You are here

ਦਾਖਾ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ

ਆਖਰੀ ਦਿਨ ਕਾਂਗਰਸ, ਬਸਪਾ, ਲਿਪ, ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨੈਸ਼ਨਲ ਜਸਟਿਸ ਪਾਰਟੀ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਲੁਧਿਆਣਾ, ਅਕਤੂਬਰ 2019 ( ਮਨਜਿੰਦਰ ਗਿੱਲ)-ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਕਾਂਗਰਸ, ਬਹੁਜਨ ਸਮਾਜ ਪਾਰਟੀ, ਲੋਕ ਇੰਨਸਾਫ ਪਾਰਟੀ, ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨੈਸ਼ਨਲ ਜਸਟਿਸ ਪਾਰਟੀ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਕਾਂਗਰਸ ਪਾਰਟੀ ਤੋਂ ਕੈਪਟਨ ਸੰਦੀਪ ਸੰਧੂ ਨੇ ਅਤੇ ਸ਼੍ਰੀਮਤੀ ਪੁਨੀਤਾ ਸੰਧੂ ਵੱਲੋ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ। ਲੋਕ ਇੰਨਸਾਫ ਪਾਰਟੀ ਤੋਂ ਸ਼੍ਰੀ ਸੁਖਦੇਵ ਸਿੰਘ ਨੇ ਅਤੇ ਕਵਰਿੰਗ ਉਮੀਦਵਾਰ ਵੱਜੋ ਸ਼੍ਰੀਮਤੀ ਸਰਬਜੀਤ ਕੌਰ ਨੇ, ਬਹੁਜਨ ਸਮਾਜ ਪਾਰਟੀ ਤੋਂ ਬਲਦੇਵ ਸਿੰਘ ਨੇ, ਆਪਣਾ ਪੰਜਾਬ ਪਾਰਟੀ ਤੋ ਸਿਮਰਨਦੀਪ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਤੋਂ ਜੁਗਿੰਦਰ ਸਿੰਘ ਨੇ, ਨੈਸ਼ਨਲ ਜਸਟਿਸ ਪਾਰਟੀ ਤੋਂ ਗੁਰਜੀਤ ਸਿੰਘ ਨੇ ਅਤੇ ਹਰਬੰਸ ਸਿੰਘ, ਗੁਰਦੀਪ ਸਿੰਘ ਕਾਹਲੋਂ ਅਤੇ ਨੀਲਮ ਨੇ ਆਜ਼ਾਦ ਉਮੀਦਵਾਰ ਵੱਜੋਂ ਨਾਮਜਦਗੀਆਂ ਦਾਖਲ ਕੀਤੀਆਂ। ਇਸ ਤਰਾਂ ਵਿਧਾਨ ਸਭਾ ਹਲਕਾ ਦਾਖਾ ਦੀਆਂ ਉਪ ਚੋਣਾਂ ਲਈ ਕੁੱਲ 16 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਅਗਰਵਾਲ ਨੇ ਦੱਸਿਆ ਕਿ ਇਸ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ 1 ਅਕਤੂਬਰ ਨੂੰ ਹੋਵੇਗੀ, ਜਦਕਿ 3 ਅਕਤੂਬਰ, 2019 ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ। ਉਨਾਂ ਕਿਹਾ ਕਿ ਇਸ ਉੱਪ ਚੋਣ ਵਿੱਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਹੀਂ ਖਰਚ ਸਕਦਾ। ਚੋਣਾਂ ਦੇ ਪ੍ਰਬੰਧਾਂ ਲਈ ਜਿਲਾ ਪੱਧਰ ਅਤੇ ਹਲਕਾ ਪੱਧਰ ਤੇ ਵੱਖ-ਵੱਖ ਸੈੱਲ ਸਥਾਪਿਤ ਕਰ ਦਿੱਤੇ ਗਏ ਹਨ, ਜਿਵੇਂ ਕਿ ਫਲਾਇੰਗ ਸੁਕੈਡ, ਸਟੈਟਿਕ ਸਰਵੇਲੈਂਸ ਟੀਮ, ਐਕਸਪੈਂਡੀਚਰ ਮੋਨੀਟਰਿੰਗ ਸੈਲ, ਐਮ.ਸੀ.ਸੀ. ਅਤੇ ਸ਼ਿਕਾਇਤ ਸੈੱਲ ਆਦਿ। ਅਖਬਾਰਾਂ ਵਿੱਚ ਚੋਣ ਪ੍ਰਚਾਰ ਲਈ ਕਿਸੇ ਵੀ ਕਿਸਮ ਦੀ ਪੇਡ ਨਿਊਜ਼ ਨੂੰ ਰੋਕਣ ਲਈ ਐਮ.ਸੀ.ਐਮ.ਸੀ ਟੀਮ ਨਿਯੁਕਤ ਕੀਤੀ ਗਈ ਹੈ। ਅਗਰਵਾਲ ਨੇ ਪ੍ਰਿੰਟਿੰਗ ਪ੍ਰੈੱਸਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਹੈ ਕਿ ਚੋਣਾਂ ਦੇ ਸਮੇਂ ਕੋਈ ਵੀ ਸਮੱਗਰੀ ਛਾਪਦੇ ਸਮੇਂ ਛਾਪਕ ਅਤੇ ਛਪਾਉਣ ਵਾਲੇ ਵਿਅਕਤੀ ਦਾ ਨਾਮ ਅਤੇ ਕਿੰਨੀ ਕਿੰਨੀ ਮਾਤਰਾ ਵਿੱਚ ਸਮੱਗਰੀ ਛਪਾਈ ਗਈ ਹੈ ਦੀ ਸੂਚਨਾ ਸਮੱਗਰੀ ਤੇ ਜ਼ਰੂਰ ਦਿੱਤੀ ਜਾਵੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਆਰ.ਪੀ.ਐਕਟ 1951 ਦੀ ਧਾਰਾ 129ਏ(2) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਉੱਪ ਚੋਣ ਦੌਰਾਨ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਲਈ ਪਲਾਸਟਿਕ ਦੀ ਸਮੱਗਰੀ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਉਨਾਂ ਦਾਖਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਉੱਪ ਚੋਣ ਨੂੰ ਬਿਨਾ ਕਿਸੇ ਡਰ ਅਤੇ ਲਾਲਚ ਦੇ ਨਿਰਪੱਖ ਚੋਣ ਕਰਵਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।