ਪਾਵਰ ਕਾਮ ਅਧਿਕਾਰੀਆਂ ਨੂੰ ਮਿਲਿਆ ਦਸ਼ਮੇਸ਼ ਯੂਨੀਅਨ ਦਾ ਜੁਝਾਰੂ ਵਫ਼ਦ
ਮੁੱਲਾਂਪੁਰ ਦਾਖਾ 6 ਦਸੰਬਰ (ਸਤਵਿੰਦਰ ਸਿੰਘ ਗਿੱਲ ) 22 ਮਾਰਚ 2023 ਤੋਂ ਬਾਅਦ ਅੱਜ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਨੇ ਸਬਡਵੀਜ਼ਨ ਲਲਤੋਂ ਕਲਾਂ ਦੇ ਪਿੰਡਾਂ ਲਲਤੋਂ ਖੁਰਦ ਤੇ ਲਲਤੋਂ ਕਲਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਤੋਂ ਪਾਵਰਕਾਮ ਅਧਿਕਾਰੀਆਂ ਨੂੰ ਮੁੜ ਰੋਕ ਦਿੱਤਾ ਹੈ। ਵਰਨਯੋਗ ਹੈ ਕਿ ਅੱਜ ਤੋਂ ਕਰੀਬ 8 ਮਹੀਨੇ ਪਹਿਲਾਂ, ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਵੱਡਾ ਕਾਫਲਾ ਲਾਮਬੰਦ ਕਰਕੇ ਦੋਨੋਂ ਪਿੰਡਾਂ ਦੀਆਂ ਜਲ ਸਪਲਾਈ ਟੈਂਕੀਆਂ 'ਤੇ ਬਿਜਲੀ ਮਹਿਕਮੇ ਵੱਲੋਂ ਲਾਏ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ, ਬਿਜਲੀ ਦਫਤਰ ਜਮਾਂ ਕਰਵਾ ਕੇ ,ਇਸ ਮੁਹਿੰਮ ਨੂੰ ਬਰੇਕਾਂ ਲਾ ਦਿੱਤੀਆਂ ਸਨ। ਪ੍ਰੰਤੂ ਪਿਛਲੇ ਦਿਨਾਂ ਤੋਂ ਮਹਿਕਮੇ ਵੱਲੋਂ ਚੋਰੀ ਛਿਪੇ ਜਾਂ ਭੋਲੇ ਭਾਲੇ ਕਿਸਾਨਾਂ- ਮਜ਼ਦੂਰਾਂ ਨੂੰ ਗੁਮਰਾਹ ਕਰਕੇ ਚਿੱਪ ਵਾਲੇ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਮਹਿਮ ਦੇ ਵਿਰੋਧ ਵਿੱਚ ਅੱਜ ਐਕਸੀਅਨ ਸ੍ਰੀ ਮਨਿੰਦਰ ਕੁਮਾਰ ਤੇ ਐੱਸ. ਡੀ. ਓ. ਇੰਦਰਪਾਲ ਸਿੰਘ ਨੂੰ ਵਾਰੀ- ਵਾਰੀ ਦਸਮੇਸ਼ ਯੂਨੀਅਨ ਦੇ ਆਗੂਆਂ ਵਰਕਰਾਂ ਤੇ ਹਮਦਰਦਾਂ ਦਾ ਜੁਝਾਰੂ ਵਫ਼ਦ ਮਿਲਿਆ ।
ਵਫ਼ਦ ਨੇ ਦਲੀਲਾਂ ਦਿੱਤੀਆਂ ਕਿ ਦੇਸ਼ ਦੀਆਂ ਨਿਜੀ ਬਿਜਲੀ ਕਾਰਪੋਰੇਟਾਂ ਦੀ ਮੰਗ ਅਨੁਸਾਰ,( ਸਾਰੇ ਬਿਜਲੀ ਬੋਰਡਾਂ ਨੂੰ ਖਰੀਦਣ ਤੋਂ ਪਹਿਲਾਂ ਉਹਨਾਂ ਦੀ ਪ੍ਰੀ- ਪੇਡ ਪ੍ਰਣਾਲੀ ਦੀ ਪੂਰਵ- ਸ਼ਰਤ ਅਨੁਸਾਰ )ਕੇਂਦਰ ਦੀ ਫਿਰਕੂ ਫਾਸ਼ੀ ਤੇ ਲੋਕ ਵਿਰੋਧੀ ਮੋਦੀ ਹਕੂਮਤ ਦੇ ਅਦੇਸਾਂ ਅਨੁਸਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਮਾਰਚ 23'ਚ ਦਿੱਤੀ ਸਹਿਮਤੀ ਅਨੁਸਾਰ ,ਰਚੀ ਜਾ ਰਹੀ ਚਿੱਪ ਮੀਟਰਾਂ ਦੀ ਸਾਜਿਸ਼ ਨੂੰ ਕਦਾਚਿਤ ਵੀ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ। ਸੋ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਪੰਜਾਬ ਬਰਾਂਚ ਦੀਆਂ ਸਮੂਹ ਜਥੇਬੰਦੀਆਂ ਦੇ ਫੈਸਲੇ ਦੀ ਰੌਸ਼ਨੀ ਵਿੱਚ ਇਹ ਮੀਟਰ ਲਗਾਉਣੇ ਬੰਦ ਕੀਤੇ ਜਾਣ,ਨਹੀਂ ਤਾਂ ਬਿਜਲੀ ਦਫਤਰਾਂ ਮੂਹਰੇ ਸਖਤ ਐਕਸ਼ਨ ਵਿੱਢ ਦਿੱਤੇ ਜਾਣਗੇ।
ਐਕਸੀਅਨ ਨੇ ਯਕੀਨ ਦੁਆਇਆ ਕਿ ਜਥੇਬੰਦੀ ਦਾ ਮੈਮੋਰੈਂਡਮ ਤੁਰੰਤ ਉੱਪਰ ਭੇਜ ਕੇ ਯੋਗ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਐਸ.ਡੀ.ਓ ਨੇ ਯਕੀਨ ਦੁਆਇਆ ਕਿ ਆਮ ਜਨਤਾ ਨਾਲ ਤੇ ਜਥੇਬੰਦੀ ਨਾਲ ਕੋਈ ਟਕਰਾਅ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਦੀ ਮੰਗ ਅਨੁਸਾਰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਗਾਉਣ ਤੋਂ ਰੋਕ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਐੱਸ. ਡੀ .ਓ . ਨੇ ਯਕੀਨ ਦੁਆਇਆ ਕਿ ਲਲਤੋਂ ਖੁਰਦ ਦੀ ਬਿਜਲੀ ਸਪਲਾਈ ਨੂੰ ਅੰਡਰਲੋਡ ਕਰਨ ਦੇ ਸਾਲ ਭਰ ਤੋਂ ਲਟਕਦੇ ਕਾਰਜ ਨੂੰ ਪੂਰਾ ਕਰਨ ਲਈ ਨਵਾਂ ਟਰਾਂਸਫਾਰਮਰ ਇਕ ਹਫਤੇ ਦੇ ਅੰਦਰ- ਅੰਦਰ ਲਾਜ਼ਮੀ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ "ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਲਾਇਬਰੇਰੀ" ਦਾ ਨਾਮ ਦਰਜ ਕਰਨ ਸਬੰਧੀ ਲੋੜੀਂਦੀ ਕਾਰਵਾਈ ਜਰੂਰ ਨੇਪਰੇ ਚਾੜ ਦਿੱਤੀ ਜਾਵੇਗੀ।
ਅੱਜ ਦੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਰਾਜਾ ,ਪਰਮਿੰਦਰ ਸਿੰਘ ਪਿੰਦੀ ,ਰਣਜੀਤ ਸਿੰਘ ਜੀਤੂ ,ਸਾਬਕਾ ਥਾਣੇਦਾਰ ਗੁਰਚਰਨ ਸਿੰਘ, ਸਰਬਜੀਤ ਸਿੰਘ ,ਜਤਿੰਦਰ ਸਿੰਘ, ਵਿਸਾਖਾ ਸਿੰਘ , ਜੋਬਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ।