You are here

ਪੀ.ਏ.ਯੂ. ਦੀ 57ਵੀਂ ਸਲਾਨਾ ਐਥਲੈਟਿਕ ਮੀਟ ਰਵਾਇਤੀ ਜੋਸ਼ੋ ਖਰੋਸ਼ ਨਾਲ ਸ਼ੁਰੂ

ਲੁਧਿਆਣਾ 29 ਫਰਵਰੀ(ਟੀ. ਕੇ.) 
 ਪੀ.ਏ.ਯੂ. ਦੇ ਖੇਡ ਮੈਦਾਨਾਂ ਵਿਚ 57 ਵੀਂ ਸਲਾਨਾ ਐਥਲੈਟਿਕ ਮੀਟ ਦਾ ਬਕਾਇਦਾ ਆਰੰਭ ਹੋ ਗਿਆ। ਉਦਘਾਟਨੀ ਸਮਾਰੋਹ ਵਿਚ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਬਰਸਟ ਮੁੱਖ  ਮਹਿਮਾਨ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਐਥਲੈਟਿਕ ਮੀਟ ਵਿਚ ਟਰੈਕ ਅਤੇ ਫੀਲਡ ਪ੍ਰਤਿਯੋਗਤਾਵਾਂ ਵਿਚ ਪੀ.ਏ.ਯੂ. ਦੇ ਸਥਾਨਕ ਕਾਲਜਾਂ ਤੋਂ ਇਲਾਵਾ ਖੇਤਰੀ ਖੋਜ ਕੇਂਦਰਾਂ ਵਿਚ ਬਣੇ ਕਾਲਜਾਂ ਦੇ ਅਥਲੀਟ ਹਿੱਸਾ ਲੈ ਰਹੇ ਹਨ। ਇਸ ਐਥਲੈਟਿਕ ਮੀਟ ਦਾ ਆਰੰਭ ਬੀਤੇ ਕੱਲ ਹੋ ਗਿਆ ਸੀ ਪਰ ਰਸਮੀ ਉਦਘਾਟਨ ਅੱਜ ਖੇਡ ਮੈਦਾਨਾਂ ਵਿਚ ਕੀਤਾ ਗਿਆ। 

ਰਾਜ ਸਭਾ ਦੇ  ਮੈਂਬਰ  ਸੰਜੀਵ ਅਰੋੜਾ ਨੇ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਉਹਨਾਂ ਨੇ ਅੱਜ ਪੀ.ਏ.ਯੂ. ਦੀ ਅਸਲੋਂ ਵੱਖਰੀ ਨੁਹਾਰ ਵੇਖੀ ਹੈ ਜਿੱਥੇ ਵੱਖ-ਵੱਖ ਰੰਗਾਂ ਵਿਚ ਸਜੇ ਖਿਡਾਰੀਆਂ ਦੀਆਂ ਟੀਮਾਂ ਮੁਕਾਬਲੇ ਲਈ ਮੈਦਾਨ ਵਿਚ ਹਨ। ਪੀ.ਏ.ਯੂ. ਖੇਤੀ ਖੋਜ ਦੀ ਸੰਸਥਾ ਹੋਣ ਦੇ ਨਾਲ-ਨਾਲ ਖੇਡ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਭਰਪੂਰ ਯੋਗਦਾਨ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪੀ.ਏ.ਯੂ. ਨੇ ਲੁਧਿਆਣਾ ਸ਼ਹਿਰ ਦੇ ਫੇਫੜਿਆਂ ਦਾ ਕੰਮ ਕਰਦੇ ਹੋਏ ਇਸ ਸ਼ਹਿਰ ਨੂੰ ਸਾਫ-ਸੁਥਰੀ ਆਬੋ ਹਵਾ ਦੇ ਨਮੂਨੇ ਵਜੋਂ ਵਿਕਸਿਤ ਕੀਤਾ ਹੈ। ਇਸੇ ਵਜ੍ਹਾ ਕਰਕੇ ਭਾਰੀ ਗਿਣਤੀ ਵਿਚ ਲੁਧਿਆਣਾ ਵਾਸੀ ਇਥੋਂ ਦੇ ਖੇਡ ਮੈਦਾਨਾਂ ਵਿਚ ਸੈਰ ਕਰਕੇ ਤਰੋਤਾਜ਼ਾ ਮਹਿਸੂਸ ਕਰਦੇ ਹਨ। ਸ਼੍ਰੀ ਅਰੋੜਾ ਨੇ ਪੀ.ਏ.ਯੂ. ਦੇ ਖੇਡ ਢਾਂਚੇ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਇਨਡੋਰ ਸਟੇਡੀਅਮ ਦੀ ਉਸਾਰੀ ਲਈ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਉਹਨਾਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਰ ਜਿੱਤ ਤੋਂ ਉੱਪਰ ਉੱਠ ਕੇ ਅਨੁਸ਼ਾਸਨ ਅਤੇ ਪ੍ਰੇਰਨਾ ਨਾਲ ਖੇਡਾਂ ਨਾਲ ਜੁੜੇ ਰਹਿਣ ਲਈ ਕਿਹਾ। ਜੋ ਖੇਡਾਂ ਵਿਚ ਭਾਗ ਨਹੀਂ ਲੈ ਰਹੇ ਉਹਨਾਂ ਨੂੰ ਤੰਦਰੁਸਤੀ ਦਾ ਮਹੱਤਵ ਯਾਦ ਕਰਾਉਂਦਿਆਂ ਸ਼੍ਰੀ ਅਰੋੜਾ ਨੇ ਖੇਡ ਮੈਦਾਨਾਂ ਵਿਚ ਆਉਣ ਦੀ ਪ੍ਰੇਰਨਾ ਦਿੱਤੀ। 

ਹਰਚਰਨ ਸਿੰਘ ਬਰਸਟ ਨੇ ਪੀ.ਏ.ਯੂ. ਦੇ ਵੱਖਰੇ ਮੁਕਾਮ ਦੀ ਗੱਲ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਸਥਾਪਿਤ ਕੀਤੀ ਗਈ ਸੀ ਪਰ ਇਸਨੇ ਕਲਾ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿਚ ਸੂਬੇ ਅਤੇ ਦੇਸ਼ ਦੀ ਭਰਵੀਂ ਖਿਦਮਤ ਕੀਤੀ ਹੈ। ਉਹਨਾਂ ਪੀ.ਏ.ਯੂ. ਦੇ ਉਹਨਾਂ ਖਿਡਾਰੀਆਂ ਨੂੰ ਨਤਮਸਤਕ ਹੁੰਦਿਆਂ ਜਿਨ੍ਹਾਂ ਨੇ ਖੇਡਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ, ਨਵੇਂ ਖਿਡਾਰੀਆਂ ਨੂੰ ਉਹਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸ. ਬਰਸਟ ਨੇ ਕਿਹਾ ਕਿ ਮੈਂ ਮਹਾਨ ਖਿਡਾਰੀਆਂ ਅਤੇ ਮਹਾਨ ਵਿਗਿਆਨੀਆਂ ਵਿਚਕਾਰ ਸਾਂਝੀ ਤੰਦ ਵਜੋਂ ਇਹ ਯੂਨੀਵਰਸਿਟੀ ਹੋਰ ਖਿਡਾਰੀ ਪੈਦਾ ਕਰਦੀ ਰਹੇਗੀ । 

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਰੰਜਿਸ਼ ਅਤੇ ਜਿੱਤ ਦੇ ਲਾਲਚ ਤੋਂ ਉੱਪਰ ਉੱਠ ਕੇ ਸਹਿਯੋਗ ਦੀ ਭਾਵਨਾ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ. ਪ੍ਰਿਥੀਪਾਲ ਸਿੰਘ, ਸ. ਚਰਨਜੀਤ ਸਿੰਘ, ਲਤਾ ਮਹਾਜਨ ਛੀਨਨ ਅਤੇ ਰਮਨਦੀਪ ਸਿੰਘ ਗਰੇਵਾਲ ਸਮੇਤ ਖਿਡਾਰੀਆਂ ਦੀ ਅਮੁੱਕ ਸੂਚੀ ਪੀ.ਏ.ਯੂ. ਦੀ ਅਮੀਰ ਵਿਰਾਸਤ ਹੈ ਜਿਨ੍ਹਾਂ ਨੇ ਦੁਨੀਆਂ ਪੱਧਰ ਤੇ ਇਸ ਯੂਨੀਵਰਸਿਟੀ ਝੰਡਾ ਬੁਲੰਦ ਕੀਤਾ। ਉਹਨਾਂ ਕਿਹਾ ਕਿ ਵਿਗਿਆਨ ਅਤੇ ਖੇਡਾਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਚੰਗਾ ਖੋਜਾਰਥੀ ਹੋਣ ਲਈ ਤੰਦਰੁਸਤ ਸਰੀਰ ਅਤੇ ਮਨ ਦਾ ਧਾਰਨੀ ਹੋਣਾ ਲਾਜ਼ਮੀ ਹੈ ਅਤੇ ਤੰਦਰੁਸਤੀ ਲਈ ਖੇਡਾਂ ਤੋਂ ਵੱਡੀ ਨਿਆਮਤ ਹੋਰ ਕੋਈ ਹੋ ਨਹੀਂ ਸਕਦੀ, ਇਸਲਈ ਖਿਡਾਰੀਆਂ ਨੂੰ ਤਪੱਸਿਆ ਵਾਂਗ ਖੇਡ ਨਾਲ ਜੁੜ ਕੇ ਅੱਗੇ ਵਧਣ ਦੀ ਇੱਛਾ ਕਰਨੀ ਚਾਹੀਦੀ ਹੈ। 

ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਹੇ। ਉਹਨਾਂ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਇਛਾਵਾ ਦਿੰਦਿਆਂ ਪੀ.ਏ.ਯੂ. ਦੇ ਮਹਾਨ ਖਿਡਾਰੀਆਂ ਤੋਂ ਪ੍ਰੇਰਨਾ ਲੈਣ ਦੀ ਗੱਲ ਕਹੀ। 

ਆਰੰਭਕ ਸਮਾਰੋਹ ਵਿਚ ਧੰਨਵਾਦ ਦੇ ਸ਼ਬਦ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਹੇ। 

ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।

ਕੱਲ੍ਹ ਹੋਏ ਮੁਕਾਬਲਿਆਂ ਵਿਚ ਮਰਦਾਂ ਦੇ 5000 ਮੀਟਰ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਤੀਬਾੜੀ ਕਾਲਜ ਦੇ ਵਾਸੂਦੇਵ ਅਤੇ ਗੌਰਵਦੀਪ ਢਿੱਲੋਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੇ। 110 ਮੀਟਰ ਰੁਕਾਵਟ ਵਾਲੀ ਦੌੜ ਵਿਚ ਖੇਤੀਬਾੜੀ ਕਾਲਜ ਦੇ ਰਮੇਸ਼ ਨੇ ਪਹਿਲਾ, ਬਾਗਬਾਨੀ ਕਾਲਜ ਦੇ ਹਰਵਿੰਦਰ ਸਿੰਘ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੇ ਗੌਰਵਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਤੀਹਰੀ ਛਾਲ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਪ੍ਰਿੰਸ ਕਰਨਵੀਰ ਸਿੰਘ ਪਹਿਲੇ ਸਥਾਨ ਤੇ ਰਹੇ। ਦੂਜੇ ਅਤੇ ਤੀਜੇ ਸਥਾਨ ਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਅਤੇ ਖੁਸ਼ਕਰਨ ਸਿੰਘ ਕਾਬਜ਼ ਹੋਏ। 400 ਮੀਟਰ ਰੁਕਾਵਟ ਦੌੜ ਵਿਚ ਖੇਤੀਬਾੜੀ ਕਾਲਜ ਦੇ ਖਿਡਾਰੀ ਰਮੇਸ਼, ਰਾਮਨਿਵਾਸ ਅਤੇ ਵਾਸੂਦੇਵ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹੇ। ਨੇਜ਼ਾ ਸੁੱਟਣ ਦੇ ਮੁਕਾਬਲਿਆਂ ਵਿਚ ਅਨਮੋਲ ਬਿਸ਼ਨੋਈ ਨੇ ਪਹਿਲਾ, ਇਸੇ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ ਨੇ ਦੂਜਾ ਅਤੇ ਭਾਸਕਰ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ, ਗੁਰਕਰਨਬੀਰ ਸਿੰਘ ਅਤੇ ਪ੍ਰਿੰਸ ਕਰਨਵੀਰ ਸਿੰਘ ਤਿੰਨਾਂ ਸਥਾਨਾਂ ਤੇ ਆਏ। ਉੱਚੀ ਛਾਲ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ, ਦੂਜਾ ਸਥਾਨ ਬਾਗਬਾਨੀ ਕਾਲਜ ਦੇ ਹਰਵਿੰਦਰ ਸਿੰਘ ਅਤੇ ਤੀਜਾ ਸਥਾਨ ਖੇਤੀਬਾੜੀ ਕਾਲਜ ਦੇ ਸਾਹਿਲ ਨੂੰ ਮਿਲਿਆ।  ਚਾਰ ਗੁਣਾ ੪੦੦ ਮੀਟਰ ਦੌੜ ਵਿਚ ਇੰਜਨੀਅਰਿੰਗ ਕਾਲਜ ਦੀ ਟੀਮ ਪਹਿਲੇ, ਖੇਤੀਬਾੜੀ ਕਾਲਜ ਦੀ ਟੀਮ ਦੂਜੇ ਅਤੇ ਬਾਗਬਾਨੀ ਕਾਲਜ ਦੀ ਟੀਮ ਤੀਜੇ ਸਥਾਨ ਤੇ ਰਹੀ। 

ਲੜਕੀਆਂ ਦੇ ਵਰਗ ਵਿਚ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੀਆਂ ਸ਼ੁਸ਼ੀਲ ਗਰੇਵਾਲ, ਜਸਲੀਨ ਕੌਰ ਅਤੇ ਤਨੂਸ਼੍ਰੀ ਘੋਸ਼ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਲੜਕੀਆਂ ਦੀ 1500 ਮੀਟਰ ਦੀ ਦੌੜ ਵਿਚ ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਪਹਿਲੇ, ਬਾਗਬਾਨੀ ਕਾਲਜ ਦੀ ਹਰਿਤਾ ਦੂਜੇ ਅਤੇ ਖੇਤੀਬਾੜੀ ਕਾਲਜ ਦੀ ਅਰੁੰਦਿੱਤੀ ਡੋਗਰਾ ਤੀਜੇ ਸਥਾਨ ਤੇ ਰਹੀ। ਉੱਚੀ ਛਾਲ ਵਿਚ ਪਹਿਲਾ ਸਥਾਨ ਬਾਗਬਾਨੀ ਕਾਲਜ ਦੀ ਹਰਿਤਾ, ਦੂਜਾ ਖੇਤੀਬਾੜੀ ਕਾਲਜ ਦੀ ਮਨਜੋਤ ਕੌਰ ਅਤੇ ਤੀਜੀ ਇੰਜਨੀਅਰਿੰਗ ਕਾਲਜ ਦੀ ਭਾਵਨਾ ਨੂੰ ਮਿਲਿਆ। ਡਿਸਕਸ ਸੁੱਟਣ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਜਸਲੀਨ ਕੌਰ ਪਹਿਲੇ ਅਤੇ ਖੇਤੀਬਾੜੀ ਕਾਲਜ ਦੀ ਸ਼ੁਸ਼ੀਲ ਗਰੇਵਾਲ ਦੂਜੇ ਸਥਾਨ 'ਤੇ ਰਹੇ।