You are here

ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਸ਼ੋਅ ਨੇ ਰੰਗਾਂ ਦੀ ਛਹਿਬਰ ਲਾਈ

ਲੁਧਿਆਣਾ 28 ਫਰਵਰੀ(ਟੀ. ਕੇ.) 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਉੱਘੇ ਕੁਦਰਤ ਪ੍ਰੇਮੀ ਅਤੇ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਲਸਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਫੁੱਲਾਂ ਦਾ ਸ਼ੋਅ ਅਤੇ ਮੁਕਾਬਲੇ ਕਰਵਾਏ ਗਏ। ਇਸ ਸ਼ੋਅ ਵਿਚ ਨਿੱਜੀ ਫੁੱਲ ਪ੍ਰੇਮੀਆਂ ਅਤੇ ਸੰਸਥਾਵਾਂ ਨੇ ਆਪਣੇ ਫੁੱਲਾਂ ਦਾ ਪ੍ਰਦਰਸ਼ਨ ਕੀਤਾ। ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿਚ ਲਾਏ ਗਏ ਇਸ ਫਲਾਵਰ ਸ਼ੋਅ ਦਾ ਆਯੋਜਨ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਕੀਤਾ ਗਿਆ ਸੀ। ਇਸ ਸ਼ੋਅ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਜਦਕਿ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਫੁੱਲ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਡਾ. ਅਜੈਪਾਲ ਸਿੰਘ ਗਿੱਲ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਸਾਬਕਾ ਮਾਹਿਰ ਸ. ਹਰੀ ਸਿੰਘ ਸੰਧੂ ਸਨ।

ਵਾਈਸ ਚਾਂਸਲਰ ਡਾ. ਗੋਸਲ ਨੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਫੁੱਲਾਂ ਦੀ ਹੋਂਦ ਮਨੁੱਖ ਨੂੰ ਮਨ ਅਤੇ ਆਤਮਾ ਦੀ ਖੁਸ਼ੀ ਲਈ ਬੇਹੱਦ ਜ਼ਰੂਰੀ ਹੈ। ਫੁੱਲ ਆਪਣੇ ਵਿਭਿੰਨ ਰੰਗਾਂ ਨਾਲ ਸਾਡੇ ਚੌਗਿਰਦੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਮਹਿਕਾਉਦੇ ਹਨ। ਉਹਨਾਂ ਪੱਛਮੀ ਲੋਕਾਂ ਵੱਲੋਂ ਫੁੱਲਾਂ ਦੇ ਉਪਹਾਰ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ ਸਾਡੀ ਸੱਭਿਅਤਾ ਵਿਚ ਫੁੱਲਾਂ ਨੂੰ ਭੇਂਟ ਕਰਨ ਦਾ ਰੁਝਾਨ ਘੱਟ ਹੈ ਪਰ ਹੌਲੀ ਹੌਲੀ ਇਹ ਰਵਾਇਤ ਵੱਧ ਰਹੀ ਹੈ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੇ ਸ਼ੋਅ ਅਤੇ ਪ੍ਰਦਰਸ਼ਨ ਆਯੋਜਿਤ ਕਰਨ ਨਾਲ ਬਹੁਤ ਸਾਰੇ ਫੁੱਲ ਪ੍ਰੇਮੀ ਅਤੇ ਕਾਸ਼ਤਕਾਰ ਇਸ ਕਿੱਤੇ ਵੱਲ ਪ੍ਰੇਰਿਤ ਹੋਣਗੇ। ਉਹਨਾਂ ਲਗਾਤਾਰਤਾ ਨਾਲ ਇਸ ਸ਼ੋਅ ਨੂੰ ਆਯੋਜਿਤ ਕਰਨ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਦੇ ਸਹਾਇਕ ਕਿੱਤਿਆਂ ਵਿਚ ਫੁੱਲਾਂ ਦੀ ਕਾਸ਼ਤ ਨੂੰ ਸਿਫ਼ਾਰਸ਼ ਕੀਤਾ ਹੈ ਬਲਕਿ ਹੁਣ ਇਹ ਕਿੱਤਾ ਬਹੁਤ ਸਾਰੇ ਕਿਸਾਨ ਮੁੱਖ ਤੌਰ ਤੇ ਅਪਣਾ ਰਹੇ ਹਨ। ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਵਿਭਿੰਨਤਾ ਦੇ ਰਾਹਾਂ ਤੇ ਤੋਰਨ ਅਤੇ ਹੋਰ ਮੁਨਾਫ਼ੇਯੋਗ ਬਨਾਉਣ ਲਈ ਫੁੱਲਾਂ ਦੀ ਖੇਤੀ ਨੂੰ ਬਾਗਬਾਨੀ ਦਾ ਬਹੁਤ ਅਹਿਮ ਅੰਗ ਮੰਨਣਾ ਪਵੇਗਾ ਅਤੇ ਇਸ ਦਿਸ਼ਾ ਵਿਚ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੀ ਪਵੇਗਾ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਇਸ ਸਮੇਂ ਦੀ ਉਭਰਦੀ ਹੋਈ ਖੇਤੀ ਉਦਯੋਗ ਵਿਧੀ ਹੈ। ਸ਼ਹਿਰੀਕਰਨ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਸਵਾਗਤ ਦੇ ਸ਼ਬਦ ਬੋਲਦਿਆਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦਾ ਟੀਚਾ ਹੈ ਕਿ ਖਿੱਤੇ ਵਿਚ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। ਡਾ. ਪਰਮਿੰਦਰ ਸਿੰਘ ਨੇ ਇਸ ਸੰਬੰਧ ਵਿਚ ਜ਼ੋਰ ਦੇ ਕੇ ਕਿਹਾ ਕਿ ਫੁੱਲਾਂ ਦੀ ਮੰਗ ਨਾ ਸਿਰਫ਼ ਨਿੱਜੀ ਤੌਰ ਤੇ ਵਧੀ ਹੈ ਬਲਕਿ ਇਸ ਨਾਲ ਇਕ ਪੂਰੇ ਦਾ ਪੂਰਾ ਉਦਯੋਗਿਕ ਦ੍ਰਿਸ਼ ਜੁੜ ਗਿਆ ਹੈ। ਵਿਗਿਆਨਕ ਤੌਰ ਤੇ ਫੁੱਲਾਂ ਦੀ ਖੇਤੀ ਨੂੰ ਅਪਣਾ ਕੇ ਇਸ ਖੇਤਰ ਵਿੱਚੋਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਘਰਾਂ ਦੇ ਅੰਦਰੂਨੀ ਪੌਦਿਆਂ ਤੋਂ ਇਲਾਵਾ ਲੈਂਡਸਕੇਪਿੰਗ ਪੌਦਿਆਂ, ਬੀਜਾਂ, ਫੁੱਲ ਕਾਸ਼ਤ ਸਮੱਗਰੀ, ਔਜ਼ਾਰਾਂ ਅਤੇ ਹੋਰ ਚੀਜ਼ਾਂ ਸੰਬੰਧੀ ਅੱਜ ਦੇ ਸ਼ੋਅ ਵਿਚ 25 ਦੇ ਕਰੀਬ ਸਟਾਲ ਲੱਗੇ ਹੋਏ ਹਨ ਅਤੇ 15 ਦੇ ਕਰੀਬ ਨਰਸਰੀਆਂ ਦੀਆਂ ਪ੍ਰਦਰਸ਼ਨੀਆਂ ਵੀ ਮੌਜੂਦ ਹਨ। ਉਹਨਾਂ ਕਿਹਾ ਕਿ ਵਿਦੇਸ਼ੀ ਫੁੱਲਾਂ ਦੀਆਂ ਕਿਸਮਾਂ ਜਿਵੇਂ ਟਿਊਲਿਪ, ਡੈਫੋਡਿਲਜ਼ ਅਤੇ ਹਾਈਸਨ ਆਦਿ ਨੂੰ ਵੀ ਇਸ ਸ਼ੋਅ ਵਿਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। 

ਫੁੱਲਾਂ ਦੀ ਖੇਤੀ ਦੇ ਮਾਹਿਰ ਅਤੇ ਸ਼ੋਅ ਦੇ ਕੋਆਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ 800 ਦੇ ਕਰੀਬ ਭਾਗ ਲੈਣ ਵਾਲਿਆਂ ਵੱਲੋਂ 1200 ਦੇ ਆਸ ਪਾਸ ਐਂਟਰੀਆਂ ਵੱਖ-ਵੱਖ ਵਰਗਾਂ ਵਿਚ ਕਰਵਾਈਆਂ ਗਈਆਂ ਹਨ। ਇਹਨਾਂ ਵਿਚ ਨਿੱਜੀ ਵਿਅਕਤੀ, ਨਿੱਜੀ ਅਤੇ ਸਰਕਾਰੀ ਸੰਸਥਾਵਾਂ ਅਤੇ ਵੱਖ-ਵੱਖ ਨਰਸਰੀਆਂ ਸ਼ਾਮਿਲ ਹਨ। ਕਈ ਵਰਗਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਤਾਜ਼ੇ ਫੁੱਲਾਂ, ਸੁੱਕੇ ਫੁੱਲਾਂ ਦੀ ਸੰਭਾਲ, ਮੌਸਮੀ ਫੁੱਲ, ਕੈਕਟਸ, ਬੋਨਜ਼ਾਈ ਪ੍ਰਮੁੱਖ ਹਨ। 

ਬਾਗਬਾਨੀ ਵਿਭਾਗ ਦੇ ਸੇਵਾ ਮੁਕਤ ਮਾਹਿਰ ਡਾ. ਹਰੀ ਸਿੰਘ ਨੇ ਇਸ ਸ਼ੋਅ ਦੇ ਆਯੋਜਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਅਜੈਪਾਲ ਸਿੰਘ ਗਿੱਲ ਨੇ ਇਸ ਸ਼ੋਅ ਨੂੰ ਸ਼ੋਅ ਪ੍ਰੇਮੀਆਂ ਲਈ ਬੇਹੱਦ ਲਾਹੇਵੰਦ ਕਿਹਾ। 

ਇਸ ਫੁੱਲ ਸ਼ੋਅ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੱਲ 29 ਫਰਵਰੀ ਸ਼ਾਮ 3 ਵਜੇ ਇਨਾਮ ਦਿੱਤੇ ਜਾਣਗੇ।