ਪੀਡ਼ਤ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਕੁਲਵੰਤ ਸਿੰਘ ਟਿੱਬਾ
ਮਹਿਲ ਕਲਾਂ/ ਬਰਨਾਲਾ- 19 ਨਵੰਬਰ (ਗੁਰਸੇਵਕ ਸੋਹੀ ) ਪਿੰਡ ਕੁਤਬਾ ਦੀ ਮਨਰੇਗਾ ਮਜ਼ਦੂਰ ਹਰਪਾਲ ਕੌਰ ਪਤਨੀ ਅਜੈਬ ਸਿੰਘ ਦੀ ਨਰੇਗਾ ਦੇ ਕੰਮ ਦੌਰਾਨ ਹੋਈ ਮੌਤ ਤੇ "ਹੋਪ ਫ਼ਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੀਡ਼ਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਮਨਰੇਗਾ ਮਜ਼ਦੂਰ ਮਾਤਾ ਹਰਪਾਲ ਕੌਰ ਬੀਤੀ 6 ਨਵੰਬਰ ਨੂੰ ਪਿੰਡ ਕਲਾਲਮਾਜਰਾ ਵਿਖੇ ਨਰੇਗਾ ਦੇ ਕੰਮ ਤੇ ਗਈ ਸੀ। ਉਨ੍ਹਾਂ ਦੱਸਿਆ ਕਿ ਮਾਤਾ ਹਰਪਾਲ ਕੌਰ ਪਿਛਲੇ ਲੰਮੇ ਸਮੇਂ ਤੋਂ ਨਰੇਗਾ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਅਤੇ ਘਟਨਾ ਵਾਲੇ ਦਿਨ ਵੀ ਉਹ ਬਿਲਕੁਲ ਤੰਦਰੁਸਤ ਸੀ ਪਰ ਕੰਮ ਦੌਰਾਨ ਅਚਾਨਕ ਉਸ ਦੀ ਤਬੀਅਤ ਵਿਗੜਨ ਕਾਰਣ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਸਿਹਤ ਸੰਭਾਲ ਸਬੰਧੀ ਕੰਮ ਵਾਲੀਆਂ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਜਦ ਕਿ ਮਨਰੇਗਾ ਐਕਟ ਤਹਿਤ ਮਜ਼ਦੂਰਾਂ ਦੀ ਸਿਹਤ ਸੰਭਾਲ ਸਬੰਧੀ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਮ ਵਾਲੀਆਂ ਥਾਵਾਂ ਤੇ ਐਕਟ ਤਹਿਤ ਮਜ਼ਦੂਰਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਕੁਲਵੰਤ ਸਿੰਘ ਟਿੱਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਪੀਡ਼ਤ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਪੀਡ਼ਤ ਪਰਿਵਾਰ ਆਰਥਿਕ ਤੌਰ ਤੇ ਬੇਹੱਦ ਕਮਜ਼ੋਰ ਹੈ। ਉਨ੍ਹਾਂ ਦੱਸਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਨਰੇਗਾ ਤਹਿਤ ਪਿਛਲੇ ਦਿਨਾਂ ਦੌਰਾਨ ਕੀਤੀ ਮਜ਼ਦੂਰੀ ਦੇ ਪੈਸੇ ਵੀ ਮ੍ਰਿਤਕ ਨੂੰ ਨਹੀਂ ਮਿਲੇ ਸਨ।ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਉਹ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਉਠਾਉਣਗੇ ਅਤੇ ਪੀਡ਼ਤ ਪਰਿਵਾਰ ਲਈ ਮੁਆਵਜ਼ਾ ਰਾਸ਼ੀ ਦੀ ਮੰਗ ਕਰਨਗੇ।