ਜਗਰਾਉਂ, ਸਤੰਬਰ 2019-( ਮਨਜਿੰਦਰ ਗਿੱਲ)- ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ।ਸਾਹਿਤ ਦੁਅਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਅੱਖਾਂ ਮੀਟੀ ਬੈਠੇ ਹੁਕਮਰਾਨਾਂ ਨੂੰ ਜਨਤਾ ਦੇ ਹੱਕਾਂ ਲਈ ਹਲੂਣਾ ਦਿੱਤਾ ਜਾ ਸਕਦਾ ਹੈ।ਇਹ ਵਿਚਾਰ ਨੌਜ਼ਵਾਨ ਲੇਖਕ ਤੇ ਟੀ.ਵੀ. ਨਿਰਦੇਸ਼ਕ ਕੁਲਦੀਪ ਲੋਹਟ ਅਤੇ ਗੀਤਕਾਰ ਰਣਜੀਤ ਹਠੂਰ ਨੇ ਲੋਕ ਕਵੀ ਸਵ:ਠਾਕੁਰ ਦਾਸ ਐਦਲ ਦੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੀ ਕਾਵਿ ਪੁਸਤਕ 'ਦੁਖੀ ਮਜ਼ਦੂਰ ਦਾ ਦਿਲ' ਦੇ ਲੋਕ ਅਰਪਣ ਕਰਨ ਸਮੇਂ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਅਜੋਕੇ ਪੂੰਜੀਵਾਦ ਯੁੱਗ ਵਿਚ ਠਾਕੁਰ ਦਾਸ ਐਦਲ ਦੀਆਂ ਲਿਖਤਾਂ ਮਜ਼ਦੂਰ ਜਮਾਤ ਲਈ ਸਾਰਥਿਕ ਸੁਨੇਹਾ ਹਨ।ਕਵੀ ਐਦਲ ਨੇ ਕਵਿਤਾ ਦੇ ਮਾਧਿਅਮ ਰਾਹੀਂ ਦੱਬੇ-ਕੁਚਲੇ ਤੇ ਲਤਾੜੇ ਲੋਕਾਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਿਆ ਹੈ, ਜੋ ਵਰਤਮਾਨ ਸਮੇਂ ਦੇ ਮਜ਼ਦੂਰ ਸਮਾਜ ਲਈ ਚੇਤਨਾ ਦਾ ਚਾਨਣ ਸਾਬਿਤ ਹੋਵੇਗਾ।ਗੱਲਬਾਤ ਕਰਦਿਆਂ ਐਦਲ ਦੀ ਪੀੜੀ ਦੇ ਵਾਰਿਸ ਸੰਦੀਪ ਪਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਠਾਕੁਰ ਦਾਸ ਐਦਲ ਦੁਆਰਾ ਤਿੰਨ ਦਹਾਕੇ ਪਹਿਲਾਂ ਲਿਖੀਆਂ ਲੋਕ ਪੱਖੀ ਰਚਨਾਵਾਂ ਨੂੰ ਕਿਤਾਬੀ ਰੂਪ 'ਚ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਪਵਾਰ ਨੇ ਦੁਖੀ ਮਨ ਨਾਲ ਆਖਿਆ ਕਿ ਲੋਕ ਕਵੀ ਠਾਕੁਰ ਦਾਸ ਐਦਲ ਦੁਆਰਾ ਤਿੰਨ ਦਹਾਕੇ ਪਹਿਲਾਂ ਰਚੀਆਂ ਲਿਖਤਾਂ ਵਰਤਮਾਨ ਸਮੇਂ ਦੇ ਮਜ਼ਦੂਰ ਸਮਾਜ 'ਤੇ ਵੀ ਪੂਰੀ ਤਰ੍ਹਾਂ ਢੁੱਕਦੀਆਂ ਹਨ ਤੇ ਸਾਲਾਂ ਬੱਧੀ ਸਮਾਂ ਬੀਤ ਜਾਣ ਮਗਰੋਂ ਵੀ ਮਜ਼ਦੂਰਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਹੈ।ਇਸ ਮੌਕੇ ਮਾ. ਰਣਜੀਤ ਸਿੰਘ ਹਠੂਰ, ਡਾਇਰੈਕਟਰ ਕੁਲਦੀਪ ਲੋਹਟ, ਪ੍ਰਿੰਸੀਪਲ ਸਰਬਜੀਤ ਸਿੰਘ ਦੇਹੜਕਾ, ਸੰਦੀਪ ਪਵਾਰ ਅਤੇ ਰਮਨ ਆਦਿ ਵੀ ਹਾਜ਼ਰ ਸਨ।