You are here

ਵੈਟਨਰੀ ਯੂਨੀਵਰਸਿਟੀ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਮਨਾਇਆ ਸਥਾਪਨਾ ਦਿਵਸ

ਲੁਧਿਆਣਾ, 28 ਫਰਵਰੀ (ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕੋਮਲ ਕਲਾਵਾਂ ਅਤੇ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲਜ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਅਮਰੀਕਾ ਦੀ ਸੰਸਥਾ ਐਮ ਆਈ ਟੀ ਤੋਂ ਆਏ ਡਾ. ਆਰ ਐਸ ਰਾਣੂ ਅਤੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੇ ਭੂਤਪੂਰਵ ਨਿਰਦੇਸ਼ਕ, ਡਾ. ਜੀ ਐਸ ਬਰ੍ਹਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। 
    ਡਾ. ਰਾਣੂ ਨੇ ਜੈਵਿਕ ਤਕਨਾਲੋਜੀ ਵਿਗਿਆਨੀ ਵਜੋਂ ਆਪਣੇ ਕੰਮ ਤੇ ਤਜਰਬੇ ਸਾਂਝੇ ਕਰਦਿਆਂ ਨੋਬਲ ਵਿਗਿਆਨੀ ਡਾ. ਹਰਗੋਬਿੰਦ ਖੁਰਾਣਾ ਨਾਲ ਕੀਤੇ ਕਾਰਜ ਦਾ ਵੀ ਉਲੇਖ ਕੀਤਾ। ਡਾ. ਬਰ੍ਹਾ ਨੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੀ ਸਥਾਪਨਾ ਦੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ, ਆਯੋਜਕਾਂ ਨੂੰ ਅਤੇ ਕਾਲਜ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਨਿਰੰਤਰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣ। ਉਨ੍ਹਾਂ ਨੇ ਕਾਲਜ ਵੱਲੋਂ ਮਨੁੱਖਤਾ ਦੀ ਸੇਵਾ ਹਿਤ ਕੀਤੇ ਜਾ ਰਹੇ ਯਤਨਾਂ ਨੂੰ ਸਰਾਹਿਆ ਅਤੇ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ।
    ਯੂਨੀਵਰਸਿਟੀ ਦੇ ਵਿਭਿੰਨ ਅਧਿਕਾਰੀਆਂ ਨੇ ਵੀ ਸਮਾਗਮ ਦੀ ਸੋਭਾ ਵਧਾਈ। ਡਾ. ਸਤਪ੍ਰਕਾਸ਼ ਸਿੰਘ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਅਧਿਆਪਕ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਬਹੁਤ ਉਤਸਾਹ ਨਾਲ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਫੋਟੋਗ੍ਰਾਫੀ, ਰੰਗੋਲੀ ਅਤੇ ਮੌਕੇ ’ਤੇ ਭਾਸ਼ਣਕਾਰੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।