ਲੁਧਿਆਣਾ, 03 ਮਾਰਚ (ਗੁਰਕਿਰਤ ਜਗਰਾਓਂ, ਮਨਜਿੰਦਰ ਗਿੱਲ)ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ,ਕਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਸੰਸਾਰ ਵਪਾਰ ਸੰਸਥਾਂ ਖਿਲਾਫ ਪੰਜ ਮਾਰਚ ਨੂੰ ਸੂਬੇ ਭਰ ਚ ਕੀਤੇ ਜਾ ਰਹੇ ਜਿਲਾ ਪੱਧਰੀ ਵਿਖਾਵਿਆਂ ਦੀ ਲੜੀ ਚ ਲੁਧਿਆਣਾ ਡੀ ਸੀ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਪੱਧਰੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੇ ਬਲਾਕਾਂ ਚੋਂ ਵੱਡੀ ਗਿਣਤੀ ਚ ਕਿਸਾਨ 5 ਮਾਰਚ ਨੂੰ ਸਵੇਰੇ 11 ਵਜੇ ਡੀ ਸੀ ਦਫਤਰ ਲੁਧਿਆਣਾ ਮੂਹਰੇ ਪ੍ਰਦਰਸ਼ਨ ਚ ਭਾਗ ਲੈਣਗੇ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਬੂਧਾਬੀ ਚ ਬੀਤੇ ਦਿਨੀਂ ਹੋਈ ਸੰਸਾਰ ਵਪਾਰ ਸੰਸਥਾਂ ਦੀ ਮੀਟਿੰਗ ਚ ਇਕ ਹਜਾਰ ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ।ਇਸ ਮੀਟਿੰਗ ਚ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਖਤਮ ਕਰਨ, ਐਮ ਐਸ ਪੀ ਪੱਕੇ ਤੋਰ ਤੇ ਖਤਮ ਕਰਨ,ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਦੀਆਂ ਵੱਡੀਆਂ ਮਹਾਸ਼ਕਤੀਆਂ ਨੇ ਫੈਸਲੇ ਲਏ ਹਨ। ਉਨਾਂ ਦਸਿਆ ਕਿ ਮੀਟਿੰਗ ਵਿਚ ਭਾਰਤ ਸਰਕਾਰ ਤੋਂ ਸੰਸਾਰ ਵਪਾਰ ਸੰਸਥਾਂ ਚੋਂ ਕਿਸਾਨੀ ਨੂੰ ਬਾਹਰ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਹ ਸੰਸਥਾਂ ਕਾਰਪੋਰੇਟਾਂ ਦੇ ਮੁਨਾਫਿਆਂ ਨੂੰ ਜਰਬਾਂ ਦੇਣ ਅਤੇ ਵਿਕਾਸਸ਼ੀਲ ਮੁਲਕਾਂ ਦੇ ਅਰਥਚਾਰੇ ਨੂੰ ਅਪਣੇ ਕਬਜੇ ਚ ਲੈਣ ਲਈ ਬਣਾਈ ਗਈ ਹੈ।ਉਨਾਂ ਦੱਸਿਆ ਕਿ ਇਹ ਵਿਖਾਵੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ, ਕਿਸਾਨਾਂ ਦੇ ਦਿੱਲੀ ਜਾਣ ਦੇ ਜਮਹੂਰੀ ਹੱਕ ਨੂੰ ਕੁਚਲਣ ਖਿਲਾਫ , ਹਰਿਆਣਾ ਪੁਲਸ ਵਲੋਂ ਸੰਘਰਸ਼ਸ਼ੀਲ ਕਿਸਾਨਾਂ ਤੇ ਜਬਰ ਢਾਹੁਣ ਵਿਰੁੱਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਡਕੌਂਦਾ ਦੀ ਅਗਵਾਈ ਚ ਇਨਾਂ ਮੰਗਾਂ ਦੀ ਪ੍ਰਾਪਤੀ ਲਈ ਡੱਬਵਾਲੀ ਬਾਰਡਰ ਤੇ ਚੱਲ ਰਹੇ ਧਰਨੇ ਨੂੰ ਆਉਣ ਵਾਲੇ ਦਿਨਾਂ ਚ ਹੋਰ ਮਘਾਇਆ ਜਾਵੇਗਾ। ਉਨਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ਕੀਤੀ ਜਾ ਰਹੀ ਮਹਾਂਪੰਚਾਇਤ ਚ ਵੀ ਜਿਲੇ ਦੇ ਕਿਸਾਨ ਸ਼ਾਮਲ ਹੋਣਗੇ।