ਲੁਧਿਆਣਾ,11 ਜਨਵਰੀ ( ਗੁਰਭਿੰਦਰ ਗੁਰੀ)ਦੇਵਕੀ ਦੇਵੀ ਜੈਨ ਕਾਲਿਜ ਕਾਲਿਜ ਫਾਰ ਵਿਮੈੱਨ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਸੁਪਤਨੀ ਸਵਰਗੀ ਪ੍ਰੋਃ ਗੁਣਵੰਤ ਸਿੰਘ ਦੂਆ ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦੇ ਵੀ ਲੰਮਾ ਸਮਾਂ ਡਾਇਰੈਕਟਰ ਰਹੇ। ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਦਾ ਅੰਤਿਮ ਸੰਸਕਾਰ 12ਜਨਵਰੀ ਬਾਦ ਦੁਪਹਿਰ 2 ਵਜੇ HBਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਾਃ ਅਮਰਜੀਤ ਸਿੰਘ ਦੂਆ ਨੇ ਦਿੱਤੀ ਹੈ। ਉਹ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਮੈਂਬਰ ਡਾਃ ਹਰਪ੍ਰੀਤ ਸਿੰਘ ਦੂਆ ਤੇ ਡਾਃ ਤ੍ਰਿਪਤਦੀਪ ਸਿੰਘ ਦੂਆ ਦੇ ਸਤਿਕਾਰਤ ਮਾਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਮੇਰੇ ਲਈ ਉਹ ਹਮੇਸ਼ਾਂ ਵੱਡੀ ਭੈਣ ਬਣ ਕੇ ਸੰਗ ਸਾਥ ਨਿਭੇ। ਸਾਡੇ ਪਰਿਵਾਰ ਲਈ ਉਨ੍ਹਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ। 1975 ਤੋਂ ਉਨ੍ਹਾਂ ਦੇ ਪਰਿਵਾਰਕ ਮੁਖੀ ਤੇ ਸਿਰਮੌਰ ਪੰਜਾਬੀ ਕਵੀ ਗਿਆਨੀ ਰਾਮ ਨਾਰਾਇਣ ਸਿੰਘ ਦਰਦੀ ਤੇ ਪ੍ਰੋਃ ਤੇਜ ਕੌਰ ਦਰਦੀ ਜੀ ਰਾਹੀਂ ਇਸ ਪਰਿਵਾਰ ਨਾਲ ਨੇੜਤਾ ਬਣਨ ਕਾਰਨ ਹਰ ਦੁੱਖ ਸੁੱਖ ਦੀ ਇਨ੍ਹਾਂ ਨਾਲ ਸਾਡੀ ਭਾਈਵਾਲੀ ਸੀ। ਇਸੇ ਦੌਰਾਨ ਇੱਕ ਹੋਰ ਬੇਹੱਦ ਉਦਾਸ ਖ਼ਬਰ ਮਿਲੀ ਹੈ ਕਿ ਸਵਰਗੀ ਪੰਜਾਬੀ ਲੇਖਕ ਡਾਃ ਆਤਮ ਹਮਰਾਹੀ ਜੀ ਦੀ ਸਪੁੱਤਰੀ ਤੇ ਉੱਘੀ ਲੇਖਕ ਮਨਦੀਪ ਕੌਰ ਭਮਰਾ ਦੇ ਸਤਿਕਾਰਤ ਪਤੀ ਸਃ ਗੁਰਚਰਨ ਸਿੰਘ ਜੀ ਜਵਾਨ ਉਮਰੇ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਵੀ ਨਮਨ ਹੈ। ਬੀਬਾ ਮਨਦੀਪ ਕੌਰ ਭਮਰਾ ਦੇ ਦੱਸਣ ਮੁਤਾਬਕ ਸਃ ਗੁਰਚਰਨ ਸਿੰਘ ਜੀ ਦੀ ਅੰਤਿਮ ਅਰਦਾਸ 20 ਜਨਵਰੀ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਐੱਚ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਵੇਗੀ।