ਮਹਿਲ ਕਲਾਂ/ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ) - ਜਹਿਰੀਲੀ ਸ਼ਰਾਬ ਪੀਣ ਨਾਲ ਮਾਝਾ ਖੇਤਰ 'ਚ 100 ਤੋਂ ਵਧੇਰੇ ਆਮ ਸਧਾਰਣ ਲੋਕਾਂ ਦੀਆਂ ਮੌਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਰਾਬ ਮਾਫੀਆ,ਅਫਸਰ ਸ਼ਾਹੀ, ਸਿਆਸੀ ਚੌਧਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਲੋਕਾਂ ਦੇ ਮਿਥ ਕੇ ਕਤਲ ਕਰ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਖਤਰਨਾਕ ਦੌਰ 'ਚ ਆਮ ਲੋਕਾਂ ਦਾ ਇਸ ਤਰ੍ਹਾਂ ਨਾਲ ਮੌਤ ਦੇ ਮੂੰਹ 'ਚ ਜਾ ਕੇ ਪੈਣ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਗੱਠਜੋੜ ਬਿਨਾਂ ਰੋਕ-ਟੋਕ ਤੋਂ ਇਸ ਗੰਦੀ ਖੇਡ 'ਚ ਮਸ਼ਰੂਫ ਹੈ।ਉਨ੍ਹਾਂ ਕਿਹਾ ਕਿ ਤਰਨਤਾਰਨ ਸ਼ਹਿਰ ਦੀ ਗੋਕਪੁਰਾ ਬਸਤੀ 'ਚ ਰਹਿੰਦੇ ਇੱੱਕ ਰਿਕਸ਼ਾ ਚਾਲਕ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਉਸ ਦੀ ਪਤਨੀ ਦੀ ਹਾਰਟਅਟੈਕ ਨਾਲ ਚਲ ਵਸੀ ਉਸ ਤੋਂ ਬਾਅਦ ਪੰਜ ਤੋਂ ਗਿਆਰਾਂ ਸਾਲ ਦੇ 4 ਬੱਚੇ ਯਤੀਮ ਹੋ ਗਏ । ਦੋਹਾਂ ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱੱਖ ਮੰਤਰੀ ਨੇ ਹੱਥ 'ਚ ਗੁਟਕਾ ਸਾਹਿਬ ਫੜ ਕਿ 4 ਹਫਤਿਆਂ 'ਚ ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਸੀ । ਪਰ ਹਾਲਾਤ ਇਸ ਦੇ ਉਲਟ ਹਨ। ਕੀ ਕੈਪਟਨ ਮੁੱੱਖ ਮੰਤਰੀ ਅਖਵਾਉਣ ਦਾ ਹੱਕ ਰੱਖਦਾ ਹੈ। ਉਨ੍ਹਾਂ ਪਿਛਲੇ ਦਿਨੀਂ ਮਾਲਵਾ ਖੇਤਰ ਦੇ ਬੇਟ ਇਲਾਕੇ 'ਚ ਪੈਕਟਾਂ ਵਾਲੀ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬਾ ਸਰਕਾਰ ਨੂੰ ਇਨ੍ਹਾਂ ਮੌਤਾਂ ਅਤੇ ਸ਼ਰਾਬ ਮਾਫੀਆ ਨੂੰ ਪਾਲਣ ਦਾ ਜਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਚਿੱੱਟੇ ਦੀ ਵਿਕਰੀ ਵੀ ਪਹਿਲਾਂ ਵਾਂਗ ਪੂਰੇ ਜੋਰਾਂ ਤੇ ਹੈ ਇਸ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਚਿੱੱਟੇ ਦੀ ਵਿਕਰੀ ਪੁਲਿਸ ਦੀ ਜਾਣਕਾਰੀ ਤੋਂ ਬਿਨਾਂ ਹੋ ਰਹੀ ਹੈ ? ਉਨ੍ਹਾਂ ਕਿਹਾ ਕਿ ਨਸ਼ੇ ਦੀ ਬਰਬਾਦੀ ਖਿਲਾਫ਼ ਇਂਕ ਵਾਰ ਫਿਰ ਜਬਰਦਸਤ 'ਨਸ਼ਾ ਵਿਰੋਧੀ ਲਹਿਰ 'ਦੀ ਉਸਾਰੀ ਦੀ ਜਰੂਰਤ ਹੈ।