ਬਰਨਾਲਾ - ਅਕਤੂਬਰ 2019- (ਇਕਬਾਲ ਸਿੰਘ ਰਸੂਲ )- ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਸਬੰਧੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਦੀ ਦਾਣਾ ਮੰਡੀ ’ਚ ਦਹਿ-ਹਜ਼ਾਰਾਂ ਜੁਝਾਰੂ ਮਰਦ-ਔਰਤਾਂ ਦਾ ਕਾਫ਼ਲਾ ਜੁੜਿਆ। ਅੱਜ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰਕੈਦ ਸਜ਼ਾ ਮੁਤਾਬਿਕ ਚਾਰ ਹਫ਼ਤਿਆਂ ਦਾ ਸਮਾਂ ਖ਼ਤਮ ਹੋਣ ਤੇ ਸੈਸ਼ਨ ਕੋਰਟ ਬਰਨਾਲਾ ਵਿੱਚ ਪੇਸ਼ ਹੋਣਾ ਸੀ। 20 ਸਤੰਬਰ ਤੋਂ 26 ਸਤੰਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲੱਗਾ ਰਿਹਾ ਸੀ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਵਾਲੀ ਫ਼ਾਈਲ ਲੋਕ ਸੰਘਰਸ਼ ਦੇ ਦਬਾਅ ਦੇ ਚਲਦਿਆਂ ਗਵਰਨਰ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਇਹੀ ਫਾਈਲ ਦੋ ਮਹੀਨੇ ਮੁੱਖ ਮੰਤਰੀ ਦਫ਼ਤਰ ਵਿੱਚ ਧੂੜ੍ਹ ਫੱਕਦੀ ਰਹੀ ਕਿਸੇ ਨੇ ਸੋਚਿਆ ਤੱਕ ਨਹੀਂ ਕਿ ਪੰਜਾਬ ਦੇ ਲੋਕ ਇਸ ਨਿਹੱਕੀ ਸਜ਼ਾ ਰੱਦ ਕਰਨ ਦੀ ਮੰਗ ਸਾਲਾਂ ਬੱਧੀ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਹੁਣ 26 ਸਤੰਬਰ ਨੂੰ ਕੀਤੇ ਐਲਾਨ ਤੋਂ ਬਾਅਦ ਇਹੀ ਪੱਕਾ ਮੋਰਚਾ ਬਰਨਾਲਾ ਦੀ ਧਰਤੀ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਪੱਕਾ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਮਨਜੀਤ ਧਨੇਰ ਦੀ ਸਜ਼ਾ ਰੱਦ ਨਹੀਂ ਹੋ ਜਾਂਦੀ। ਇਸ ਨਿਹੱਕੀ ਉਮਰਕੈਦ ਸਜ਼ਾ ਵਿਰੁੱਧ ਲੋਕਾਂ ਅੰਦਰ ਗੁੱਸਾ ਡੁੱਲ੍ਹ-ਡੁੱਲ੍ਹ ਪੈਂਦਾ ਸੀ। ‘ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਕੇ ਰਹਾਂਗੇ’ ਦੀ ਆਵਾਜ਼ ਗੂੰਜਦੀ ਰਹੀ। ਬੁਲਾਰਿਆਂ ਕਿਹਾ ਕਿ ਅਸੀਂ ਦਹਿ-ਹਜ਼ਾਰਾਂ ਲੋਕ ਆਪਣੇ ਮਹਿਬੂਬ ਲੋਕ ਆਗੂ ਨੂੰ ਜੇਲ੍ਹ ਵਿੱਚ ਛੱਡਣ ਦੀ ਚੱਲੇ ਹਾਂ ਇਹਨਾਂ ਹੀ ਹੱਥਾਂ ਨਾਲ ਆਪਣੇ ਆਗੂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਕੇ ਹੀ ਦਮ ਲਵਾਂਗੇ। ਆਗੂਆਂ ਨੇ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਦੇ ਨਾਪਾਕ ਇਰਾਦਿਆਂ ਬਾਰੇ ਦੱਸਿਆ ਕਿ ਕਿਵੇਂ ਇਹ ਲੋਕਾਂ ਲਈ ਜੂਝਣ ਵਾਲੇ ਆਗੂਆਂ ਨੂੰ ਨਿਹੱਕੀਆਂ ਸਜ਼ਾਵਾਂ ਸੁਣਾਉਂਦੇ ਹਨ ਅਤੇ ਲੋਕਾਂ ਸਮੇਤ ਔਰਤਾਂ ਉੱਪਰ ਜਬਰ ਕਰਨ ਵਾਲੇ ਧਨਾਢਾਂ, ਸਿਆਸਤਦਾਨਾਂ, ਡੇਰੇਦਾਰਾਂ ਦੀਆਂ ਤਾਬਿਆਦਾਰੀ ਕਰਦੀਆਂ ਹਨ। ਆਗੂਆਂ ਕਿਹਾ ਕਿ ਇਹ ਸਜ਼ਾ ਮਨਜੀਤ ਧਨੇਰ ਨੂੰ ਨਹੀਂ ਸਗੋਂ ਔਰਤਾਂ ਸਮੇਤ ਹੱਕ ਸੱਚ ਇਨਸਾਫ਼ ਲਈ ਜੂਝਣ ਵਾਲੇ ਹਰ ਵਿਚਾਰ ਨੂੰ ਇਹ ਸਜ਼ਾ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਸਿੰਘ ਢੁੱਡੀਕੇ, ਗੁਰਮੀਤ ਸੁਖਪੁਰ, ਗੁਰਪ੍ਰੀਤ ਲਲਕਾਰ, ਕੰਵਲਪ੍ਰੀਤ ਪੰਨੂ, ਜੋਰਾ ਸਿੰਘ ਨਸਰਾਲੀ, ਨਰਭਿੰਦਰ ਸਿੰਘ, ਕਰਮਜੀਤ ਬੀਹਲਾ, ਹਰਪ੍ਰੀਤ ਕੌਰ ਜੇਠੂਕੇ, ਪ੍ਰੇਮਪਾਲ ਕੌਰ, ਮਹਿਮਾ ਸਿੰਘ ਢਿੱਲੋਂ, ਜਗਰੂਪ ਸਿੰਘ, ਕੁਲਵੰਤ ਰਾਏ ਪੰਡੋਰੀ, ਗੁਰਵਿੰਦਰ ਸਿੰਘ ਕਲਾਲਾ, ਸੁਖਦੇਵ ਸਿੰਘ ਭੂੰਦੜੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਨਜੀਤ ਧਨੇਰ ਨੂੰ ਜਦ ਦਹਿ-ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਸ਼ਾਮਲ ਹੋਇਆ ਤਾਂ ‘ਲੋਕ ਘੋਲ ਨਹੀਂ ਥੰਮਣਗੇ-ਘਰ ਘਰ ਯੋਧੇ ਜੰਮਣਗੇ’ ਦੇ ਨਾਹਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਕਈ ਕਿਲੋਮੀਟਰ ਲੰਮਾ ਮਾਰਚ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੁੱਜਾ ਜਿੱਥੇ ਸੰਘਰਸ਼ ਕਮੇਟੀ ਦੇ ਆਗੂਆਂ ਨੇ, ਲੋਕ ਆਗੂ ਮਨਜੀਤ ਧਨੇਰ ਨੂੰ ਐਡੀਸ਼ਨਲ ਸੈਸ਼ਨ ਜੱਜ ਅਰੁਨ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਸਮੇਂ ਵਕੀਲ ਜੀਐੱਸ ਢਿੱਲੋਂ, ਗੁਰਚਰਨ ਸਿੰਘ ਧੌਲਾ, ਬਲਵੰਤ ਸਿੰਘ ਮਾਨ, ਪ੍ਰਕਾਸ਼ਦੀਪ ਔਲਖ ਹਾਜ਼ਰ ਸਨ। ਅਦਾਲਤ ਨੇ ਜ਼ਰੂਰੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿੱਚ ਭੇਜ ਦਿੱਤਾ। ਜਿਉਂ ਹੀ ਮਨਜੀਤ ਧਨੇਰ ਨੂੰ ਜੇਲ੍ਹ ਵੱਲ ਪੁਲਿਸ ਪ੍ਰਸ਼ਾਸ਼ਨ ਲੈ ਕੇ ਗਿਆ, ਲੋਕਾਂ ਦਾ ਕਾਫ਼ਲਾ ਵੀ ਆਕਾਸ਼ ਗੁੰਜਾਊ ਨਾਹਰੇ ਮਾਰਦਾ ਹੋਇਆ ਬਰਨਾਲਾ ਜੇਲ੍ਹ ਵੱਲ ਚੱਲ ਪਿਆ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਹੁਣ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੇ ਰਿਹਾਈ ਹੋਣ ਤੱਕ ਪੱਕਾ ਮੋਰਚਾ ਬਰਨਾਲਾ ਜੇਲ੍ਹ ਦੇ ਅੱਗੇ ਜਾਰੀ ਰਹੇਗਾ। ਇਸ ਸਮੇਂ ਝੰਡਾ ਸਿੰਘ ਜੇਠੂਕੇ, ਜਗਮੋਹਨ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਪੁਰਾ ਅਤੇ ਨਰੈਣ ਦੱਤ ਆਦਿ ਆਗੂ ਵੀ ਹਾਜ਼ਰ ਸਨ।ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਕੋਕਰੀਕਲਾਂ ਨੇ ਬਾਖੂਬੀ ਚਲਾਈ।