* 21500 ਲੀਟਰ ਲਾਹਨ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਬਰਾਮਦ
ਲੁਧਿਆਣਾ, 23 ਮਾਰਚ (ਟੀ. ਕੇ. ) - ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਖਿਲਾਫ ਸ਼ਿਕੰਜਾ ਕੱਸਦਿਆਂ ਆਬਕਾਰੀ ਵਿਭਾਗ ਤੇ ਜਗਰਾਉਂ ਪੁਲਿਸ ਵੱਲੋਂ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਛਾਪੇਮਾਰੀ ਕਰ ਕੇ 21500 ਲੀਟਰ ਲਾਹਨ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਜ਼ਬਤ ਕੀਤੇ।
ਡੀ.ਐਸ.ਪੀ. ਜਗਰਾਉਂ ਜਸਜੋਤ ਸਿੰਘ, ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ, ਆਬਕਾਰੀ ਅਧਿਕਾਰੀ ਹਰਜੋਤ ਸਿੰਘ, ਉਪਕਾਰ ਸਿੰਘ, ਨੀਰਜ ਕੁਮਾਰ ਸਮੇਤ ਚਾਰ ਐਕਸਾਈਜ਼ ਇੰਸਪੈਕਟਰਾਂ ਅਤੇ 40 ਪੁਲਿਸ ਮੁਲਾਜ਼ਮਾਂ ਦੀ ਸਾਂਝੀ ਟੀਮ ਨੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ 21500 ਲੀਟਰ ਲਾਹਣ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਬਰਾਮਦਗੀ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਜਿਸਦੇ ਤਹਿਤ ਚੋਣਾਂ ਦੌਰਾਨ ਸ਼ਾਂਤੀਪੂਰਨ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।