ਸਰਾਭਾ 10 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੌਮੀ ਸ਼ਹੀਦ ਐਲਾਨਣ, ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਆਦਿ ਦੀਆਂ ਮੰਗਾਂ ਲਈ 319 ਦਿਨਾਂ ਤੱਕ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਣ ਵਾਲੇ ਭਾਈ ਬਲਦੇਵ ਸਿੰਘ ‘ਸਰਾਭਾ’ ਨਾਲ ਬਜ਼ੁਰਗੀ ਅਵਸਥਾ ਦੇ ਬਾਵਜ਼ੂਦ ਸਹਿਯੋਗੀ ਰੂਪ ‘ਚ ਬੈਠਣ ਵਾਲੀ ਅੱਬੂਵਾਲ ਨਿਵਾਸੀ ਮਾਤਾ ਬਲਵੀਰ ਕੌਰ ਸਪੁੱਤਨੀ ਗਿਆਨੀ ਹਰਭਜਨ ਸਿੰਘ ਅੱਬੂਵਾਲ ਨੂੰ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਬਣਦਾ ਮਾਣ-ਸਨਮਾਨ ਦੇਣ ਲਈ ਭਾਈ ਸਰਾਭਾ ਆਪਣੇ ਸਹਿਯੋਗੀ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨਾਲ ਪਹੁੰਚੇ। ਭਾਈ ਸਰਾਭਾ ਨੇ ਮਾਤਾ ਜੀ ਦੇ ਸਿਰੜ ਦਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਸਿਦਕ ਤੇ ਸਿਰੜ ਵਾਲੀਆਂ ਮਾਵਾਂ ਦਾ ਸਿਰ ‘ਤੇ ਹੱਥ ਹੋਵੇ ਤਾਂ ਸ਼ੰਘਰਸ਼ੀ ਪਲ ਅਨੰਦ ਦਿੰਦੇ ਨੇ, ਕਿਉਕਿ ਬਜ਼ੁਰਗਾਂ ਦੀ ਸੰਗਤ ਵਿਚੋਂ ਸੋਝੀ ਮਿਲਦੀ ਹੈ ਕਿ ਜਿਨ੍ਹਾਂ ਨੂੰ ਬਜ਼ੁਰਗੀ ਅਵਸਥਾ ‘ਚ ਕ੍ਰਿਆ ‘ਚ ਵੀ ਤਕਲੀਫ ਹੋਵੇ, ਉਹ ਆਪਣੇ ਕੌਮੀ ਫਰਜ਼ਾਂ ਲਈ ਜੀਵਨ ਦਾ ਕੀਮਤੀ ਵਕਤ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਉਸ ਦਿਨ ਮਾਤਾ ਜੀ ਨਾ ਪੁੱਜ ਸਕੇ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦਾ ਮਨ ਤਾਂ ਸਰਾਭਾ ਮੋਰਚੇ ਵਿਚ ਹੀ ਸੀ, ਇਸ ਲਈ ਇਨ੍ਹਾਂ ਦਾ ਧੰਨਵਾਦ ਅਤੇ ਮਾਣ-ਸਨਮਾਨ ਦੇਣ ਖੁਦ ਪੁੱਜੇ ਹਾਂ। ਇਸ ਮੌਕੇ ਜਗਜੀਤ ਕੌਰ, ਹਰਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਬੀਬੀ ਭੂਪਿੰਦਰ ਕੌਰ ਪੰਚ, ਜਸਵੀਰ ਕੌਰ, ਕਿਰਨਜੀਤਪਾਲ ਕੌਰ, ਹਰਬੰਸ ਕੌਰ, ਮਨਜੀਤ ਕੌਰ, ਬਲਜੀਤ ਕੌਰ ਅਤੇ ਪ੍ਰਵਾਰਕ ਮੈਂਬਰਾਂ ‘ਚੋਂ ਰੁਪਿੰਦਰ ਸਿੰਘ ਸਪੁੱਤਰ ਅਤੇ ਸਿਮਰਨਜੀਤ ਸਿੰਘ ਪੋਤਰਾ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।