੀ ਬੇਬੇ ਦੀਆਂ ਗੱਲਾਂ ਵੀ ਕੋਈ ਗੱਲਾਂ ਨੇ , ਰਾਣੂੰ ਮੇਰੀ ਬੇਬੇ ਦੀਆਂ ਗੱਲਾਂ ਤਾਂ ਗੱਲਾਂ ਹੀ ਨੇ ਮਿੱਤਰਾਂ। ਠੀਕ ਹੈ ਮੈਂ ਚੱਲਿਆ । ਠੀਕ ਹੈ ਯਾਰ ਕਹਿ ਕੇ ਰਾਣੂੰ ਘਰ ਵੱਲ ਤੇ ਗੋਗੀ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਵੱਲ ਨੂੰ ਹੋ ਤੁਰਿਆ।
ਘਰ ਪਹੁੰਚਦਿਆਂ ਹੀ ਮਾਂ ਨੇ ਪੁੱਛਿਆ ਕੀ ਗੱਲ ਪੁੱਤ ਰਾਣੂੰ ? ਐਦਾਂ ਮੂੰਹ ਬਣਾਇਆ,ਕੁਝ ਨਹੀਂ ਬੇਬੇ ਆਹ ਗੋਗੀ ਦੀ ਸੁਣ ਲਓ,ਹਰ ਰੋਜ਼ ਜੀਤੂ ਬੱਕਰੀਆਂ ਵਾਲ਼ੇ ਦੀਆਂ ਅੰਬੀਆਂ ਤੋੜ ਲੈਂਦਾ ਤੇ ਅੱਜ ਮੈਨੂੰ ਵੀ ਆਂਦਾ ਸੀ, ਕਿ ਆ ਚੱਲੀਏ, ਮੈਂ ਉਹਨੂੰ ਕਿਹਾ ਕਿ ਨਹੀਂ ਭਰਾਵਾ, ਚੋਰੀ ਕਰਨਾ ਪਾਪ ਹੈ। ਇਹ ਮੈਂ ਨਹੀਂ ਮੇਰੀ ਬੇਬੇ ਆਂਦੀ ਐ , ਤੇ ਗੋਗੀ ਕਹਿੰਦਾ ਤੇਰੀ ਬੇਬੇ ਯੱਬਲੀਆਂ ਮਾਰਦੀ ਐ। ਮੈਂ ਕਿਹਾ ਕਿ ਨਹੀਂ, ਮੇਰੀ ਬੇਬੇ ਦੀਆਂ ਗੱਲਾਂ ਬੜੀਆਂ ਸੋਹਣੀਆਂ ਤੇ ਸੁਚੱਜੀਆਂ ਹੁੰਦੀਐਂ। ਅੱਛਾ ਪੁੱਤ! ਫੇਰ ਤੇਰਾ ਦਿਲ ਨਹੀਂ ਕੀਤਾ ਅੰਬੀਆਂ ਖਾਣ ਨੂੰ? ਨਹੀਂ ਮਾਂ ਦਿਲ ਤਾਂ ਕਰਦਾ ਸੀ, ਪਰ ਤੇਰੀ ਸਿੱਖਿਆ ਮੈਨੂੰ ਵਾਰ- ਵਾਰ ਚੇਤੇ ਆਉਂਦੀ ਸੀ। ਪੁੱਤ ਕਿਹੜੀ ਸਿੱਖਿਆ?ਆ ਬੇਬੇ ਤੂੰ ਕਹਿੰਦੀ ਸੀ ਨਾ ਕਿ ਚੋਰੀ ਕੱਖ ਦੀ ਮਾੜੀ ਤੇ ਚੋਰੀ ਲੱਖ ਦੀ ਵੀ ਮਾੜੀ। ਤੇ ਬੇਬੇ ਨੇ ਘੁੱਟ ਕੇ ਰਾਣੂੰ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ। ਤੇ ਬੋਝੇ ਚੋਂ ਕੱਢ ਕੇ ਦੋ ਅੰਬੀਆਂ ਫੜਾ ਦਿੱਤੀਆਂ ਕੇ ਲੈ ਮੇਰਾ ਪੁੱਤ ਇਹਨਾਂ ਨੂੰ ਖਾਹ। ਤੇ ਰਾਣੂੰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ 148001 - 9872299613