ਭੁਲੱਥ, ਅਪਰੈਲ ਇਥੋਂ ਨੇੜਲੇ ਵੱਖ-ਵੱਖ ਪਿੰਡਾਂ ਵਿਚ ਕਣਕ ਅਤੇ ਨਾੜ ਨੂੰ ਲੱਗੀ ਅੱਗ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਇਸ ਨਾਲ ਜਿੱਥੇ ਵਾਤਾਵਰਣ ਵਿਚ ਫੈਲੇ ਧੂੰਏਂ ਨਾਲ ਲੋਕਾਂ ਲਈ ਸਾਹ ਲੈਣਾ ਔਖਾ ਹੋਇਆ ਪਿਆ ਸੀ ਉਥੇ ਹਜ਼ਾਰਾਂ ਜੀਵ ਜੰਤੂ ਅੱਗ ਨਾਲ ਮਾਰੇ ਗਏ ਤੇ ਕਿਸਾਨਾਂ ਦੀ ਬਚੀ ਖੁਚੀ ਕਣਕ ਤੇ ਹਜ਼ਾਰਾਂ ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਪਿੰਡ ਭਟਨੂਰਾ ਕਲਾਂ ਨੇੜੇ ਚਾਰ ਪਰਵਾਸੀ ਮਜ਼ਦੂਰਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀ ਖ਼ਬਰ ਹੈ। ਪਿੰਡ ਜੈਦ, ਲੰਮੇ, ਭਟਨੂਰਾ ਖੁਰਦ, ਭਟਨੂਰਾ ਕਲਾਂ, ਭਟਨੂਰਾ ਜੱਦੀਆਂ, ਮੇਤਲੇ, ਰਾਮਗੜ੍ਹ, ਮਹਿਮਦ ਪੁਰ, ਕਮਰਾਵਾਂ, ਖੱਸਣ, ਮਾਨਾ ਤਲਵੰਡੀ, ਕੁੱਦੋਵਾਲ ਤੇ ਹੋਰ ਦਰਜ਼ਨਾਂ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਹਜ਼ਾਰਾਂ ਏਕੜ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਮੌਕੇ ਭਟਨੂਰਾ ਖੁਰਦ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਚਾਰ-ਪੰਜ ਸੌ ਏਕੜ ਵਿਚ ਨਾੜ ਅਤੇ 10-12 ਏਕੜ ਕਣਕ ਤੇ ਲੋਕਾਂ ਦੁਆਰਾ ਬਣਾਈ ਗਈ ਤੂੜੀ ਸੜ ਕੇ ਸੁਆਹ ਹੋ ਗਈ। ਅੱਗ ਦੇ ਸੇਕ ਤੇ ਧੂੰਏਂ ਨਾਲ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਸੀ ਤੇ ਲੋਕਾਂ ਦੇ ਘਰਾਂ ਵਿੱਚ ਸਵਾਹ ਦੇ ਢੇਰ ਲੱਗੇ ਹੋਏ ਹਨ। ਇਸ ਮੌਕੇ ਪਿੰਡ ਜੈਦ ਦੇ ਸਰਪੰਚ ਹਰਵਿੰਦਰ ਸਿੰਘ, ਭਟਨੂਰਾ ਕਲਾ ਦੇ ਸਰਪੰਚ ਕਰਨੈਲ ਸਿੰਘ ਢਿੱਲੋਂ, ਭਟਨੂਰਾ ਜੱਦੀਆਂ ਦੇ ਸਰਪੰਚ ਸਰਬਜੀਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਹਾਦਸਿਆਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹੇ ਜਾਣ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇ।
ਸ਼ਾਹਕੋਟ (ਪੱਤਰ ਪ੍ਰੇਰਕ) ਬਿਜਲੀ ਦੀਆਂ ਤਾਰਾਂ ਤੋਂ ਸ਼ਾਰਟ-ਸਰਕਟ ਹੋਣ ਕਾਰਨ ਅੱਜ ਪਿੰਡ ਦਾਨੇਵਾਲ ਦੇ ਇਕ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਸੁਰਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਦਾਨੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਨਾਲ ਨਿਕਲੀ ਚੰਗਿਆੜੀ ਨਾਲ ਉਨ੍ਹਾਂ ਦੀ ਕਣਕ ਨੂੰ ਅੱਗ ਲੱਗ ਗਈ।