ਲੁਧਿਆਣਾ, 29 ਫਰਵਰੀ(ਟੀ. ਕੇ.)
ਪੀ.ਏ.ਯੂ. ਨੇ ਅੱਜ ਰਾਜਪੁਰਾ, ਹਰਿਆਣਾ ਦੇ ਸ਼੍ਰੀ ਰਿਪੂਦਮਨ, ਰਾਇਲ ਸ਼ੂਗਰਕੇਨ ਪ੍ਰਾਈਵੇਟ ਲਿਮਿਟਡ, 140401, ਨਾਲ ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤੇ ਉਪਰ ਸਹੀ ਪਾਈ । ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਰਿਪੂਦਮਨ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ । ਇਸ ਸਮਝੌਤੇ ਅਨੁਸਾਰ ਸੰਬੰਧਿਤ ਫਰਮ ਇਸ ਤਕਨਾਲੋਜੀ ਨੂੰ ਭਾਰਤ ਵਿੱਚ ਵਪਾਰੀਕਰਨ ਲਈ ਯੋਗ ਹੋਵੇਗੀ ।
ਇਸ ਮੌਕੇ ਡਾ. ਪੂਨਮ ਸਚਦੇਵ ਨੇ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਹੀਂ ਗੰਨੇ ਦੇ ਰਸ ਨੂੰ ਸੂਖਮ ਜੀਵਾਣੂੰਆਂ ਦੇ ਖਾਤਮੇ ਤੱਕ ਪ੍ਰੋਸੈਸ ਕਰਕੇ ਇਸਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਹ ਤਕਨਾਲੋਜੀ ਸਾਫ ਸੁਥਰੇ ਅਤੇ ਸਿਹਤਮੰਦ ਰਸ ਨੂੰ ਖਪਤਕਾਰ ਤੱਕ ਪਹੁੰਚਾਉਂਦੀ ਹੈ । ਇਸ ਤਕਨੀਕ ਨਾਲ ਸੰਭਾਲਿਆ ਗੰਨੇ ਦਾ ਰਸ ਸਿਹਤਮੰਦ ਅਤੇ ਸਾਫ਼ ਸੁਥਰਾ ਹੈ ਤੇ ਇਸ ਵਿਚ ਕਿਸੇ ਰਸਾਇਣਕ ਰੰਗ, ਸਵਾਦ ਦੀ ਵਰਤੋਂ ਨਹੀਂ ਹੋਈ।
ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਮਾਰਕੀਟਿੰਗ ਸੈਲ ਦੇ ਸਹਿਯੋਗੀ ਨਿਰਦੇਸ਼ਕ ਡਾ ਖੁਸ਼ਦੀਪ ਧਰਨੀ ਨੇ ਡਾ ਪੂਨਮ ਸਚਦੇਵ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਸ ਤਕਨਾਲੋਜੀ ਦੇ ਵਿਕਾਸ ਲਈ ਵਧਾਈ ਦਿੱਤੀ।
ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਵੀ ਸ਼੍ਰੀ ਰਿਪੂਦਮਨ ਨੂੰ ਇਸ ਤਕਨਾਲੋਜੀ ਦੇ ਪਸਾਰ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ।