ਲੁਧਿਆਣਾ, 28 ਫਰਵਰੀ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਵੈਟਨਰੀ ਮੈਡੀਸਨ ਦੀ 40ਵੀਂ ਸਾਲਾਨਾ ਕਨਵੈਨਸ਼ਨ ਅਤੇ ਕੌਮੀ ਕਾਨਫਰੰਸ ਵਿਚ ਹਿੱਸਾ ਲਿਆ। ਇਸ ਕਾਨਫਰੰਸ ਦਾ ਵਿਸ਼ਾ ਸੀ ‘ਵੈਟਨਰੀ ਇਲਾਜ ਅਤੇ ਇਕ ਸਿਹਤ ਦੇ ਸਾਂਝੇ ਮਨੋਰਥ ਹਿਤ ਬਹੁ-ਪੱਖੀ ਪਹੁੰਚ’। ਇਹ ਕਾਨਫਰੰਸ ਕੇਰਲਾ ਦੇ ਵੈਟਨਰੀ ਅਤੇ ਐਨੀਮਲ ਸਾਇੰਸਜ਼ ਕਾਲਜ ਵਿਖੇ ਹੋਈ। ਇਸ ਵਿਚ ਡਾ. ਅਸ਼ਵਨੀ ਕੁਮਾਰ, ਅਸਮਿਤਾ ਨਾਰੰਗ, ਸ਼ਬਨਮ ਸਿੱਧੂ ਅਤੇ ਗੁਰਪ੍ਰੀਤ ਸਿੰਘ ਨੇ 12 ਵਿਦਿਆਰਥੀਆਂ ਨਾਲ ਹਿੱਸਾ ਲਿਆ ਅਤੇ ਵਿਭਿੰਨ ਸੈਸ਼ਨਾਂ ਵਿਚ ਖੋਜ ਪੱਤਰ ਪੇਸ਼ ਕਰਕੇ 10 ਸਨਮਾਨ ਹਾਸਿਲ ਕੀਤੇ। ਡਾ. ਅਸ਼ਵਨੀ ਕੁਮਾਰ, ਵਿਭਾਗ ਮੁਖੀ ਨੇ ਮੱਝਾਂ ਅਤੇ ਗਾਂਵਾਂ ਵਿਚ ਪੇਟ ਦੇ ਰੋਗਾਂ ਦਾ ਨਿਦਾਨ ਅਤੇ ਇਲਾਜ ਵਿਸ਼ੇ ’ਤੇ ਮੁੱਖ ਪਰਚਾ ਪੜ੍ਹਿਆ। ਡਾ. ਅਸਮਿਤਾ ਨਾਰੰਗ ਨੇ ਘੋੜਿਆਂ ਦੀ ਬਿਮਾਰੀ ਸੰਬੰਧੀ ਆਪਣੀ ਪੇਸ਼ਕਾਰੀ ਕੀਤੀ। ਡਾ. ਸ਼ਬਨਮ ਸਿੱਧੂ ਨੂੰ ਪਸ਼ੂਆਂ ਦੀਆਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਖੋਜ ਪਰਚੇ ’ਤੇ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੇ ਪਰਚੇ ਦੇ ਸਹਿ-ਲੇਖਕ ਵਜੋਂ ਡਾ. ਸੰਜੀਵ ਕੁਮਾਰ ਉੱਪਲ ਨੇ ਯੋਗਦਾਨ ਦਿੱਤਾ ਸੀ। ਡਾ. ਗੁਰਪ੍ਰੀਤ ਸਿੰਘ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਆਪਣੀ ਖੋਜ ਪੇਸ਼ ਕੀਤੀ। ਨਿਰੀਖਣ ਚੁਣੌਤੀਆਂ ਸੰਬੰਧੀ ਡਾ. ਰਾਜ ਸੁਖਬੀਰ ਸਿੰਘ, ਸਵਰਨ ਸਿੰਘ, ਅਰੁਣ ਆਨੰਦ, ਜਸਨੀਤ ਸਿੰਘ ਅਤੇ ਡਾ. ਕੁਲਦੀਪ ਗੁਪਤਾ ਵੱਲੋਂ ਖੋਜ ਪੱਤਰ ਪੇਸ਼ ਕੀਤਾ ਗਿਆ।