You are here

ਅੱਤਵਾਦੀਆਂ ਦੀ ਰਿਹਾਈ ਬੰਦ ਕਰਨ ਲਈ ਨਵਾਂ ਕਾਨੂੰਨ ਬਣਾਵਾਂਗੇ- ਪ੍ਰੀਤੀ ਪਟੇਲ

ਸੁਦੇਸ਼ ਅਮਾਨ ਜਿਸ ਕਾਨੂੰਨ ਤਹਿਤ ਰਿਹਾਅ ਹੋਇਆ ਉਹ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਗੋਰਡਨ ਬਰਾਊਨ ਦੀਆਂ ਸਰਕਾਰਾਂ ਮੌਕੇ ਪਾਸ ਹੋਇਆ - ਪ੍ਰੀਤੀ ਪਟੇਲ

ਲੰਡਨ ਹਮਲਾਵਰ ਨੂੰ ਇਕ ਪੰਜਾਬੀ ਨੇ ਰੋਕਣ ਦੀ ਕੀਤੀ ਸੀ ਕੋਸ਼ਿਸ਼

ਲੰਡਨ, ਫ਼ਰਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

 ਲੰਡਨ ਦੇ ਸਟਰੀਥਅਮ ਇਲਾਕੇ 'ਚ ਅੱਤਵਾਦੀ ਹਮਲਾ ਕਰਨ ਵਾਲੇ ਸੁਦੇਸ਼ ਅਮਾਨ ਨੂੰ ਇਕ ਪੰਜਾਬੀ ਮੂਲ ਦੇ ਵਿਅਕਤੀ ਜਗਮੋਹਨ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ | ਸਟਰੀਥਅਮ ਹਾਈ ਰੋਡ ਸਥਿਤ ਲੋਅ ਪ੍ਰਾਈਸ ਸਟੋਰ ਦੇ ਮਾਲਕ 38 ਸਾਲਾ ਕਿਰਨਜੀਤ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਨੇ ਸੁਦੇਸ਼ ਨੂੰ ਪਹਿਚਾਣ ਲਿਆ ਸੀ ਕਿ ਉਹ ਇਕ ਹਫ਼ਤਾ ਪਹਿਲਾਂ ਵੀ ਸਟੋਰ ਵਿਚ ਆਇਆ ਸੀ ਅਤੇ ਕੁਝ ਵੀ ਨਹੀਂ ਸੀ ਖ਼ਰੀਦਿਆ | ਉਸ ਅਨੁਸਾਰ 10 ਇੰਚ ਲੰਬਾ ਰਸੋਈ 'ਚ ਵਰਤਿਆ ਜਾਣ ਵਾਲਾ ਚਾਕੂ ਸੁਦੇਸ਼ ਨੇ ਚੁੱਕ ਕੇ ਆਸੇ ਪਾਸੇ ਵੇਖ ਕੇ ਭੱਜ ਗਿਆ | ਜਗਮੋਹਨ ਨੇ ਅੱਤਵਾਦੀ ਦਾ ਮੁਕਾਬਲਾ ਇਹ ਸੋਚ ਕੇ ਕੀਤਾ ਕਿ ਉਹ ਇਕ ਸਾਮਾਨ ਚੋਰ ਹੈ | ਕਿਰਨਜੀਤ ਨੇ ਕਿਹਾ ਕਿ ਜਿਉਂ ਹੀ ਅੱਤਵਾਦੀ ਸੁਦੇਸ਼ ਬਾਹਰ ਦੌੜਿਆ ਤਾਂ ਉਸ ਨੇ ਚਾਕੂ ਨਾਲ ਇਕ ਔਰਤ ਦੀ ਪਿੱਠ 'ਤੇ ਹਮਲਾ ਕਰ ਦਿੱਤਾ | ਇਕ ਨਰਸ ਨੇ ਮੌਕੇ ਦੇ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਦੁਕਾਨਦਾਰ ਨੇ ਚਾਕੂ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਭੱਜ ਗਿਆ ਅਤੇ ਇਕ ਔਰਤ ਨੂੰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਪਰ ਖ਼ਤਰੇ ਤੋਂ ਬਾਹਰ ਹੈ | ਜਦਕਿ ਬਾਕੀ ਦੋ ਜ਼ਖ਼ਮੀਆਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ | ਪੁਲਿਸ ਨੇ ਇਸ ਮਾਮਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ | ਯੂ. ਕੇ. ਦੀ ਗ੍ਰਹਿ ਮੰਤਰੀ ਨੇ ਅੱਤਵਾਦ ਦੇ ਮਾਮਲਿਆਂ 'ਚ ਗਿ੍ਫ਼ਤਾਰ ਲੋਕਾਂ ਦੀ ਜਲਦੀ ਰਿਹਾਈ ਬਾਰੇ ਕਿਹਾ ਹੈ ਕਿ ਅੱਤਵਾਦੀ ਅੱਧੀ ਸਜ਼ਾ ਭੁਗਤ ਕੇ ਆਪਣੇ ਆਪ ਰਿਹਾਅ ਹੋ ਜਾਂਦੇ ਹਨ | ਅਸੀਂ ਇਸ ਬਾਰੇ 6 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ | ਅੱਤਵਾਦੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਲਿਆ ਰਹੇ ਹਾਂ | ਕਾਨੂੰਨੀ ਚੋਰ ਮੋਰੀਆਂ ਨੂੰ ਖ਼ਤਮ ਕਰਨ ਲਈ ਅਗਲੇ 100 ਦਿਨਾਂ 'ਚ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ |
ਸੁਦੇਸ਼ ਅਮਾਨ ਜਿਸ ਕਾਨੂੰਨ ਤਹਿਤ ਰਿਹਾਅ ਹੋਇਆ ਸੀ ਉਹ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਗੋਰਡਨ ਬਰਾਊਨ ਦੀਆਂ ਸਰਕਾਰਾਂ ਮੌਕੇ ਪਾਸ ਹੋਇਆ ਸੀ | ਪ੍ਰੀਤੀ ਪਟੇਲ ਨੇ ਕਿਹਾ ਕਿ ਸੁਦੇਸ਼ ਅਮਾਨ ਅਤੇ ਇਸ ਤੋਂ ਪਹਿਲਾਂ ਅਜਿਹਾ ਹਮਲਾ ਕਰਨ ਵਾਲਾ ਉਸਮਾਨ ਖ਼ਾਨ ਕਿਸੇ ਦੇ ਸਾਹਮਣਾ ਨਹੀਂ ਹੋਣਾ ਚਾਹੀਦਾ ਸੀ, ਉਹ ਪੈਰੋਲ ਬੋਰਡ ਰਾਹੀਂ ਨਹੀਂ ਗਿਆ, ਉਸ ਬਾਰੇ ਜ਼ਰੂਰੀ ਗੱਲਾਂ ਨੂੰ ਨਹੀਂ ਵਿਚਾਰਿਆ ਗਿਆ, ਇਨ੍ਹਾਂ ਦੋਵਾਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਨਹੀਂ ਵੇਖਿਆ ਗਿਆ ਕਿ ਉਹ ਰਿਹਾਅ ਹੋਣ ਯੋਗ ਹਨ ਜਾਂ ਨਹੀਂ | ਪ੍ਰੀਤੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀ ਉਸ ਦੇ ਵਿਚਾਰਾਂ ਨਾਲ ਸਹਿਮਤ ਹਨ, ਅਸੀਂ ਇਹ ਸਭ ਬੰਦ ਕਰਨ ਜਾ ਰਹੇ ਹਾਂ ਕਿ ਬਿਨਾਂ ਕਿਸੇ ਜਾਂਚ ਪੜਤਾਲ ਦੇ ਕੋਈ ਵੀ ਆਪਣੇ ਆਪ ਰਿਹਾਅ ਨਾ ਹੋਵੇ | ਅਮਾਨ ਦੇ ਮਾਤਾ-ਪਿਤਾ ਨੇ ਕਿਹਾ ਹੈ ਕਿ ਉਹ ਇਕ ਸ਼ਾਂਤ ਸੁਭਾਅ ਵਾਲਾ ਬੱਚਾ ਸੀ, ਜਿਸ ਨੂੰ ਗੁੰਮਰਾਹ ਕੀਤਾ ਗਿਆ | 2018 'ਚ ਅਮਾਨ ਨੇ ਆਪਣੀ ਦੋਸਤ ਨੂੰ ਆਪਣੇ ਮਾਤਾ-ਪਿਤਾ ਦਾ ਸਿਰ ਕਲਮ ਕਰਨ ਲਈ ਕਿਹਾ ਸੀ ਕਿਉਂਕਿ ਉਹ ਕਾਫ਼ਰ ਸਨ | ਜਨਵਰੀ 2020 'ਚ ਉਸ ਨੇ ਇਕ ਪਰਿਵਾਰਕ ਵਟਸਅੱਪ 'ਤੇ ਇਤਰਾਜ਼ਯੋਗ ਸਮਗਰੀ ਸਾਂਝੀ ਕੀਤੀ ਸੀ |