You are here

ਜਵੱਦੀ ਸਥਿਤ 30 ਬਿਸਤਰਿਆ ਵਾਲਾ ਸਰਕਾਰੀ ਹਸਪਤਾਲ ਸ਼ੁਰੂ

ਹਸਪਤਾਲ ਵਿੱਚ ਮਿਲਣਗੀਆਂ ਹਰ ਤਰਾਂ ਦੀਆਂ ਸਿਹਤ ਸਹੂਲਤਾਂ-ਕੌਂਸਲਰ ਮਮਤਾ ਆਸ਼ੂ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਲੁਧਿਆਣਾ, ਖਾਸ ਕਰਕੇ ਹਲਕਾ ਲੁਧਿਆਣਾ (ਪੱਛਮੀ) ਨਿਵਾਸੀਆਂ ਲਈ ਇਹ ਖੁਸ਼ਖ਼ਬਰੀ ਹੈ ਕਿ ਜਵੱਦੀ ਵਿਖੇ ਤਿਆਰ 30 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਹੋ ਗਿਆ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਇਸ ਹਸਪਤਾਲ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਇਹ ਹਸਪਤਾਲ ਆਪਰੇਸ਼ਨ ਥੀਏਟਰ, ਪ੍ਰਾਈਵੇਟ ਕਮਰੇ, ਐਮਰਜੈਂਸੀ ਸਮੇਤ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਨਾਲ ਲੈੱਸ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਹ 30 ਬਿਸਤਰਿਆਂ ਵਾਲਾ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਤਿਆਰ ਪਿਆ ਸੀ ਪਰ ਹੁਣ ਭਾਰਤ ਭੂਸ਼ਣ ਆਸ਼ੂ ਦੇ ਉਪਰਾਲਿਆਂ ਨਾਲ ਚਾਲੂ ਹੋਇਆ ਹੈ। ਸ੍ਰੀਮਤੀ ਆਸ਼ੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਹਸਪਤਾਲ ਵਿੱਚ ਈ. ਐੱਸ. ਆਈ. ਦੀ ਡਿਸਪੈਂਸਰੀ ਸ਼ਿਫ਼ਟ ਕੀਤੀ ਗਈ ਸੀ, ਜਿਸ ਦਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਇਸ ਹਸਪਤਾਲ ਨੂੰ ਚਲਾਉਣ ਲਈ ਲੋੜੀਂਦੀਆਂ ਸਾਰੀਆਂ ਫਾਰਮੈਲਟੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰਾ ਸਾਜੋ ਸਮਾਨ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਚਾਲੂ ਕਰਨਾ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ, ਜੋ ਕਿ ਪੂਰੀ ਹੋ ਗਈ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸੁਰਿੰਦਰ ਕੁਮਾਰ ਸਮੇਤ ਚਾਰ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਹ ਹਸਪਤਾਲ ਸਥਾਨਕ ਸਿਵਲ ਹਸਪਤਾਲ ਦੀ ਬਰਾਂਚ ਵਜੋਂ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨਾਂ ਦੱਸਿਆ ਕਿ ਇਨਾਂ ਮਾਹਿਰ ਡਾਕਟਰਾਂ ਵਿੱਚ ਮੈਡੀਸਨ, ਦੰਦਾਂ, ਜਨਾਨਾ ਰੋਗਾਂ ਦੇ ਮਾਹਿਰ ਅਤੇ ਫਾਰਮਾਸਿਸਟ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਪੈਰਾਮੈਡੀਕਲ ਸਟਾਫ ਵੀ ਲਗਾਇਆ ਗਿਆ ਗਿਆ ਹੈ। ਓ. ਪੀ. ਡੀ. ਦੀ ਸਹੂਲਤ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਇਸ ਹਸਪਤਾਲ ਦਾ ਰਸਮੀ ਉਦਘਾਟਨ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਹਸਪਤਾਲ ਵਿੱਚ ਜਲਦ ਹੀ ਐਕਸ-ਰੇ ਅਤੇ ਹੋਰ ਸਹੂਲਤਾਂ ਵੀ ਚਾਲੂ ਕੀਤੀਆਂ ਜਾਣਗੀਆਂ। ਇਲਾਕੇ ਦੇ ਕੌਂਸਲਰ ਸ੍ਰ. ਦਿਲਰਾਜ ਸਿੰਘ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਜਾਂ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ। ਇਹ ਹਸਪਤਾਲ ਚਾਲੂ ਹੋਣ ਨਾਲ ਸਥਾਨਕ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਸਪਤਾਲ ਚਾਲੂ ਕਰਾਉਣ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਇਲਾਕਾ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ।