ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਡੇਅਰੀ ਕਿੱਤਾ ਅਪਨਾਉਣ-ਡਿਪਟੀ ਡਾਇਰੈਕਟਰ ਡੇਅਰੀ
ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਪਿੰਡ ਚਾਹੜ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਵਿਸਥਾਰ, ਸਿਖ਼ਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ. ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਪੂਰਜੋਰ ਯਤਨ ਕਰ ਰਹੀ ਹੈ। ਡੇਅਰੀ ਦਾ ਕਿੱਤਾ ਸਭ ਤੋਂ ਉੱਤਮ ਧੰਦਾ ਹੈ ਜੋ ਕਿਸਾਨਾਂ ਨੂੰ ਇਸ ਫਸਲੀ ਚੱਕਰ ਵਿੱਚੋਂ ਕੱਢ ਸਕਦਾ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਇਸ ਸਾਲ ਅਜਿਹੇ 20 ਕੈਂਪ ਲਗਾਏ ਜਾਣਗੇ। ਉਹਨਾਂ ਭਾਗ ਲੈ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਵਿਕਾਸ ਵਿਭਾਗ ਨਾਲ ਤਾਲਮੇਲ ਕਰਕੇ ਇਸ ਕਿੱਤੇ ਸਬੰਧੀ ਜਾਣਕਾਰੀ ਹਾਸਿਲ ਕਰਨ ਅਤੇ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਸ ਉਪਰੰਤ ਉਹਨਾਂ ਨੇ ਵਿਭਾਗ ਦੀਆਂ ਸਕੀਮਾਂ ਡੇਅਰੀ ਧੰਦੇ ਦੀ ਮਹੱਤਤਾ ਅਤੇ ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤਿਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮਲਕੀਤ ਸਿੰਘ ਟੈਕਨੀਕਲ ਅਫ਼ਸਰ, ਡਾ. ਸਤਿੰਦਰ ਕੌਰ ਮੱਛੀ ਪਾਲਣ ਅਫ਼ਸਰ, ਦਰਸਨ ਸਿੰਘ ਚੀਮਾ, ਬਲਵਿੰਦਰ ਸਿੰਘ ਪੰਧੇਰ ਕਾਰਜਕਾਰੀ ਅਫ਼ਸਰ ਬੀਜਾ, ਡਾ ਵਿਨੋਦ ਕੁਮਾਰ ਗੁਪਤਾ ਸਾਬਕਾ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸੰਤੋਖ ਸਿੰਘ ਭੱਟੀ, ਡੇਅਰੀ ਵਿਕਾਸ ਇੰਸਪੈਕਟਰ, ਡਾ. ਗੁਰਬੀਰ ਸਿੰਘ ਰਿਸਰਚ ਫੈਲੋ ਆਦਿ ਨੇ ਵੀ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣੂ ਕਰਵਾਇਆ। ਪਿੰਡ ਦੇ ਸਰਪੰਚ ਸਤਨਾਮ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੈਂਪ ਵਿੱਚ ਪਿੰਡ ਚਾਹੜ ਦੇ ਨਾਲ-ਨਾਲ ਪਿੰਡ ਨੂਰਪੁਰ ਬੇਟ, ਖਹਿਰਾ ਬੇਟ, ਖੜਕ ਅਤੇ ਗੜਾਂ ਦੇ 110 ਦੁੱਧ ਉਤਪਾਦਕਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਕਿਸਾਨਾਂ ਦੁਆਰਾ ਲਿਆਂਦੇ ਗਏ ਪਸ਼ੂ ਖੁਰਾਕ ਦੇ ਸੈਂਪਲ ਜਰਨੈਲ ਸਿੰਘ, ਲੈਬ ਇੰਚਾਰਜ ਨੇ ਮੋਬਾਈਲ ਲੈਬਾਰਟਰੀ ਵੈਨ ਵਿਚ ਆਟੋਮੈਟਿਕ ਫੀਡ ਟੈਸਟਿੰਗ ਐਨਾਲਾਈਜਰ ਦੁਆਰਾ ਮੌਕੇ 'ਤੇ ਹੀ ਟੈਸਟ ਕਰਕੇ ਉਹਨਾਂ ਦੁਆਰਾ ਵਰਤੀ ਜਾ ਰਹੀ ਫੀਡ ਬਾਰੇ ਜਾਣਕਾਰੀ ਦਿੱਤੀ।