ਚੰਡੀਗੜ੍ਹ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਵਲੋਂ ਅੰਮਿ੍ਤਸਰ ਤੋਂ ਸਟੈਂਸਟਡ (ਇੰਗਲੈਂਡ) ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇੰਗਲੈਂਡ ਦੇ ਬਰਮਿੰਘਮ ਅਤੇ ਭਾਰਤ 'ਚ ਨਾਂਦੇੜ ਅਤੇ ਪਟਨਾ ਸਾਹਿਬ ਲਈ ਵੀ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਜਨਰਲ ਮੈਨੇਜਰ ਰਾਮ ਬਾਬੂ ਨੇ ਦੱਸਿਆ ਕਿ 550ਵਾਂ ਪ੍ਰਕਾਸ਼ ਪੁਰਬ ਦੇਸ਼ਾਂ-ਵਿਦੇਸ਼ਾਂ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਏਅਰ ਇੰਡੀਆ ਇਸ ਮੌਕੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਿੱਖ ਭਾਈਚਾਰੇ ਤੇ ਸ਼ਰਧਾਲੂਆਂ ਲਈ ਨਵੀਆਂ ਉਡਾਣਾਂ ਜਾਰੀ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਅੰਮਿ੍ਤਸਰ ਤੋਂ ਸਟੈਂਸਟਡ ਲਈ ਹਫ਼ਤੇ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ ਜੋ ਸੋਮਵਾਰ, ਵੀਰਵਾਰ ਅਤੇ ਸਨਿਚਰਵਾਰ ਰਵਾਨਾ ਹੋਇਆ ਕਰਨਗੀਆਂ ਅਤੇ ਤਿੰਨੇ ਦਿਨ ਹੀ ਸਟੈਂਸਟਡ ਤੋਂ ਅੰਮਿ੍ਤਸਰ ਵੀ ਪਹੰੁਚਣਗੀਆਂ | ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਬੋਇੰਗ 787 ਡਰੀਮ ਲਾਈਨਰ ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ ਜਿਸ ਦੀਆਂ 256 ਸੀਟਾਂ ਹੋਣਗੀਆਂ ਜਿਨ੍ਹਾਂ 'ਚੋਂ 18 ਸੀਟਾਂ ਬਿਜ਼ਨਸ ਕਲਾਸ ਲਈ ਅਤੇ 238 ਇਕਾਨਮੀ ਕਲਾਸ ਲਈ ਹੋਣਗੀਆਂ | ਇਸੇ ਤਰ੍ਹਾਂ ਅੰਮਿ੍ਤਸਰ ਤੋਂ ਬਰਮਿੰਘਮ ਲਈ ਵੀ ਹਫ਼ਤੇ 'ਚ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਅੰਮਿ੍ਤਸਰ ਤੋਂ ਦਿੱਲੀ ਹੁੰਦੇ ਹੋਏ ਬਰਮਿੰਘਮ ਪਹੁੰਚਣਗੀਆਂ | ਇਸ ਤੋਂ ਇਲਾਵਾ ਅੰਮਿ੍ਤਸਰ ਤੋਂ ਟੋਰਾਂਟੋ (ਕੈਨੇਡਾ) ਲਈ ਵੀ ਏਅਰ ਇੰਡੀਆ ਦੀਆਂ ਹਫ਼ਤੇ 'ਚ ਅੰਮਿ੍ਤਸਰ ਤੋਂ ਤਿੰਨ ਉਡਾਣਾਂ ਚੱਲ ਰਹੀਆਂ ਹਨ ਜੋ ਹੁਣ 27 ਅਕਤੂਬਰ ਤੋਂ ਐਤਵਾਰ, ਬੁੱਧਵਾਰ ਤੇ ਸ਼ੁੱਕਰਵਾਰ ਰਵਾਨਾ ਹੋਇਆ ਕਰਨਗੀਆਂ ਤੇ ਇਨ੍ਹਾਂ ਦਿਨਾਂ 'ਚ ਹੀ ਵਾਪਸੀ ਵੀ ਕਰਨਗੀਆਂ | ਅੰਮਿ੍ਤਸਰ ਤੋਂ ਘਰੇਲੂ ਉਡਾਣਾਂ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਨਾਂਦੇੜ ਅਤੇ ਪਟਨਾ ਲਈ ਵੀ ਉਡਾਣਾਂ ਸ਼ੁਰੂ ਕਰ ਰਹੀ ਹੈ ਜਿਨ੍ਹਾਂ 'ਚੋਂ ਪਟਨਾ ਲਈ ਹਫ਼ਤੇ ਦੀਆਂ ਚਾਰ ਉਡਾਣਾਂ ਜਦਕਿ ਨਾਂਦੇੜ ਲਈ ਹਫ਼ਤੇ ਦੀਆਂ ਦੋ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਪਟਨਾ ਲਈ ਉਡਾਣਾਂ ਦੀ ਸ਼ੁਰੂਆਤ 27 ਅਕਤੂਬਰ ਤੋਂ ਕੀਤੀ ਜਾ ਰਹੀ ਹੈ, ਜਦਕਿ ਨਾਂਦੇੜ ਲਈ ਉਡਾਣਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ |ਪੰਜਾਬੀ ਖਾਣੇ ਦਾ ਵੀ ਮਿਲੇਗਾ ਸਵਾਦ ਏਅਰ ਇੰਡੀਆ ਨੇ ਆਪਣੇ ਯਾਤਰੀਆਂ ਦੇ ਜਾਇਕੇ ਦਾ ਖ਼ਾਸ ਧਿਆਨ ਰੱਖਦੇ ਹੋਏ ਮੇਨਯੂ 'ਚ ਕੁਝ ਨਵੀਆਂ ਚੀਜ਼ਾਂ ਜੋੜੀਆਂ ਹਨ | ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਉਡਾਣ 'ਚ ਯਾਤਰੀ ਹੁਣ ਪੰਜਾਬੀ ਸਵਾਦ ਵੀ ਚੱਖਣਗੇ | ਮੁੰਬਈ-ਅੰਮਿ੍ਤਸਰ ਉਡਾਣ ਦੇ ਲਈ ਹੁਣ ਪੰਜਾਬੀ ਵਿਸ਼ੇਸ਼ ਫੂਡ ਮੇਨਯੂ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਮੁਸਾਫ਼ਰ ਭਿੰਡੀ, ਛੋਲੇ ਤੇ ਕੁਲਚੇ, ਪਨੀਰ ਟਿੱਕਾ, ਜਿਹੀਆਂ ਸਵਾਦ ਤੇ ਚਟਪਟੀਆਂ ਚੀਜ਼ਾਂ ਨੂੰ ਆਪਣੇ ਮੈਨਯੂ 'ਚ ਰੱਖਆ ਗਿਆ ਹੈ ਅਤੇ ਡਾਇਟ ਨੂੰ ਮਹੱਤਵ ਦੇਣ ਵਾਲੇ ਲੋਕਾਂ ਲਈ ਫਰੂਟ ਚਾਰਟ ਜਿਹੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ |