You are here

ਭਾਰਤੀ ਫੌਜ ਨੇ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਮਿਲਣ ਦਾ ਦਾਅਵਾ ਕੀਤਾ

ਨਵੀਂ ਦਿੱਲੀ, ਅਪਰੈਲ ਨੇਪਾਲ ਵਿੱਚ ਇਕ ਚੋਟੀ ਨੂੰ ਸਰ ਕਰਨ ਦੀ ਮੁਹਿੰਮ ’ਤੇ ਨਿਕਲੇ ਭਾਰਤੀ ਫ਼ੌਜ ਦੇ ਪਰਬਤਾਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਿਮ ਮਾਨਵ, ਜਿਸ ਨੂੰ ਪੌਰਾਣਿਕ ਕਥਾਵਾਂ ਵਿੱਚ ਯੇਤੀ ਕਿਹਾ ਜਾਂਦਾ ਹੈ, ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ। ਭਾਰਤੀ ਫ਼ੌਜ ਦੇ ਏਡੀਜੀਪੀਆਈ ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵਿਗਿਆਨਕ ਭਾਈਚਾਰਾ ਹਾਲਾਂਕਿ ਯੇਤੀ ਸਬੰਧੀ ਪੁਰਾਣਕ ਕਥਾਵਾਂ ਨੂੰ ਮਿੱਥ ਮੰਨਦਾ ਹੈ। ਯੇਤੀ ਅਸਲ ਵਿੱਚ ਨੇਪਾਲੀ ਲੋਕ-ਕਥਾਵਾਂ ਦਾ ਹਿੱਸਾ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਹਿਮ ਮਾਨਵ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਉੱਚੀਆਂ ਟੀਸੀਆਂ ’ਤੇ ਰਹਿੰਦਾ ਹੈ।
ਦੱਸਿਆ ਗਿਆ ਹੈ ਕਿ ਮੇਜਰ ਮਨੋਜ ਜੋਸ਼ੀ ਦੀ ਅਗਵਾਈ ਵਾਲੀ 18 ਮੈਂਬਰੀ ਭਾਰਤੀ ਫ਼ੌਜ ਦੀ ਪਰਬਤਾਰੋਹੀਆਂ ਦੀ ਮੁਹਿੰਮ ਟੀਮ ਨੇ 9 ਅਪਰੈਲ ਨੂੰ ਮਾਊਂਟ ਮਕਾਲੂ ਨੇੜਲੇ ਬੇਸ ਕੈਂਪ ਕੋਲ 32X15 ਇੰਚ ਦੇ ਨਾਪ ਦੇ ਪੌਰਾਣਿਕ ਜਾਨਵਰ ਯੇਤੀ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ। ਵੱਡ ਅਕਾਰੀ ਪੈਰਾਂ ਦੇ ਇਹ ਨਿਸ਼ਾਨ ਪੂਰਬੀ ਨੇਪਾਲ ਦੇ ਹਿੱਸੇ ਕੋਲ ਦੇਖੇ ਗਏ ਹਨ। ਫੌਜ ਵੱਲੋਂ ਇਨ੍ਹਾਂ ਨਿਸ਼ਾਨਾਂ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵੱਡੇ ਆਕਾਰ ਦੇ ਪੈਰਾਂ ਦੇ ਨਿਸ਼ਾਨ ਇਕ ਕਤਾਰ ਵਿੱਚ ਸਿੱਧੇ ਇਕ ਪਾਸੇ ਜਾ ਰਹੇ ਹਨ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਇਨ੍ਹਾਂ ਤਸਵੀਰਾਂ ਨੂੰ ਸਬੰਧਤ ਮਾਹਿਰਾਂ ਨਾਲ ਸਾਂਝਿਆਂ ਕਰੇਗੀ। ਟੀਮ ਨੇ ਸੈਟੇਲਾਈਟ ਕਮਿਊਨੀਕੇਸ਼ਨ ਜ਼ਰੀਏ ਇਹ ਤਸਵੀਰਾਂ ਭੇਜੀਆਂ ਹਨ। ਮਕਾਲੂ ਵਿਸ਼ਵ ਦੀ ਪੰਜਵੀ ਸਭ ਤੋਂ ਉੱਚੀ ਚੋਟੀ ਹੈ, ਜਿਸ ਦੀ ਉਚਾਈ ਲਗਪਗ 8485 ਮੀਟਰ ਹੈ। ਪਿਛਲੇ ਸਮੇਂ ਵਿੱਚ ਇਸ ਰਹੱਸਮਈ ਹਿਮ ਮਾਨਵ ਨੂੰ ਮਕਾਲੂ-ਬਾਰੂਨ ਨੈਸ਼ਨਲ ਪਾਰਕ ਨੇੜੇ ਵੇਖੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਯੇਤੀ ਬਾਰੇ ਕਈ ਪੌਰਾਣਿਕ ਲੋਕ ਕਥਾਵਾਂ ਪ੍ਰਚੱਲਿਤ ਹਨ ਕਿ ਉਹ ਨੇਪਾਲ ਤੇ ਤਿੱਬਤ ਦੇ ਹਿਮਾਲਿਆਈ ਖੇਤਰ ਵਿੱਚ ਰਹਿੰਦਾ ਹੈ।