ਲੁਧਿਆਣਾ (ਮਨਜਿੰਦਰ ਗਿੱਲ) ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਤੇ ਹਠੂਰ ਜੇਤੂ, ਜੂਨੀਅਰ ਵਰਗ 'ਚ ਜਰਖੜ ਅਕੈਡਮੀ ਅਤੇ ਘਵੱਦੀ ਸਕੂਲ ਸੈਮੀ-ਫਾਈਨਲ 'ਚ ਪੁੱਜੇ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਵੱਲੋਂ ਕਰਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਤਹਿਤ ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੰਡਰ-17 ਸਾਲ ਜੂਨੀਅਰ ਵਰਗ 'ਚ ਜਿਥੇ ਜਰਖੜ ਹਾਕੀ ਅਕੈਡਮੀ ਅਤੇ ਘਵੱਦੀ ਸਕੂਲ ਨੇ ਸੈਮੀਫਾਈਨਲ 'ਚ ਆਪਣਾ ਦਾਖਲਾ ਪੱਕਾ ਕੀਤਾ, ਉਥੇ ਹੀ ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਸੈਮੀਫਾਈਨਲ 'ਚ, ਅਜ਼ਾਦ ਕਲੱਬ ਹਠੂਰ ਨੇ ਕੁਆਟਰਫਾਈਨਲ 'ਚ ਆਪਣੀ ਐਂਟਰੀ ਪਾਈ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਜਾ ਰਹੇ ਇਸ ਬਹੁਤ ਮੰਤਵੀ ਹਾਕੀ ਫੈਸਟੀਵਲ 'ਚ ਅੰਡਰ-17 ਸਾਲ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਸੰਤ ਫਤਹਿ ਸਿੰਘ ਹਾਕੀ ਅਕੈਡਮੀ ਢੋਲਣ ਨੂੰ 5-2 ਨਾਲ, ਦੂਸਰੇ ਕੁਆਰੲਫਾਈਨਲ ਮੈਚ 'ਚ ਘਵੱਦੀ ਸਕੂਲ ਨੇ ਰਾਮਪੁਰ ਹਾਕੀ ਸੈਂਟਰ ਨੂੰ 2-1 ਨਾਲ ਹਰਾ ਕੇ ਆਖ਼ਰੀ ਚਾਰਾਂ 'ਚ ਆਪਣੀ ਜਗ੍ਹਾ ਪੱਕੀ ਕੀਤੀ। ਸੀਨੀਅਰ ਵਰਗ 'ਚ ਅੱਜ ਅਜ਼ਾਦ ਕਲੱਬ ਹਠੂਰ ਤੇ ਯੰਗ ਕਲੱਬ ਓਟਾਲਾਂ (ਸਮਰਾਲਾ) ਵਿਚਕਾਰ ਖੇਡਿਆ ਗਿਆ ਮੁਕਾਬਲਾ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਧ ਦਿਲਚਸਪ ਤੇ ਸੰਘਰਸ਼ਪੂਰਨ ਹੋ ਨਿਬੜਿਆ। ਇਸ ਮੁਕਾਬਲੇ 'ਚ ਹਠੂਰ 6-5 ਨਾਲ ਜੇਤੂ ਰਿਹਾ। ਅੱਧੇ ਸਮੇਂ ਤੱਕ ਮੁਕਾਬਲਾ 3-3 ਗੋਲਾਂ 'ਤੇ ਬਰਾਬਰ ਸੀ। ਆਖਰੀ ਮਿੰਟ ਤੱਕ ਵੀ ਕਿਸੇ ਟੀਮ ਦੀ ਜਿੱਤ ਹਾਰ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ। ਪਰ ਅਖੀਰ ਹਠੂਰ ਨੇ ਜੇਤੂ ਫਤਹਿ ਬੁਲਾਈ। ਹਠੂਰ ਦਾ ਗੁਰਜੋਤ ਸਿੰਘ ਲਾਡੀ ਇਸ ਜਿੱਤ ਦਾ ਹੀਰੋ ਰਿਹਾ ਜਿਸਨੇ ਉਪਰੋਥਲੀ 4 ਗੋਲ ਕੀਤੇ। ਆਖਰੀ ਮੁਕਾਬਲੇ 'ਚ ਨੀਟ੍ਹਾ ਕਲੱਬ ਰਾਮਪੁਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 5-2 ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਅੱਜ ਦੇ ਮੈਚਾਂ ਦੌਰਾਨ ਸ. ਜੀ.ਐਸ ਗਿੱਲ ਏ.ਆਈ.ਜੀ. ਬਿਊਰੋ ਪੁਲੀਸ, ਸ. ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ, ਚਰਨਜੀਤ ਸਿੰਘ ਗਰੇਵਾਲ ਯੂਕੇ, ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਜਰਖੜ ਖੇਡ ਟਰਸਟ ਦੇ ਪ੍ਰਬੰਧਕ ਪ੍ਰੋ. ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਸਿਰੋਪੇ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਹਿਲਵਾਨ ਹਰਮੇਲ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਰੇਸ਼ਮ ਸਿੰਘ ਹਠੂਰ, ਰਵਿੰਦਰ ਸਿੰਘ ਘਵੱਦੀ, ਸਾਹਿਬਜੀਤ ਸਿੰਘ ਸਾਬ੍ਹੀ , ਦਲਬੀਰ ਸਿੰਘ ਜਰਖੜ, ਰਜਿੰਦਰ ਸਿੰਘ, ਲਖਬੀਰ ਸਿੰਘ ਜਰਖੜ, ਬਾਬਾ ਜਗਦੇਵ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਸੋਹਣ ਸਿੰਘ ਸ਼ੰਕਰ, ਸੋਮਾ ਸਿੰਘ ਘੁਲਾਲ ਆਦਿ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਸੀਨੀਅਰ ਤੇ ਸਬ ਜੂਨੀਅਰ ਵਰਗ ਦੇ ਕੁਆਟਰਫਾਈਨਲ 29 ਤੇ 30 ਮਈ ਨੂੰ ਖੇਡੇ ਜਾਣਗੇ। ਜਦਕਿ ਸੈਮੀ ਤੇ ਫਾਈਨਲ ਮੁਕਾਬਲੇ 1 ਤੇ 2 ਜੂਨ ਨੂੰ ਹੋਣਗੇ।
ਕਮਾਲ ਨੇ ਜਰਖੜ ਖੇਡਾਂ , ਜਿਥੇ 7 ਸਾਲ ਦਾ ਬੱਚਾ ਤੇ 60 ਸਾਲ ਦਾ ਬਜ਼ੁਰਗ ਵੀ ਖੇਡ ਰਿਹਾ ਹਾਕੀ
ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਜੋ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਹਰ ਸ਼ਨੀਵਰ ਤੇ ਐਤਵਾਰ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਆਈ.ਪੀ.ਐਲ ਦੀ ਤਰਜ 'ਤੇ ਇਹ ਹਾਕੀ ਫੈਸਟੀਵਲ ਵੀ ਲਗਭਗ ਮਹੀਨੇ ਦੇ ਕਰੀਬ ਚਲਦਾ ਹੈ। ਵੈਸੇ ਤਾਂ ਇਹ ਹਾਕੀ ਦਾ ਨਜ਼ਾਰਾ ਖੇਡ ਮੈਦਾਨ 'ਚ ਦੇਖਿਆਂ ਹੀ ਬਣਦਾ ਹੈ। ਇੱਕ ਨਿੱਕੇ ਜਿਹੇ ਪਿੰਡ 'ਚ ਨਵੀਂ ਐਸਟਰੋਟਰਫ ਦਾ ਲੱਗਣਾ, ਫਲੱਡ ਲਾਈਟਾਂ 'ਚ ਹਾਕੀ ਦੇ ਮੈਚ ਹੋਣੇ। ਬੱਚੇ ਤੋਂ ਲੈ ਕੇ ਬੁੱਢੇ ਤੱਕ ਮੈਚਾਂ ਦਾ ਅਨੰਦ ਮਾਨਣਾ ਆਪਣੇ ਆਪ 'ਚ ਹੀ ਕਮਾਲ ਹੈ। ਪਰ ਜਦੋਂ ਇੱਕ ਮੈਚ 'ਚ ਅਸੀਂ 6-7 ਸਾਲ ਦੇ ਬੱਚੇ ਨੂੰ ਖੇਡਦੇ ਦੇਖਦੇ ਹਾਂ, ਜਿੱਤ ਲਈ ਜੱਦੋ-ਜਹਿਦ ਕਰਦੇ ਨੰਨ੍ਹੇ-ਮੁੰਨੇ ਬੱਚਿਆਂ ਦਾ ਹਾਕੀ ਨਜ਼ਾਰਾ ਦੇਖਦੇ ਹਾਂ। ਉਥੇ ਜਦੋਂ ਵੈਟਰਨ ਹਾਕੀ 'ਚ 55-50 ਸਾਲ, 57 ਸਾਲ, 51 ਸਾਲ ਵਗੈਰਾ ਵਗੈਰਾ ਖਿਡਾਰੀਆਂ ਨੂੰ ਮੈਚ ਦੌਰਾਨ ਮਰ ਮਿਟਣ ਦੀ ਭਾਵਨਾ ਨਾਲ ਖੇਡਦੇ ਦੇਖਦੇ ਹਾਂ ਤਾਂ ਆਪਣੇ ਆਪ ਵਿਚ ਹੀ ਇੱਕ ਨਿਵੇਕਲੇ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਹੈ। ਬਸੀ ਪਠਾਣਾਂ ਦਾ 59 ਸਾਲ ਨੂੰ ਢੁਕਿਆ ਜਸਬੀਰ ਸਿੰਘ, ਸੁਲਤਾਨਪੁਰ ਦਾ 55 ਸਾਲ ਨੂੰ ਢੁਕਿਆ ਜਗਜੀਵਨ ਸਿੰਘ, ਗੋਲਕੀਪਰ ਦੀ ਕਿੱਟ ਪਾ ਕੇ ਕਮਾਲ ਦੇ ਗੋਲ ਰੋਕ ਰਿਹਾ ਹੈ ਸੁਲਤਾਨਪੁਰ ਦਾ ਹੀ ਬਲਜੀਤ ਸਿੰਘ ਅਤੇ ਹੋਰ ਕਈ ਵੱਡੇ ਖਿਡਾਰੀਆਂ ਦੀ ਖੇਡ ਨੂੰ ਦੇਖ ਕੇ ਬੱਚੇ ਅਸ਼-ਅਸ਼ ਕਰ ਉੱਠਦੇ ਹਨ ਤਾਂ ਗੁਰਦਾਸ ਮਾਨ ਦਾ ਗਾਣਾ ਚੇਤੇ ਆਉਂਦਾ ਹੈ, 'ਬਹਿ ਕੇ ਦੇਖ ਜਵਾਨਾ, ਬਾਬੇ ਹਾਕੀ ਖੇਡਦੇ ਨੇ।' ਉਥੇ ਹੀ ਡੰਗੋਰਿਆਂ ਦਾ 7 ਸਾਲਾ ਮਾਨਵ, ਘਵੱਦੀ ਦਾ 6 ਸਾਲਾ ਕਮਲਵੀਰ, ਜਰਖੜ ਦਾ 9 ਸਾਲਾ ਸੁਖਮਨਜੀਤ, ਜਰਖੜ ਦਾ ਹੀ ਇੱਕ ਹੋਰ 7 ਸਾਲਾ ਪ੍ਰਭਜਪ ਸਿੰਘ, ਵਗੈਰਾ ਵਗੈਰਾ ਟੀਮਾਂ ਦੇ ਨਿੱਕੇ ਨਿੱਕੇ ਬੱਚੇ ਆਪਣੇ ਕਲਾਤਮਕ ਹੁਨਰ ਦਿਖਾਉਂਦੇ ਹਨ ਤਾਂ ਮਨ ਬਾਗੋ ਬਾਗ ਹੋ ਉੱਠਦਾ ਹੈ। ਗੱਲ ਇਥੇ ਮੁੱਕਦੀ ਹੈ ਕਿ ਜੇਕਰ ਪੰਜਾਬ ਦੇ ਹਰ ਪਿੰਡ-ਪਿੰਡ ਜਰਖੜ ਖੇਡ ਸਟੇਡੀਅਮ ਵਰਗਾ ਮਹੌਲ ਹੋ ਜਾਵੇ ਤਾਂ ਪੰਜਾਬ ਨੂੰ ਡਰੱਗ ਮੁਕਤੀ ਆਪਣੇ ਆਪ ਹੀ ਮਿਲ ਜਾਏਗੀ। ਸਾਡੇ ਰਾਜਨੀਤਕ ਆਕਾ ਨੂੰ ਜਰਖੜ ਖੇਡਾਂ ਤੇ ਇਥੋਂ ਦੇ ਸਟੇਡੀਅਮ ਤੋਂ ਕੋਈ ਨਾ ਕੋਈ ਸੇਧ ਜਰੂਰ ਲੈਣੀ ਚਾਹੀਦੀ ਹੈ ਤੇ ਪਿੰਡ ਪਿੰਡ 'ਚ ਖੇਡਾਂ ਦਾ ਮਹੌਲ ਸਿਰਜਣਾ ਚਾਹੀਦਾ ਹੈ। ਇਸ ਵਿਚ ਹੀ ਪੰਜਾਬ ਦਾ ਭਲਾ ਹੋਵੇਗਾ। ਕੁੱਲ ਮਿਲਾ ਕੇ ਜਿਥੇ ਜਰਖੜ ਖੇਡਾਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ, ਉਥੇ ਉਨ੍ਹਾਂ ਵੈਟਰਨ ਖਿਡਾਰੀਆਂ ਨੂੰ ਸਲੂਟ ਹੈ ਜੋ ਬੁਢਾਪੇ ਦੀ ਜਵਾਨੀ 'ਚ ਵੀ ਆਪਣਾ ਖੇਡ ਹੁਨਰ ਦਿਖਾ ਰਹੇ ਨੇ ਉਨ੍ਹਾਂ ਨਿੱਕੇ ਬੱਚਿਆਂ ਲਈ ਵੀ ਦੁਆ ਹੈ ਕਿ ਜਿੰਨ੍ਹਾਂ ਨੇ ਅਜੇ ਗ੍ਰਾਊਂਡ 'ਚ ਪੈਰ ਰੱਖਣਾ ਸ਼ੁਰੂ ਹੀ ਕੀਤਾ ਹੈ ਉਹ ਆਉਣ ਵਾਲੇ ਭਵਿੱਖ ਵਿਚ ਪੰਜਾਬ ਦੇ ਖੇਡ ਸਿਤਾਰੇ ਬਣਨ।