You are here

ਕਿਰਨ ਢੇਸੀ ਕਤਲ ch ਮੁਲਜ਼ਮ ਨੌਜਵਾਨ ਦੀ ਮਾਂ ਵੀ ਗ੍ਰਿਫ਼ਤਾਰ

ਵੈਨਕੂਵਰ, ਮਈ-ਸਰੀ ’ਚ ਕਰੀਬ ਦੋ ਸਾਲ ਪਹਿਲਾਂ ਹੋਏ 19 ਸਾਲਾ ਮੁਟਿਆਰ ਭਵਕਿਰਨ ਢੇਸੀ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਕੁਝ ਦਿਨ ਪਹਿਲਾਂ ਪੁਲੀਸ ਨੇ ਲੜਕੀ ਦੇ ਦੋਸਤ ਹਰਜੋਤ ਸਿੰਘ ਦਿਓ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ ਪਰ ਅੱਜ ਪੁਲੀਸ ਨੇ ਨੌਜਵਾਨ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਮਨਜੀਤ ਕੌਰ ਦਿਓ (54) ਵਜੋਂ ਹੋਈ ਹੈ। ਪੁਲੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੂੰ ਸਬੂਤ ਮਿਲੇ ਸਨ ਕਿ ਮੁਲਜ਼ਮ ਨੌਜਵਾਨ ਦੀ ਮਾਂ ਨੇ ਕਤਲ ਤੋਂ ਬਾਅਦ ਆਪਣੇ ਪੁੱਤਰ ਨੂੰ ਬਚਾਉਣ ਲਈ ਕੁਝ ਗ਼ਲਤ ਹਥਕੰਡੇ ਅਪਣਾਏ ਸਨ। ਸਰੀ ਦੀ ਪੁਲੀਸ ਸੁਪਰਡੈਂਟ ਡੋਨਾ ਰਿਚਰਡਸਨ ਅਤੇ ਦਿਵੈਨੀ ਮੈਕਡੌਨਲਡ ਨੇ ਦੱਸਿਆ ਕਿ 2 ਅਗਸਤ 2017 ਨੂੰ ਤੜਕਸਾਰ ਸਰੀ ਦੇ ਦੱਖਣੀ ਪਾਸੇ 24 ਐਵੇਨਿਊ ਸਥਿਤ 187 ਸਟਰੀਟ ਉੱਤੇ ਕਾਰ ਨੂੰ ਅੱਗ ਲੱਗੀ ਹੋਣ ਬਾਰੇ ਪਤਾ ਲੱਗਿਆ ਸੀ। ਪੁਲੀਸ ਨੂੰ ਉਸ ਕਾਰ ’ਚੋਂ 19 ਸਾਲਾ ਵਿਦਿਆਰਥਣ ਕਿਰਨ ਢੇਸੀ ਦੀ ਲਾਸ਼ ਮਿਲੀ ਸੀ। ਮੌਤ ਤੋਂ 6 ਮਹੀਨੇ ਪਹਿਲਾਂ ਹੀ ਕਿਰਨ ਦਾ ਗੁਰਦਿਆਂ ਦਾ ਅਪਰੇਸ਼ਨ ਹੋਇਆ ਸੀ। ਜਾਣਕਾਰਾਂ ਅਨੁਸਾਰ ਕਿਰਨ ਬਹੁਤ ਹੋਣਹਾਰ ਲੜਕੀ ਸੀ। ਉਸ ਦੀ ਲਾਸ਼ ’ਤੇ ਹੋਏ ਜ਼ਖ਼ਮਾਂ ਤੋਂ ਪੁਲੀਸ ਨੇ ਅੰਦਾਜ਼ਾ ਲਾਇਆ ਸੀ ਕਿ ਲੜਕੀ ਦਾ ਕਤਲ ਕਰਨ ਮਗਰੋਂ ਕਾਰ ਨੂੰ ਅੱਗ ਲਾਈ ਗਈ ਹੈ, ਤਾਂ ਕਿ ਇਹ ਹਾਦਸਾ ਜਾਪੇ। ਪਲੀਸ ਅਫ਼ਸਰਾਂ ਨੇ ਦੱਸਿਆ ਕਿ ਭਾਵੇਂ ਸ਼ੱਕ ਦੀ ਸੂਈ ਕਈ ਮਹੀਨੇ ਪਹਿਲਾਂ ਹੀ ਹਰਜੋਤ ਉੱਤੇ ਟਿਕ ਗਈ ਸੀ, ਪਰ ਸਬੂਤ ਇਕੱਠੇ ਕਰਨ ’ਚ ਸਮਾਂ ਲੱਗ ਗਿਆ। ਪੁਲੀਸ ਅਨੁਸਾਰ ਜਾਂਚ ਦੌਰਾਨ ਮਨਜੀਤ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਪਤਾ ਲੱਗਾ ਹੈ।