ਮੁੱਲਾਂਪੁਰ ਦਾਖਾ 15 ਜਨਵਰੀ(ਸਤਵਿੰਦਰ ਸਿੰਘ ਗਿੱਲ) ਉੱਤਰੀ ਭਾਰਤ ਦੀਆਂ 18 ਕਿਸਾਨ ਜੱਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ )ਦੇ ਸਾਂਝੇ ਫੋਰਮ ਵੱਲੋਂ 2 ਜਨਵਰੀ ਨੂੰੰ ਜੰਡਿਆਲਾ ਗੁਰੂ ਤੇ 6 ਜਨਵਰੀ ਨੂੰ ਬਰਨਾਲਾ ਮਹਾਂ ਰੈਲੀਆਂ 'ਚ ਕੀਤੇ ਐਲਾਨਾਂ ਦੀ ਰੌਸ਼ਨੀ ਵਿੱਚ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਉਪਰੋਕਤ ਪ੍ਰੋਗਰਾਮ ਨੂੰ ਭਰਵੇਂ ਤੇ ਡੂੰਘੇ ਰੂਪ ਵਿੱਚ ਸੰਜੀਦਗੀ ਤੇ ਬਰੀਕੀ ਨਾਲ ਵਿਚਾਰਿਆ ਗਿਆ। 6 ਜਨਵਰੀ ਨੂੰ ਬਰਨਾਲਾ ਮਹਾਂ ਰੈਲੀ ਲਈ ਰਵਾਨਾ ਹੋਏ ਵੱਡੇ ਕਾਫਲੇ ਦੇ ਜੁਝਾਰੂ ਕਿਸਾਨ- ਮਜ਼ਦੂਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਅੱਜ ਦੀ ਵਿਸ਼ੇਸ਼ ਮੀਟਿੰਗ ਨੂੰ ਜਥੇਬੰਦੀ ਦੇ ਆਗੂਆਂ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਜੱਥੇਦਾਰ ਗੁਰਮੇਲ ਸਿੰਘ ਢੱਟ,ਅਵਤਾਰ ਸਿੰਘ ਬਿੱਲੂ ਵਲੈਤੀਆ, ਡਾ. ਗੁਰਮੇਲ ਸਿੰਘ ਕੁਲਾਰ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਵਰਨਣ ਕੀਤਾ ਕਿ 13 ਫਰਵਰੀ ਤੋਂ ਲਗਾਏ ਜਾਣ ਵਾਲੇ ਨਵੇਂ ਦਿੱਲੀ ਮੋਰਚੇ ਦੀ ਵੱਡੀ ਤਿਆਰੀ- ਮੁਹਿੰਮ ਦੇ ਅੰਗ ਵਜੋਂ ਪ੍ਰਚਾਰ ਤੇ ਲਾਮਬੰਦੀ ਲਈ ਪਿੰਡ ਕਮੇਟੀ ਮੀਟਿੰਗਾਂ, ਇਲਾਕਾ ਕਮੇਟੀ ਮੀਟਿੰਗਾਂ, ਪਿੰਡਾਂ ਦੇ ਵੱਡੇ ਇਕੱਠਾਂ ਤੇ ਇਲਾਕੇ ਦੇ ਵਿਸ਼ਾਲ ਇਕੱਠਾਂ ਦਾ ਸਿਲਸਿਲਾ ਬਕਾਇਦਾ 8 ਜਨਵਰੀ ਤੋਂ ਵਿੱਢ ਦਿੱਤਾ ਗਿਆ ਹੈ, ਜਿਸ ਨੂੰ ਕੱਲ੍ਹ ਤੋਂ ਹੋਰ ਤੇਜ਼ ਕਰ ਦਿੱਤਾ ਜਾਵੇਗਾ।
ਆਗੂਆਂ ਨੇ ਵਿਆਖਿਆ ਕੀਤੀ ਕਿ ਨਵਾਂ ਦਿੱਲੀ ਮੋਰਚਾ ਦੇਸ਼ ਦੇ ਕਿਸਾਨਾਂ ਦੀਆਂ ਕੁੱਲ ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ, ਅੱਜ ਤੱਕ ਕਿਸਾਨਾਂ ਸਿਰ ਮੜੇ ਪੁਲਿਸ ਕੇਸ ਰੱਦ ਕਰਵਾਉਣ, ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਫੌਰੀ ਗਿਰਫਤਾਰ ਕਰਵਾਉਣ, 13 ਲੱਖ ਕਰੋੜ ਰੁ: ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲਕੀਰ ਮਰਵਾਉਣ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਐਕਟ 'ਚੋਂ ਬਾਹਰ ਕਰਵਾਉਣ, ਚਿੱਪ ਵਾਲੇ ਸਮਾਰਟ ਮੀਟਰਾਂ ਸਮੇਤ ਬਿਜਲੀ ਸੈਕਟਰ ਦਾ ਹਰ ਤਰ੍ਹਾਂ ਦਾ ਨਿੱਜੀਕਰਨ ਬੰਦ ਕਰਵਾਉਣ, ਸਾਮਰਾਜੀ ਸੰਸਥਾ ਵਿਸ਼ਵ ਵਪਾਰ ਸੰਸਥਾ ਦੀ ਮੈਂਬਰੀ 'ਚੋਂ ਭਾਰਤ ਨੂੰ ਬਾਹਰ ਕਰਵਾਉਣ ਵਾਲੀਆਂ ਅਹਿਮ ਮੰਗਾਂ ਉੱਪਰ ਕੇਂਦਰਿਤ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ ,ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਹਾਦਰ ਸਿੰਘ ਕੁੁਲਾਰ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਗੁੁਰਦੀਪ ਸਿੰਘ ਮੰਡਿਆਣੀ ,ਜਸਪਾਲ ਸਿੰਘ ਮੰਡਿਆਣੀ, ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਮੀਤ ਸਿੰਘ ਵਿਰਕ ,ਸੁੁਖਦੇਵ ਸਿੰਘ ਤਲਵੰਡੀ ,ਸੁਰਜੀਤ ਸਿੰਘ ਸਵੱਦੀ, ਨੰਬਰਦਾਰ ਕੁਲਦੀਪ ਸਿੰਘ ਸਵੱਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।