ਹਠੂਰ/ਲੁਧਿਆਣਾ, ਅਗਸਤ 2020 -( ਨਛੱਤਰ ਸੰਧੂ/ਮਨਜਿੰਦਰ ਗਿੱਲ)- ਪੰਜ ਦਿਨ ਪਹਿਲਾਂ ਪਿੰਡ ਦੇਹੜਕਾ 'ਚ ਗੁਰੂਘਰ ਦੇ ਬਜ਼ੁਰਗ ਪ੍ਰਧਾਨ ਦੀ ਲੜਾਈ ਦੌਰਾਨ ਦਾੜ੍ਹੀ ਪੁੱਟਣ ਤੇ ਬੇਇੱਜ਼ਤੀ ਕਰਨ ਦੇ ਮਾਮਲੇ 'ਚ ਹਠੂਰ ਪੁਲਿਸ ਵਲੋਂ ਕਾਰਵਾਈ ਦੀ ਥਾਂ ਸਮਝੌਤੇ ਦੀ ਉਡੀਕ ਕਰਨਾ ਮੰਦਭਾਗਾ ਹੈ। ਇਲਾਕੇ ਦੇ ਪਿੰਡ ਦੇਹੜਕਾ ਵਾਸੀ ਤਕਰੀਬਨ 70 ਸਾਲਾ ਬਜ਼ੁਰਗ ਰਣਜੀਤ ਸਿੰਘ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ ਜਿਥੇ ਆਪਣੇ ਨਾਲ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਪਿੰਡ ਦੇ ਕੁੱਝ ਮੋਹਤਵਰ ਵਿਅਕਤੀਆਂ ਵਲੋਂ ਕੀਤੀ ਜਾ ਰਹੀ ਸਿਆਸਤ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਹੈ । ਪਰ ਮੈਂ ਮੀਡੀਆ ਰਾਹੀਂ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਮੇਰੀ ਦਾਹੜੀ ਪੁੱਟਣ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ ਤੇ ਯੋਗ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
ਉਹਨਾਂ ਅੱਗੇ 30 ਜੁਲਾਈ ਦੀ ਘਟਨਾ ਵਾਰੇ ਗਲ ਕਰਦੇ ਹੋਏ ਦੱਸਿਆ ਕਿ ਸਵੇਰੇ ਜਦੋਂ ਉਹ ਗੁਰੂਘਰ ਤੋਂ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਘੇਰ ਲਿਆ। ਉਨ੍ਹਾਂ ਲੜਾਈ ਕਰਦਿਆਂ ਕੁੱਟਮਾਰ ਕੀਤੀ ਗਾਲਾਂ ਕੱਢੀਆਂ ਤੇ ਦਾੜ੍ਹੀ ਪੁੱਟ ਦਿੱਤੀ ਸੀ।
ਇਸ ਘਟਨਾ ਦੇ ਉਹ ਇਕੱਲੇ ਨਹੀਂ, ਕਈ ਪਿੰਡ ਦੇ ਚਸ਼ਮਦੀਦ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਸਮੇਤ ਹਠੂਰ ਪੁਲਿਸ ਨੂੰ ਇਹ ਸਾਰਾ ਦਰਦ ਬਿਆਨ ਕੀਤਾ। ਰਣਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ 84 ਦੇ ਸਿੱਖ ਕਤਲੇਆਮ ਦੌਰਾਨ ਜਦੋਂ ਮੌਤ ਦੇ ਨੱਚਦੇ ਤਾਂਡਵ ਤੋਂ ਡਰ ਕੇ ਸਿੱਖਾਂ ਨੇ ਦਾੜ੍ਹੀ ਕੇਸ ਕਟਵਾ ਲਏ ਸਨ, ਅਜਿਹੇ 'ਚ ਉਨ੍ਹਾਂ ਨੇ ਕੇਸ ਰੱਖਦਿਆਂ ਅੰਮਿ੍ਤਪਾਨ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਇਨਸਾਫ਼ ਦੇ ਗੂਗੇ ਗਾਏ ਜਾ ਰਹੇ ਹਨ, ਅਜਿਹੇ ਸਮੇਂ ਉਨ੍ਹਾਂ ਦੇ ਸ਼ਰੇਆਮ ਕੇਸ ਕਤਲ ਕੀਤੇ ਜਾਂਦੇ ਹਨ ਤੇ ਹਠੂਰ ਪੁਲਿਸ 5 ਦਿਨਾਂ ਤੋਂ ਕਾਰਵਾਈ ਦੀ ਥਾਂ ਦੂਜੀ ਧਿਰ ਦੇ ਦਬਾਅ ਤਹਿਤ ਸਮਝੌਤੇ ਦੀ ਉਡੀਕ ਕਰ ਰਹੇ ਹਨ। ਅੱਜ ਵੀ ਥਾਣਾ ਹਠੂਰ ਦੇ ਮੁਖੀ ਨੇ ਘੰਟਾਬੱਧੀ ਉਨ੍ਹਾਂ ਨੂੰ ਬਿਠਾ ਕੇ ਬਿਨਾਂ ਕਾਰਵਾਈ ਦੇ ਮੋੜ ਦਿੱਤਾ।
ਇਸ ਸਬੰਧੀ ਜਦੋਂ ਥਾਣਾ ਹਠੂਰ ਦੇ ਮੁਖੀ ਰੁਬਨੀਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪੀੜਤ ਬਜ਼ੁਰਗ ਦੇ ਨਾਲ ਹਨ, ਨਾ ਕਿ ਸਮਝੌਤਾ ਕਰਵਾਉਣ 'ਚ। ਉਕਤ ਦੋਵੇਂ ਧਿਰਾਂ 'ਚ ਹੀ ਆਪਸੀ ਸਹਿਮਤੀ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਸੀ। ਇਸ ਮਾਮਲੇ ਵਿਚ ਉਹ ਮੁਕੱਦਮਾ ਦਰਜ ਕਰ ਰਹੇ ਹਨ।