You are here

ਡੇਵਿਡ ਕੈਮਰਨ ਦੇ ਇਕ ਅੰਗ ਰੱਖਿਅਕ ਦੀ ਪਿਸਤੌਲ ਬਿ੍ਟਿਸ਼ ਏਅਰਵੇਜ਼ ਦੇ ਪਾਖਾਨੇ 'ਚ ਰਹਿ ਗਈ

ਲੰਡਨ, ਫ਼ਰਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

 ਨਿਊਯਾਰਕ ਤੋਂ ਲੰਡਨ ਆ ਰਹੀ ਉਡਾਣ ਦੌਰਾਨ ਯੂ. ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਇਕ ਅੰਗ ਰੱਖਿਅਕ ਦੀ ਪਿਸਤੌਲ ਬਿ੍ਟਿਸ਼ ਏਅਰਵੇਜ਼ ਦੇ ਪਾਖਾਨੇ 'ਚ ਰਹਿ ਗਈ, ਜਿਸ ਨੂੰ ਇਕ ਯਾਤਰੀ ਨੇ ਜਹਾਜ਼ ਦੇ ਸਟਾਫ਼ ਹਵਾਲੇ ਕੀਤਾ | ਲੰਘੇ ਸੋਮਵਾਰ ਨੂੰ ਵਾਪਰੀ ਇਸ ਘਟਨਾ ਨੇ ਜਿੱਥੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਸਵਾਲ ਉਠਾਏ ਹਨ, ਉੱਥੇ ਹੀ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਜਾਨ ਵੀ ਖ਼ਤਰੇ 'ਚ ਪੈ ਸਕਦੀ ਸੀ | ਖ਼ਬਰਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਮੈਟਰੋਪੁਲੀਟਨ ਪੁਲਿਸ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਘਟਨਾ 3 ਫਰਵਰੀ ਨੂੰ ਹੋਈ ਸੀ ਅਤੇ ਸਬੰਧਿਤ ਅਧਿਕਾਰੀ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ |
ਕਿਹਾ ਜਾ ਰਿਹਾ ਹੈ ਕਿ ਅਧਿਕਾਰੀ ਕੋਲ 9 ਐਮ. ਐਮ. ਗਲੋਕ ਪਿਸਤੌਲ ਸੀ, ਅਤੇ ਉਸ ਦਾ ਆਪਣਾ ਅਤੇ ਡੇਵਿਡ ਕੈਮਰਨ ਦਾ ਪਾਸਪੋਰਟ ਵੀ ਹਥਿਆਰ ਨਾਲ ਹੀ ਮਿਲਿਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ | ਬਿ੍ਟਿਸ਼ ਏਅਰਵੇਜ਼ ਨੇ ਕਿਹਾ ਕਿ ਸਿਵਲ ਐਵੀਏਸ਼ਨ ਅਥਾਰਟੀ ਦੇ ਨਿਯਮਾਂ ਅਨੁਸਾਰ ਯੂ. ਕੇ. ਪੁਲਿਸ ਨੂੰ ਖ਼ਾਸ ਮੌਕਿਆਂ 'ਤੇ ਉਡਾਣ ਦੌਰਾਨ ਹਥਿਆਰ ਲਿਜਾਣ ਦੀ ਆਗਿਆ ਹੈ |