ਫਿਰੋਜ਼ਪੁਰ, ਅਗਸਤ 2019- ਸੀਮਾ ਸੁਰੱਖਿਆ ਬਲ ਨੇ ਹਿੰਦ-ਪਾਕਿ ਸਰਹੱਦ ’ਤੇ ਸਥਿਤ ਚੌਕੀ ਮੁਹੰਮਦੀ ਵਾਲਾ ਇਲਾਕੇ ਵਿੱਚੋਂ ਕਰੀਬ 80 ਕਰੋੜ ਰੁਪਏ ਦੀ ਹੈਰੋਇਨ ਸਣੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਦੀ 136ਵੀਂ ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਤਸਕਰ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਪੱਲਾ ਮੇਘਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਸਤਲੁਜ ਦਰਿਆ ਦੇ ਰਾਹੀਂ ਨਸ਼ੇ ਦੀ ਖੇਪ ਭਾਰਤ ਅੰਦਰ ਲਿਆਉਣਾ ਚਾਹੁੰਦਾ ਸੀ ਪਰ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਤੜਕੇ ਗਸ਼ਤ ਦੌਰਾਨ ਸਤਲੁਜ ਦਰਿਆ ਦੇ ਵਿੱਚੋਂ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਫੜੇ ਗਏ ਕਥਿਤ ਤਸਕਰ ਦੇ ਕਬਜ਼ੇ ਵਿੱਚੋਂ 16 ਕਿਲੋ ਹੈਰੋਇਨ ਤੋਂ ਇਲਾਵਾ ਇੱਕ ਮੈਗਜ਼ੀਨ, ਮੋਬਾਈਲ ਫੋਨ, ਜਿੰਦਾ ਰੌਂਦ ਅਤੇ ਦੋ ਪਾਕਿਸਤਾਨੀ ਸਿੰਮ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 80 ਕਰੋੜ ਰੁਪਏ ਦੇ ਕਰੀਬ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰ ਨੂੰ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।