You are here

ਚੰਡੀਗੜ੍ਹ ਚ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਰਣਨੀਤੀ ਬਣਾਉਣ ਲਈ ਅੱਜ ਇਕੱਠੀਆਂ ਹੋਣਗੀਆਂ 29 ਕਿਸਾਨ ਯੂਨੀਅਨਾਂ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ 14 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਅਤੇ ਅਗਲੀ ਰਣਨੀਤੀ ਬਣਾਉਣ ਲਈ 29 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਮੰਗਲਵਾਰ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮੰਤਰੀਆਂ ਦੇ ਆਧਾਰਿਤ ਕਮੇਟੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਟਿੰਗ ਵਿਚ ਨਾ ਜਾਣ ਦਾ ਫ਼ੈਸਲਾ ਲਿਆ ਹੈ।

ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਵਿਚ ਫੁੱਟ ਪਾਉਣ ਦਾ ਯਤਨ ਕਰ ਰਹੀ ਹੈ ਕਿਉਂਕਿ ਮੀਟਿੰਗ ਵਿਚ ਹਰਿਆਣਾ ਤੇ ਦੂਸਰੇ ਰਾਜਾਂ ਦੇ ਕਿਸਾਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮੀਟਿੰਗ ਵਿਚ ਕੌਣ-ਕੌਣ ਸ਼ਾਮਲ ਹੋਣਗੇ। ਜਦੋਂ ਤਕ ਪ੍ਰਧਾਨ ਮੰਤਰੀ ਖੁਦ ਮੀਟਿੰਗ ਵਿਚ ਸ਼ਾਮਲ ਨਹੀਂ ਹੁੰਦੇ ਉਦੋਂ ਤਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗੀ। ਬਲਜਿੰਦਰ ਤਲਵੰਡੀ ਦਾ ਕਹਿਣਾ ਹੈ ਕਿ 29 ਜਥੇਬੰਦੀਆਂ ਦੀ ਸਾਂਝੀ ਕਮੇਟੀ ਵੱਲੋਂ ਕਿਸਾਨ ਹਿੱਤਾਂ ਵਿਚ ਲਏ ਜਾਣ ਵਾਲੇ ਫ਼ੈਸਲਿਆਂ ਨਾਲ ਉਹ ਸਹਿਮਤ ਹੋਣਗੇ।

29 ਕਿਸਾਨ ਯੂਨੀਅਨਾਂ ਦੀ ਮੰਗਲਵਾਰ ਦੀ ਮੀਟਿੰਗ ਵਿਚ ਬੁੱਧਵਾਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਬਾਰੇ ਚਰਚਾ ਕੀਤੀ ਜਾਵੇਗੀ। ਜ਼ਿਆਦਾਤਰ ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਹਿਮਤ ਹਨ, ਪਰ ਮੀਟਿੰਗ ਵਿਚ ਖੇਤੀ ਕਾਨੂੰਨ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਦਾ ਕਹਿਣਾ ਹੈ ਕਿਸਾਨ ਘੋਲ ਨੂੰ ਅਗਲੀ ਦਿਸ਼ਾ ਦੇਣ ਲਈ ਅੰਤਿਮ ਫ਼ੈਸਲਾ 15 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਵੇਗਾ ਕਿਉਂਕਿ ਬੁੱਧਵਾਰ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ 'ਚ ਕੇਂਦਰ ਦੇ ਰੁਖ਼ ਦਾ ਪਤਾ ਵੀ ਲੱਗ ਜਾਵੇਗਾ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ ਰੇਲਵੇ ਲਾਈਨਾਂ,ਟੋਲ ਪਲਾਜੇ ਅਤੇ ਰਿਲਾਇੰਸ ਦੇ ਪੰਪਾਂ 'ਤੇ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਪੰਜਾਬ ਦੇ ਹਰੇਕ ਵਰਗ ਅਤੇ ਸਿਆਸੀ ਪਾਰਟੀ ਨੇ (ਭਾਜਪਾ ਤੋਂ ਬਿਨਾਂ) ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਹੋਇਆ ਹੈ। ਕਈ ਥਾਵਾਂ ਤੇ ਭਾਜਪਾ ਵਰਕਰ ਵੀ ਪਾਰਟੀ ਛੱਡ ਕਿਸਾਨਾਂ ਨਾਲ ਮਿਲ ਚੁੱਕੇ ਹਨ।