ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਣ ਭਾਰਤ ਸਰਕਾਰ ਨੇ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਕਰਫਿਊ ਦਾ ਅੈਲਾਨ ਕੀਤਾ ਗਿਆ। ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਇਸ ਫੈਸਲੇ ਦੀ ਪਾਲਣਾ ਕਰਦੇ ਹੋਏ ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ, ਜਿਸ ਰਾਹੀਂ ਸਾਰੇ ਅਧਿਆਪਕ ਸਵੇਰੇ 10:00ਵਜੇ ਤੋਂ ਦੁਪਹਿਰ 02:00ਵਜੇ ਤੱਕ ਵਿਦਿਆਰਥੀਆਂ ਨੂੰ ਹਰ ਵਿਸ਼ੇ ਤੇ ਆਨਲਾਈਨ ਸਿੱਖਿਆ ਦੇ ਰਹੇ ਹਨ। ਉਹਨਾਂ ਦੀਆਂ ਸਮੱਸਿਆਂਵਾਂ ਦਾ ਸਮਾਧਾਨ ਵੀ ਕਰ ਰਹੇ ਹਨ, ਤਾਂ ਜੋ ਬੱਚੇ ਇਸ ਸਮੱਸਿਆਂ ਦੀ ਘੜੀ ਵਿੱਚ ਆਪਣੇ ਆਪ ਨੂੰ ਇੱਕਲੇ ਨਾ ਸਮਝਣ ਤੇ ਆਪਣੇ ਜੀਵਨ ਨੂੰ ਪਹਿਲਾਂ ਦੀ ਤਰ੍ਹਾਂ ਰੁਝੇਵਿਆਂ ਭਰਿਆ ਮਹਿਸੂਸ ਕਰਨ । ਪੜ੍ਹਾਈ ਦੇ ਨਾਲ-ਨਾਲ ਡੀ. ਪੀ. ਅਧਿਆਪਕ ਦੁਆਰਾ ਯੋਗਾ, ਇਨਡੋਰ ਖੇਡਾਂ ਅਤੇ ਕਈ ਪ੍ਰਕਾਰ ਦੀਆਂ ਕਸਰਤਾਂ ਦੇ ਬਾਰੇ ਵੀ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਇਸ ਤੋਂ ਇਲਾਵਾ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਸਮੇਂ-ਸਮੇਂ ਤੇ ਇਸ ਬਿਮਾਰੀ ਤੋਂ ਬਚਣ ਲਈ ਲੋੜੀਂਦੇ ਸੁਝਾਅ ਵੀ ਦਿੱਤੇ ਜਾਂਦੇ ਹਨ, ਜਿਵੇਂ ਮਾਸਕ ਦੀ ਵਰਤੋਂ ਕਰਨਾ, ਵੱਧ ਤੋਂ ਵੱਧ ਹੱਥ ਧੋਣੇ, ਘਰ ਤੋਂ ਬਾਹਰ ਨਾ ਨਿਕਲਣਾ ਅਤੇ ਖੰਘਣ ਤੇ ਛਿੱਕਣ ਵੇਲੇ ਮੂੰਹ ਨੂੰ ਰੁਮਾਲ ਨਾਲ ਢੱਕਣਾ ਆਦਿ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਤੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਹਨ। ਅਧਿਆਪਕਾਂ ਦੁਆਰਾ ਦਿੱਤੇ ਟਾਈਮ ਟੇਬਲ ਅਨੁਸਾਰ ਬੱਚਿਆਂ ਨਾਲ ਘਰ ਵਿਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕਰਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਜੀ ਨੇ ਦੱਸਿਆ ਕਿ ੳੁਨ੍ਹਾਂ ਦਾ ਮੁੱਖ ਮੰਤਵ ਬੱਚਿਆਂ ਦੀ ਪੜ੍ਹਾਈ ਵਿਚ ਰੁਚੀ ਬਣਾਈ ਰੱਖਣਾ ਹੈ ਤਾਂ ਜੋ ਘਰ ਵਿਚ ਰਹਿਣ ਤੇ ਆਪਣੀ ਪੜ੍ਹਾਈ ਵੀ ਕਰਨ। ਉਹਨਾਂ ਨੇ ਮਾਪਿਆਂ ਦਾ ਵੀ ਇਸ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸਕੂਲ ਦੇ ਮੈਨੇਜਮੈਂਟ ਕਮੇਟੀ ਨੇ ਆਨਲਾਈਨ ਸਿੱਖਿਆ ਨੂੰ ਇੱਕ ਸ਼ਲਾਘਾ ਯੋਗ ਕਦਮ ਦੱਸਿਆ ਹੈ।