ਲੁਧਿਆਣਾ, 18 ਦਸੰਬਰ (ਟੀ. ਕੇ.) ਡਾ: ਕੋਟਨਿਸ ਐਕੂਪੰਕਚਰ ਹਸਪਤਾਲ, ਸਲੇਮ ਟਾਬਰੀ, ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 7ਵੀਂ ਸੀਨੀਅਰ ਨੈਸ਼ਨਲ ਰੌਕ ਬਾਲ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ 6ਵੀਂ ਸਬ ਜੂਨੀਅਰ ਨੈਸ਼ਨਲ ਰੌਕ ਬਾਲ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਕੈਂਪ ਵਿੱਚ ਇਕਬਾਲ ਸਿੰਘ ਗਿੱਲ (ਆਈ.ਪੀ.ਐਸ.) ਅਤੇ ਜਸਵੰਤ ਸਿੰਘ ਛਾਪਾ (ਮੁਖੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਕਬਾਲ ਸਿੰਘ ਗਿੱਲ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਜਦਕਿ ਜਸਵੰਤ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰੈਕਸੂਟ ਦੇ ਕੇ ਸਨਮਾਨਿਤ ਕੀਤਾ | ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿੱਚ ਘਿਰੀ ਹੋਈ ਹੈ ਤਾਂ ਇਨ੍ਹਾਂ ਬੱਚਿਆਂ ਨੇ ਕੌਮੀ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾ ਕੇ ਹੀ ਅਸੀਂ ਆਪਣੇ ਗੁਰੂਆਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ, ਜਿਸ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹਾਂਗੇ। ਇਸ ਸੈਮੀਨਾਰ ਵਿੱਚ ਮੁਲਤਾਨੀ ਢਾਬਾ, ਸਰਹਿੰਦ ਵੱਲੋਂ ਮੁਫ਼ਤ ਭੋਜਨ ਦੀ ਸੇਵਾ ਕੀਤੀ ਗਈ। ਇਸ ਮੌਕੇ ਧਰਮਵੀਰ ਸਿੰਘ ਧਾਮੀ (ਪ੍ਰਧਾਨ ਪੰਜਾਬ ਰੌਕ ਬਾਲ), ਜਗਦੀਸ਼ ਸਿਡਾਨਾ, ਅਸ਼ਵਨੀ, ਦਿਨੇਸ਼ ਰਾਠੌਰ, ਡੀ.ਪੀ. ਸ਼ਰਮਾ, ਅਮਰਜੀਤ ਸਿੰਘ (ਟਰੇਨਰ), ਸੰਜੇ, ਰਾਜਵਿੰਦਰ, ਸਾਨੀਆ ਸ਼ਰਮਾ ਅਤੇ ਡਾ: ਕੋਟਨਿਸ ਹਸਪਤਾਲ ਦਾ ਸਮੁੱਚਾ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ |