ਸਿਓਨੀ (ਮੱਧ ਪ੍ਰਦੇਸ਼), ਮਈ 2019 (ਜਨ ਸ਼ਕਤੀ ਨਿਊਜ) ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਗਊ ਮਾਸ ਲਿਜਾ ਰਹੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮਗਰੋਂ ਪੁਲੀਸ ਨੇ ਪੰਜ ਗਊ ਰੱਖਿਅਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਪੰਜ ਗਊ ਰੱਖਿਅਕਾਂ ਨੇ ਇੱਕ ਪੀੜਤ ਨੂੰ ਆਪਣੇ ਨਾਲ ਜਾ ਰਹੀ ਮਹਿਲਾ ਦੀ ਚੱਪਲਾਂ ਨਾਲ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ।
ਪੁਲੀਸ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ, ਉਨ੍ਹਾਂ ਨੂੰ 22 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਮੱਧ ਪ੍ਰਦੇਸ਼ ਵਿੱਚ ਗਊ ਮਾਸ ਰੱਖਣਾ, ਲਿਜਾਣਾ ਅਤੇ ਵੇਚਣਾ ਗੈਰਕਾਨੂੰਨੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਲਿੱਪ ਵਿੱਚ ਪੰਜ ਵਿਅਕਤੀਆਂ ਵਲੋਂ ਦੋ ਜਣਿਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਬਾਅਦ ਵਿੱਚ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਨਾਲ ਦੀ ਔਰਤ ਦੀ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ। ਵੀਡੀਓ ਅਨੁਸਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ। ਪੁਲੀਸ ਅਨੁਸਾਰ ਇਹ ਘਟਨਾ 22 ਮਈ ਨੂੰ ਮੰਡਲਾ ਰੋਡ ’ਤੇ ਵਾਪਰੀ ਸੀ।
ਮੁੱਖ ਮੁਲਜ਼ਮ ਸ਼ੁਭਮ ਬਘੇਲ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ਵਿੱਚ ਗਊ ਰੱਖਿਅਕਾਂ, ਜਿਨ੍ਹਾਂ ਨੇ ਆਪਣੇ ਗਲਾਂ ਦੁਆਲੇ ਭਗਵੇਂ ਗਮਛੇ ਲਪੇਟੇ ਹੋਏ ਹਨ, ਵਲੋਂ ਦੋ ਵਿਅਕਤੀਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਗਊ ਰੱਖਿਅਕਾਂ ਦੀ ਪਛਾਣ ਸ਼ੁਭਮ ਬਘੇਲ, ਯੋਗੇਸ਼ ਓਆਈਕ, ਦਿਲੀਪ ਨਾਮਦੇਵ, ਰੋਹਿਤ ਯਾਦਵ ਅਤੇ ਸ਼ਿਆਮ ਲਾਲ ਵਜੋਂ ਹੋਈ ਹੈ ਜਦਕਿ ਪੀੜਤਾਂ ਵਿੱਚ ਦਿਲੀਪ ਮਾਲਵੀਆ, ਸਮਾ ਅੰਸਾਰੀ ਅਤੇ ਤੌਸੀਫ਼ ਖ਼ਾਨ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲੀਸ ਨੇ ਤਿੰਨ ਜਣਿਆਂ ਨੂੰ ਆਟੋ ਰਿਕਸ਼ਾ ਵਿੱਚ 140 ਕਿਲੋ ਗਊ ਮਾਸ ਲਿਜਾਣ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਪੁਲੀਸ ਨੇ ਗਊ ਰੱਖਿਅਕਾਂ ਨੂੰ ਵੀਡੀਓ ਵਾਇਰਲ ਹੋਣ ਮਗਰੋਂ ਹੀ ਗ੍ਰਿਫ਼ਤਾਰ ਕੀਤਾ ਹੈ।