ਸਵੇਰ ਦਾ ਸਮਾਂ ਸੀ, ਨਾਸ਼ਤੇ ਤੋਂ ਵਿਹਲੀ ਹੋ ਕੇ ਪ੍ਰਭਜੋਤ ਰਸੋਈ ਵਿੱਚ ਭਾਂਡੇ ਮਾਂਜਣ ਚ ਰੁੱਝੀ ਹੋਈ ਹੈ। ਨੰਨ੍ਹੀ ਛੀਨਾ ਉਸਦੇ ਕੱਪੜੇ ਖਿੱਚ -ਖਿੱਚ ਕੇ ਉਸ ਨੂੰ ਤੰਗ ਕਰਦੀ ਹੋਈ ਰੋ ਰਹੀ ਰਹੀ ਹੈ। " ਜਲਦੀ ਕੰਮ ਨਿਬੇੜ ਲੈ ਤੇ ਜਾ ਕੇ ਛੀਨਾ ਨੂੰ ਸਵਾ ਦੇ । "ਉਸ ਦੀ ਸੱਸ ਬੋਲੀ । ਆਪਣੀ ਸੱਸ ਗੁਰਜੀਤ ਦੀ ਗੁੱਸੇ ਭਰੀ ਆਵਾਜ਼ ਸੁਣਦਿਆਂ ਹੀ ਪ੍ਰਭਜੋਤ ਕਾਹਲੀ ਨਾਲ ਕੰਮ ਨਿਬੇੜ ਕੇ ਛੀਨਾ ਨੂੰ ਨੂੰ ਚੁੱਕ ਕੇ ਪਿਛਲੇ ਅੰਦਰ ਲੈ ਗਈ ਤੇ ਦੁੱਧ ਪਿਲਾਉਣ ਲੱਗੀ । ਪ੍ਰਭਜੋਤ ਦੇ ਅੰਦਰ ਜਾਂਦਿਆਂ ਹੀ ਗੁਰਜੀਤ ਨੇ ਛੇਤੀ- ਛੇਤੀ ਉੱਠ ਕੇ ਆਪਣਾ ਅਤੇ ਆਪਣੀ ਧੀ ਦੀਪਾ ਦਾ ਨਵਾਂ ਸੂਟ ਤੇ ਕੁਝ ਮੇਕਅੱਪ ਦਾ ਸਾਮਾਨ ਇੱਕ ਲਿਫ਼ਾਫ਼ੇ ਵਿੱਚ ਪਾਇਆ ਅਤੇ ਲਿਫਾਫਾ ਬਾਹਰਲੇ ਗੇਟ ਵੱਲ ਖੁੱਲ੍ਹਦੇ ਬੈਠਕ ਦੇ ਦਰਵਾਜ਼ੇ ਪਿੱਛੇ ਰੱਖ ਆਈ । ਫਿਰ ਉਸ ਨੇ ਵਿਹੜੇ ਵਿੱਚ ਖੁੱਲ੍ਹਦੇ ਬੈਠਕ ਦੇ ਬੂਹੇ ਨੂੰ ਘੁੱਟ ਕੇ ਬੰਦ ਕਰ ਦਿੱਤਾ। ਅਤੇ ਖੁਦ ਰਸੋਈ ਵਿੱਚ ਆ ਗਈ । ਇਨੇ ਨੂੰ ਬਾਹਰਲਾ ਦਰਵਾਜ਼ਾ ਖੜਕਿਆ ਤੇ ਉਸ ਦਾ ਦਿਓਰ ਤੇ ਦਰਾਣੀ ਅੰਦਰ ਲੰਘ ਆਏ। "ਲੈ ! ਅਜੇ ਇੰਝ ਹੀ ਬੈਠੀਆਂ ਹੋ। ਤਿਆਰ ਨਹੀਂ ਹੋਈਆਂ ? "ਗੁਰਜੀਤ ਤੇ ਦੀਪਾ ਨੂੰ ਸਾਧਾਰਨ ਜਿਹੇ ਸੂਟ ਵਿੱਚ ਦੇਖਦੇ ਹੀ ਗੁਰਜੀਤ ਦੀ ਦਰਾਣੀ ਦਲਜੀਤ ਬੋਲੀ । "ਹਾਏ ਰੱਬਾ! ਹੌਲੀ ਬੋਲ ......"ਗੁਰਜੀਤ ਸਾਰੇ ਸ਼ਬਦਾਂ ਨੂੰ ਬੁੱਲ੍ਹਾਂ ਵਿੱਚ ਦਬਾਉਂਦੀ ਹੋਈ ਦਬਵੀਂ ਆਵਾਜ਼ ਵਿੱਚ ਬੋਲੀ । "ਕੀ ਹੋਇਆ?" ਦਲਜੀਤ ਹੈਰਾਨ ਹੋ ਕੇ ਬੋਲੀ । "ਇੱਧਰ ਬੈਠਕ ਵਿੱਚ ਹੀ ਆ ਜਾਓ ।" ਤੇ ਉਸਨੇ ਦਲਜੀਤ ਤੇ ਜਗਤਾਰ ਦੇ ਅੰਦਰ ਲੰਘਦੇ ਹੀ ਬੂਹਾ ਬੰਦ ਕਰ ਲਿਆ । "ਹੋਰ ਕੁਝ ਨਹੀਂ ,ਬਸ ਅਸੀਂ ਸੋਚਿਆ ਕਿ ਇਸ ਵਾਰ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਾਰੇ ਬਿਲਕੁਲ ਨਹੀਂ ਦੱਸਣਾ। ਤੁਹਾਨੂੰ ਵੀ ਪਤਾ ਹੀ ਹੈ ਆਪਣੇ ਦੀਪਾ ਦੀ ਹੁਣ ਤੱਕ ਕਈ ਥਾਈਂ ਗੱਲ ਚੱਲ ਚੁੱਕੀ ਹੈ ,ਪਰ ਸਿਰੇ ਨਹੀਂ ਚੜ੍ਹਦੀ। ਜਿਹੜੀ ਥਾਂ ਵੀ ਇਹਨੂੰ ਨਾਲ ਲੈ ਕੇ ਗਈ ਆਂ, ਅਗਲਿਆਂ ਜਵਾਬ ਹੀ ਦੇ ਦਿੱਤਾ। ਮੈਂ ਤਾਂ ਕਈ ਵਾਰ ਇਨ੍ਹਾਂ ਨੂੰ ਕਿਹਾ ਬਈ ਇਸ ਮਨਹੂਸ ਨੂੰ ਘਰ ਹੀ ਛੱਡ ਜਾਓ । ਇਹ ਹਰ ਵਾਰੀ ਇਹੀ ਕਹਿੰਦੇ ਨੇ ਕਿ ਨਹੀਂ, ਐਵੇਂ ਚੰਗਾ ਨਹੀਂ ਲੱਗਦਾ। ਇੱਕੋ- ਇੱਕ ਨੂੰਹ ਏ । "ਮੈਂ ਵੇਖਿਆ , ਜਦੋਂ ਵੀ ਕਿਧਰੇ ਗੱਲ ਤੁਰਦੀ ਏ ......ਇਹਦੇ ਕੰਨੀਂ ਪੈ ਜਾਏ ਸਹੀ...... ਬੱਸ ਗੱਲ ਉੱਥੇ ਹੀ ਕਿਸੇ ਤਰ੍ਹਾਂ ਠੱਪ ਹੋ ਜਾਂਦੀ ਏ ।ਹੁਣ ਤਾਂ ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਿਲਕੁਲ ਨਹੀਂ ਪਤਾ ਲੱਗਣੀ ਚਾਹੀਦੀ ਤਾਂ ਹੀ ਇਹ ਕਾਰਜ ਹੋ ਸਕਦੈ । " ਹੈ ਕਿੱਥੇ ਹੁਣ ?" ਵਿੱਚੋਂ ਹੀ ਉਸ ਦਾ ਦਿਓਰ ਜਗਤਾਰ ਬੋਲ ਪਿਆ ।" ਪਿਛਲੇ ਕਮਰੇ ਅੰਦਰ ਹੈ । ਛੀਨਾ ਨੂੰ ਸੁਆਉਂਦੀ ਹੋਵੇਗੀ। ਹੁਣ ਤੁਸੀਂ ਵੀ ਉਹਦੇ ਸਾਹਮਣੇ ਕੋਈ ਗੱਲ ਨਾ ਕਰਿਓ ਇੰਝ ਲੱਗੇ ਕਿ ਤੁਸੀਂ ਵੈਸੇ ਹੀ ਮਿਲਣ ਆਏ ਹੋ ।" ....ਤੇ ਇੰਨੇ ਨੂੰ ਪ੍ਰਭਜੋਤ ਚਾਹ ਲੈ ਕੇ ਆ ਗਈ ।ਉਸ ਦੇ ਆਉਂਦਿਆਂ ਹੀ ਸਾਰੇ ਚੁੱਪ ਹੋ ਗਏ। ਪੈਰੀਂ ਹੱਥ ਲਾਉਣ ਤੋਂ ਬਾਅਦ ਉਹ ਉੱਥੇ ਹੀ ਬੈਠ ਗਈ । "ਸੌ ਗਈ ਛੀਨਾਂ ?" ਦਲਜੀਤ ਓਪਰਾ ਜਿਹਾ ਮੁਸਕਰਾਉਂਦੀ ਹੋਈ ਬੋਲੀ। " ਹਾਂ ਜੀ...." ਕਹਿੰਦੇ ਉਹ ਦਲਜੀਤ ਨਾਲ ਹੋਰ ਗੱਲਾਂ ਕਰਨ ਲੱਗ ਪਈ । "ਆਟਾ ਗੁੰਨਣ ਵਾਲਾ ਪਿਐ ...। ਜਾਹ, ਜਾ ਕੇ ਆਟਾ ਗੁੰਨ ਲੈ ।" ਗੁਰਜੀਤ ਦੇ ਕਹਿੰਦਿਆਂ ਹੀ ਪ੍ਰਭਜੋਤ ਉੱਠ ਕੇ ਰਸੋਈ ਵਿੱਚ ਆ ਗਈ। ਤੇ ਦਲਜੀਤ ਨੇ ਝੱਟ ਉੱਠ ਕੇ ਬੂਹਾ ਢੋਅ ਦਿੱਤਾ। ਪ੍ਰਭਜੋਤ ਨੂੰ ਉਨ੍ਹਾਂ ਦਾ ਅਜਿਹਾ ਕਰਨਾ ਬਿਲਕੁਲ ਵੀ ਚੰਗਾ ਨਾ ਲੱਗਾ ।ਤੇ ਝੱਟ ਹੀ ਉਸ ਦੀਆਂ ਅੱਖਾਂ ਵਿੱਚ ਅੱਥਰੂ ਘੁਲਣ ਲੱਗੇ। ਬੈਠਕ ਵਿੱਚ ਕੁਝ ਦੇਰ ਉਨ੍ਹਾਂ ਦਾ ਵਿਚਾਰ- ਵਟਾਂਦਰਾ ਚਲਦਾ ਰਿਹਾ ਤੇ ਫਿਰ ਗੁਰਜੀਤ ਬੋਲੀ ,"ਤੁਸੀਂ ਇੰਜ ਕਰੋ..... ਸਿੱਧੇ ਹੋਟਲ ਪਹੁੰਚੋ। ਕਮਰਾ ਉੱਥੇ ਅਸਾਂ ਬੁੱਕ ਕਰਵਾ ਦਿੱਤਾ ਹੋਇਆ । ਉੱਥੇ ਹੀ ਵੇਖ- ਵਿਖਾਈ ਕਰਾਂਗੇ । ਤੁਸੀਂ ਜਾ ਕੇ ਚਾਬੀ ਲੈ ਕੇ ਬੂਹਾ ਖੋਲ੍ਹੋ। ਇਹ ਤੇ ਕੁਲਰਾਜ ਦਫ਼ਤਰ ਤੋਂ ਸਿੱਧੇ ਉੱਥੇ ਹੀ ਆ ਜਾਣਗੇ ।ਬਾਕੀ ਬਲਜੀਤ ਨੂੰ ਵੀ ਫੋਨ ਕਰ ਦਿੱਤਾ ਸੀ ਵੀ ਬਈ ਪ੍ਰਾਹੁਣੇ ਨਾਲ ਸਿੱਧੀ ਹੋਟਲ ਹੀ ਆ ਜਾਵੀਂ ।ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਗੱਲ ਬਣ ਜਾਵੇ ਬੱਸ ਹੁਣ । ਉਨੱਤੀਆਂ ਦੀ ਹੋ ਚੱਲੀ ਹੈ ਆਪਣੀ ਦੀਪਾ । ਮੈਨੂੰ ਤਾਂ ਇਹਦੇ ਫ਼ਿਕਰ ਨੇ ਈ ਖਾ ਲਿਆ , ਸੱਚੀ! ਜਿੱਥੇ ਵੀ ਮੁੰਡਾ ਵੇਖਦੇ ਹਾਂ , ਅਗਲੇ ਕੁੜੀ ਦੇਖਦੇ ਨੇ ਤੇ ਬੱਸ ਚੁੱਪ ਈ ਕਰ ਜਾਂਦੇ ਨੇ ਪਤਾ ਨਹੀਂ ਕੀਹਦੀ ਨਜ਼ਰ ਖਾ ਗਈ ਹੈ ।" ਗੁਰਜੀਤ ਡਾਹਢੀ ਉਦਾਸ ਹੁੰਦੀ ਹੋਈ ਬੋਲੀ । "ਕੋਈ ਨਾ, ਕੋਈ ਨਾ ।ਫਿਕਰ ਨਾ ਕਰੋ। ਸਾਨੂੰ ਤਾਂ ਲਗਦੈ ਇਸ ਵਾਰ ਗੱਲ ਬਣ ਹੀ ਜਾਂਦੀ ਹੈ .....ਮੁੰਡਾ ਵੀ ਵਧੀਆ...... ਤੇ ਘਰ -ਬਾਰ ਵੀ .....।ਚਲੋ ਮੀਟ ਸ਼ਰਾਬ ਦਾ ਹੀ ਲੱਗਦਾ ਹੈ ਤੁਹਾਨੂੰ...। ਵੈਸੇ ਵੇਖਿਆ ਜਾਏ ਤਾਂ ਇਹ ਕੋਈ ਵੱਡੀ ਗੱਲ ਨਹੀਂ ....।ਉਹ ਕਿਹੜਾ ਰੋਜ਼ -ਰੋਜ਼ ਖਾਂਦਾ- ਪੀਂਦਾ ਹੈ ।ਪਾਰਟੀ ਵਗੈਰਾ 'ਤੇ ਤਾਂ ਅੱਜ ਕੱਲ੍ਹ ਸਾਰੇ ਹੀ ਖਾ ਪੀ ਲੈਂਦੇ ਨੇ । " ਚਲੋ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ.....। ਛੇਤੀ ਕਰੋ ਹੁਣ ਤੁਸੀਂ ਸਿੱਧੇ ਹੋਟਲ ਚਲੋ ।" ਗੁਰਜੀਤ ਜਗਤਾਰ ਦੀ ਗੱਲ ਕੱਟਦੀ ਹੋਈ ਬੋਲੀ ਤੇ ਉਹ ਸਾਰੇ ਉੱਠ ਖੜੇ ਹੋਏ। " ਦੀਪਾ ਚੱਲ ਤੁਰ.....।" ਉਨ੍ਹਾਂ ਦੇ ਜਾਂਦਿਆਂ ਹੀ ਗੁਰਜੀਤ ਨੇ ਦੀਪਾ ਨੂੰ ਆਵਾਜ਼ ਮਾਰੀ।"ਕਿੱਧਰ ਚੱਲੇ ਓ ....?"ਕੋਲ ਬੈਠੀ ਪ੍ਰਭਜੋਤ ਨੇ ਪੁੱਛਿਆ।" ਤੂੰ ਜ਼ਰੂਰ ਪੁੱਛਣੇ? ਨੈਸ਼ ਕਿਤੋਂ ਦੀ ....।" ਬਿਨਾਂ ਬੋਲੇ ਗੁਰਜੀਤ ਮਨ ਹੀ ਮਨ ਕੁੜ੍ਹਨ ਲੱਗੀ ਕੁੜ੍ਹਨ ਤੇ ਉਸ ਦੇ ਮੱਥੇ ਤੇ ਵੱਟ ਹੋਰ ਵੀ ਗੂੜ੍ਹੇ ਹੋ ਗਏ। "ਬਾਹਰਲੇ ਗੁਰਦੁਆਰੇ ਚੱਲੇ ਆਂ ....ਮੱਥਾ ਟੇਕਣ।" ਇਹ ਕਹਿੰਦਿਆਂ ਗੁਰਜੀਤ ਅਤੇ ਦੀਪਾ ਨੇ ਚੁੰਨੀ ਚੁੱਕ , ਜੁੱਤੀ ਪਾਈ ਤੇ ਬਾਹਰਲੇ ਗੇਟ ਵੱਲ ਹੋ ਤੁਰੀਆਂ ।ਦੀਪਾ ਨੇ ਹੌਲੀ ਜਿਹੀ ਲਿਫਾਫਾ ਵੀ ਚੁੱਕ ਲਿਆ। "ਸ਼ੁਕਰ ਹੈ ਇਸ ਵਾਰ ਭਾਪਾ ਜੀ ਤੇ ਵੀਰ ਜੀ ਨੇ ਭਾਬੀ ਨੂੰ ਕੋਈ ਗੱਲ ਨਹੀਂ ਦੱਸੀ ।" ਰਿਕਸ਼ੇ ਤੇ ਬੈਠਦਿਆਂ ਦੀਪਾ ਮਾਂ ਅੱਗੇ ਮਨ ਦੀ ਭੜਾਸ ਕੱਢਦੀ ਹੋਈ ਬੋਲੀ । "ਮੈਂ ਤਾਂ ਹਰ ਵਾਰ ਕਹਿੰਦੀ ਆਂ ਇਨ੍ਹਾਂ ਨੂੰ ਪਤਾ ਨਹੀਂ ਕੀ ਹੈਗਾ ਏ ਉਹਦੇ ਨਾਲ ।ਚੱਲ ਛੱਡ ਹੁਣ, ਤੂੰ ਉਹਦਾ ਧਿਆਨ ਬਿਲਕੁੱਲ ਨਾ ਕਰ ।"ਗੁਰਜੀਤ ਬੋਲੀ । ਹੋਟਲ ਦੇ ਕਮਰੇ ਚ ਪਹੁੰਚਦੇ ਹੀ ਉਨ੍ਹਾਂ ਵੇਖਿਆ ਦਲਜੀਤ ਤੇ ਜਗਤਾਰ ਉੱਤੇ ਪਹੁੰਚੇ ਹੋਏ ਸਨ। ਮਾਵਾਂ- ਧੀਆਂ ਨੇ ਛੇਤੀ -ਛੇਤੀ ਕੱਪੜੇ ਬਦਲ ਲਏ। ਥੋੜ੍ਹੀ ਦੇਰ ਬਾਅਦ ਇੱਕ ਪਾਰਲਰ ਵਾਲੀ ਕੁੜੀ ਵੀ ਆ ਗਈ, ਜਿਸ ਨੂੰ ਗੁਰਜੀਤ ਨੇ ਖਾਸ ਤੌਰ ਤੇ ਸੱਦਿਆ ਸੀ।ਉਹ ਚਾਹੁੰਦੀ ਸੀ ਕਿ ਉਹ ਦੀਪਾ ਦੀ ਸਾਧਾਰਨ ਜਿਹੀ ਦਿੱਖ ਨੂੰ ਆਕਰਸ਼ਕ ਬਣਾ ਦੇਵੇ ,ਜਿਵੇਂ ਉਹ ਬਜ਼ਿਦ ਸੀ ਕਿ ਅੱਜ ਰਿਸ਼ਤਾ ਕਰਕੇ ਹੀ ਜਾਣਾ ਹੈ। ਗੁਰਜੀਤ ਦਾ ਪਤੀ ਸੁਖਦੀਪ ਸਿੰਘ ਅਤੇ ਪੁੱਤਰ ਕੁੱਲਰਾਜ ਵੀ ਆ ਗਏ। ਇੰਨੇ ਨੂੰ ਧੀ ਬਲਜੀਤ ਅਤੇ ਉਸ ਦੇ ਘਰ ਵਾਲੇ ਨੇ ਆ ਕੇ ਦੱਸਿਆ ਕੇ ਮੁੰਡੇ ਵਾਲਿਆਂ ਦੀ ਕਾਰ ਹੇਠਾਂ ਖੜ੍ਹੀ ਲੱਗਦੀ ਹੈ ।ਉਹ ਸਾਰੇ ਹੇਠਾਂ ਚਲੇ ਗਏ । "ਇਹ ਤਾਂ ਸਿਰਫ ਤਿੰਨ ਜਣੇ ਹੀ ਆਏ ਨੇ ।ਮੈਂ ਵੀ ਤੈਨੂੰ ਕਿਹਾ ਸੀ ਆਪਾਂ ਵੀ ਬਸ ਤਿੰਨ ਜਣੇ ਹੀ ਠੀਕ ਆਂ । ਤੂੰ ਹੀ ਸਾਰਿਆਂ ਨੂੰ ਸੱਦ ਬਹਿੰਦੀ ਏਂ ।" ਦੂਰੋਂ ਮੁੰਡੇ ਵਾਲਿਆਂ ਨੂੰ ਦੇਖਦਿਆਂ ਹੀ ਸੁਖਦੀਪ ਨੇ ਗੁਰਜੀਤ ਦੇ ਕੰਨ ਕੋਲ ਹੁੰਦਿਆਂ ਕਿਹਾ । "ਕੋਈ ਨਹੀਂ.... ਸਾਰਿਆਂ ਦਾ ਆਉਣਾ ਜ਼ਰੂਰੀ ਹੁੰਦੈ ....।ਸਾਰੇ ਖਾਸ ਨੇ ....ਕਿਹਨੂੰ ਛੱਡੀਏ.... ਸਾਰਿਆਂ ਦੀ ਸਲਾਹ ਲੈਣੀ ਹੁੰਦੀ ਏ.... ਤੇ ਹੁਣ ਚੁੱਪ ਕਰ ਜਾਓ ਤੁਸੀਂ।" ਗੁਰਜੀਤ ਨੇ ਗੁੱਸੇ ਵਿੱਚ ਬੋਲਦਿਆਂ ਸੁਖਦੀਪ ਨੂੰ ਘੂਰੀ ਵੱਟੀ ਤਾਂ ਉਹ ਇੱਕ ਦਮ ਚੁੱਪ ਕਰ ਗਿਆ । ਰਸਮੀ ਸੱਤ ਸ੍ਰੀ ਅਕਾਲ ਤੋਂ ਬਾਅਦ ਕੁਝ ਦੇਰ ਹੇਠਾਂ ਹਾਲ ਵਿੱਚ ਬੈਠ ਕੇ ਹੀ ਗੱਲਬਾਤ ਹੁੰਦੀ ਰਹੀ ਤੇ ਫਿਰ ਸਾਰੇ ਕਮਰੇ ਵਿੱਚ ਆ ਗਏ । ਉਨ੍ਹਾਂ ਦੀ ਖਾਤਰਦਾਰੀ ਦਾ ਵੀ ਪੂਰਾ ਪ੍ਰਬੰਧ ਸੀ । ਮੁੰਡਾ ਸੋਹਣਾ- ਸੁਨੱਖਾ ਹੋਣ ਕਾਰਨ ਸਾਰਿਆਂ ਨੂੰ ਜੱਚ ਗਿਆ ।ਸੁਖਦੀਪ ਨੇ ਸਾਰਿਆਂ ਦੀ ਜਾਣ- ਪਛਾਣ ਕਰਾਈ। ਨੂੰਹ ਬਾਰੇ ਪੁੱਛਣ 'ਤੇ ਗੁਰਜੀਤ ਨੇ ਝੱਟ ਗਿਆ, " ਉਹ ਰਾਤ ਦੀ ਢਿੱਲੀ ਸੀ..... ਬਸ ਥੋੜ੍ਹੀ ਦੇਰ ਲਈ ਕਿਸੇ ਰਿਸ਼ਤੇਦਾਰ ਨੂੰ ਉਸ ਦੇ ਕੋਲ ਛੱਡ ਕੇ ਆਏ ਹਾਂ । ਸਾਡਾ ਦਾ ਸਾਰਾ ਧਿਆਨ ਹੀ ਉਸ ਵਿੱਚ ਹੈ । " ਖੈਰ! ਗੱਲ ਆਈ ਗਈ ਹੋ ਗਈ । ਮੁੰਡੇ ਦੇ ਪਿਓ ਨੇ ਦੀਪਾ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ , ਜਿਨ੍ਹਾਂ ਵਿੱਚੋਂ ਕਈ ਗੱਲਾਂ ਗੁਰਜੀਤ ਤੇ ਸੁਖਦੀਪ ਨੂੰ ਬਿਲਕੁਲ ਵੀ ਚੰਗੀਆਂ ਨਾ ਲੱਗੀਆਂ ।ਪਰ ਉਨ੍ਹਾਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ।ਸਾਰਿਆਂ ਦੀ ਆਪਸੀ ਗੱਲਬਾਤ ਤੋਂ ਬਾਅਦ ਕੁੱਝ ਦੇਰ ਲਈ ਮੁੰਡੇ - ਕੁੜੀ ਨੂੰ ਗੱਲਬਾਤ ਕਰਨ ਲਈ ਇਕੱਲਿਆਂ ਛੱਡ ਦਿੱਤਾ ਗਿਆ। ਉਸ ਮਗਰੋਂ ਕੁਝ ਦੇਰ ਮੁੰਡੇ ਵਾਲੇ ਆਪਸ ਵਿੱਚ ਵਿਚਾਰ - ਵਟਾਂਦਰਾ ਕਰਦੇ ਰਹੇ । ਜਦੋਂ ਸਾਰੇ ਮੁੜ ਇਕੱਠੇ ਹੋਏ ਇਸ ਤਾਂ ਸੁਖਦੀਪ ਦੇ ਪੁੱਛਣ ਤੇ ਮੁੰਡੇ ਦਾ ਪਿਓ ਬੋਲਿਆ, " ਕਾਹਲੀ ਕਾਹਦੀ ਹੈ ਜੀ .....ਆਪਾਂ ਇੱਕ - ਦੂਜੇ ਨੂੰ ਮਿਲ ਲਿਆ ਹੈ, ਗੱਲਬਾਤ ਕਰ ਲਈਏ। ਘਰ ਜਾ ਕੇ ਤੁਸੀਂ ਵੀ ਆਰਾਮ ਨਾਲ ਸਲਾਹ ਕਰ ਲਓ ਤੇ ਅਸੀਂ ਵੀ ਕਰ ਲੈਂਦੇ ਹਾਂ। ਬਾਕੀ ਗੱਲਾਂ - ਬਾਤਾਂ ਦਾ ਫੋਨ ਤੇ ਹੁੰਦੀਆਂ ਹੀ ਰਹਿਣਗੀਆਂ ।" ਫਿਰ ਕੁੱਝ ਦੇਰ ਦੀਆਂ ਸਾਧਾਰਨ ਗੱਲਾਂ - ਬਾਤਾਂ ਤੋਂ ਬਾਅਦ ਉਹ ਉਨ੍ਹਾਂ ਨੂੰ ਹੇਠਾਂ ਤੱਕ ਛੱਡਣ ਲਈ ਚਲੇ ਗਏ ਤੇ ਉਧਰੋਂ ਹੀ ਸਭ ਆਪੋ - ਆਪਣੇ ਟਿਕਾਣਿਆਂ ਤੇ ਚਲੇ ਗਏ। ਦਿਨ ਬੀਤਣ ਲੱਗੇ । ਉਹ ਕੁਝ ਦਿਨ ਫੋਨ ਉਡੀਕਦੇ ਰਹੇ ਤੇ ਇੱਕ ਦਿਨ ਸੁਖਦੀਪ ਨੇ ਮੁੰਡੇ ਵਾਲਿਆਂ ਨੂੰ ਫੋਨ ਕੀਤਾ ਤਾਂ ਅਗੋਂ ਜਵਾਬ ਮਿਲਿਆ ,'ਅਜੇ ਸਲਾਹ ਕਰ ਰਹੇ ਹਾਂ । ਦੋ ਕੁ ਦਿਨ ਠਹਿਰ ਕੇ ਫੋਨ ਕਰੋ ।' ਉਨ੍ਹਾਂ ਨੇ ਫਿਰ ਫੋਨ ਕੀਤਾ ਤਾਂ ਕੋਈ ਹੋਰ ਬਹਾਨਾ। ਕੁਝ ਦਿਨਾਂ ਬਾਅਦ ਫਿਰ ਫੋਨ ਕੀਤਾ ਤਾਂ ਅਗਲਿਆਂ ਨੇ ਫੋਨ ਹੀ ਕੱਟ ਦਿੱਤਾ । ਭਰਿਆ- ਪੀਤਾ ਸੁਖਦੀਪ, ਗੁਰਜੀਤ ਵੱਲ ਦੇਖਦਿਆਂ ਬੋਲਿਆ, " ਲੈ ਵੇਖ ਲੈ ਲੋਕਾਂ ਦਾ ਹਾਲ ....ਅੱਜਕਲ੍ਹ ਤਾਂ ਲੋਕ ਅਸਮਾਨੀ ਚੜ੍ਹੇ ਪਏ ਨੇ । ਆਕੜ ਹੀ ਮਾਣ ਨਹੀਂ । ਗੱਲ ਕਰਕੇ ਵੀ ਰਾਜ਼ੀ ਨਹੀਂ ਹੁਣ .....ਤੂੰ ਹੀ ਹੋਟਲ ਦਾ ਕਮਰਾ ਬੁੱਕ ਕਰਾਉਣ ਨੂੰ ਕਹਿ ਦਿੰਦੀ ਏ .....ਕਦੇ ਖ਼ਰਚੇ ਬਾਰੇ ਵੀ ਸੋਚ ਲਿਆ ਕਰ । ਗੱਲ ਪਤਾ ਨਹੀਂ ਬਣਨੀ ਹੁੰਦੀ ਹੈ ਕਿ ਨਹੀਂ।ਇਹਦੇ ਨਾਲੋਂ ਤਾਂ ਘਰ ਹੀ ਸੱਦ ਲੈਂਦੇ....।" ਸੁਖਦੀਪ ਗੁੱਸੇ ਨਾਲ ਮੱਥੇ ਦੇ ਤਿਊੜੀਆਂ ਪਾਏ ਗੁਰਜੀਤ ਨੂੰ ਘੂਰਦਾ ਹੋਇਆ ਬੋਲਿਆ । "ਆਹੋ ਘਰ ਸੱਦ ਲੈਂਦੇ ....,ਇੱਥੇ ਆ ਜੋ ਬੈਠੀ ਏ ।ਹਰ ਗੱਲ ਵਿੱਚ ਛੱਤੀ ਸਵਾਲ ਪੁੱਛਣ ਵਾਲੀ .....ਇਹਦੀ ਈ ਹਾਅ ਪੈ ਜਾਂਦੀ ਹੈ ਹਰ ਵਾਰ .....ਸੱਚ ਦੱਸਾਂ ਤਾਂ ਇਹ ਮੇਰੀ ਕੁੜੀ ਤੋਂ ਸੜਦੀ ਏ .....।"ਗੁਰਜੀਤ ਬੋਲੀ । "ਤੂੰ ਤਾਂ ਐਵੇਂ ਈ ਉਹਦੇ ਮਗਰ ਪਈ ਰਹਿਣੀ ਏ ....ਇਸ ਵਾਰ ਤੋਂ ਉਹਨੂੰ ਕੁਝ ਦੱਸਿਆ ਹੀ ਨਹੀਂ ਸੀ ....."ਸੁਖਦੀਪ ਹੋਰ ਖਿਝਦਾ ਹੋਇਆ ਬੋਲਿਆ । "ਸੁਣ ਲਈ ਹੋਣੀ ਏ ਉਹਨੇ ਕੋਈ ਨਾ ਕੋਈ ਗੱਲ ......ਆਖਰ ਤਾਂ ਘਰ ਵਿੱਚ ਹੀ ਰਹਿੰਦੀ ਏ .....ਪੱਥਰ ਪਾੜ ਨਜ਼ਰ ਹੈ ਉਹਦੀ ।"ਗੁਰਜੀਤ ਗੁੱਸੇ ਵਿੱਚ ਉਬਲਦੀ ਬੁੜਬੁੜਾਈ । ਏਨੇ ਨੂੰ ਫੋਨ ਵੱਜਿਆ । ਗੁਰਜੀਤ ਨੇ ਫੋਨ ਚੁੱਕਿਆ ਅਤੇ ਪ੍ਰਭਜੋਤ ਲਈ ਫੋਨ ਹੋਣ ਕਾਰਨ ਉਸ ਨੂੰ ਆਵਾਜ਼ ਲਗਾ ਦਿੱਤੀ। ਪ੍ਰਭਜੋਤ ਫੋਨ ਸੁਣਨ ਲੱਗੀ ਤੇ ਕੁਝ ਦੇਰ ਮਗਰੋਂ ਗੁਰਜੀਤ ਤੇ ਸੁਖਦੀਪ ਕੋਲ ਆ ਬੈਠੀ । " ਹੂੰ .... ਕੀ ਗੱਲ ਏ ....?" ਉਸ ਨੂੰ ਇੰਝ ਬੈਠੇ ਦੇਖ ਗੁਰਜੀਤ ਖਿੱਝ ਜਿਹੀ ਗਈ। "ਮੰਮੀ ਜੀ ....ਮੈਂ ਤੁਹਾਡੇ ਦੇ ਭਾਪਾ ਜੀ ਨਾਲ ਇੱਕ ਖਾਸ ਗੱਲ ਕਰਨੀ ਏ ।" ਉਹਨੇ ਜਵਾਬ ਦਿਤਾ । "ਕੀ ?" ਗੁਰਜੀਤ ਮੱਥੇ ਤੇ ਵੱਟ ਹੋਰ ਵੀ ਡੂੰਘੇ ਹੋ ਗਏ। ਸੁਖਦੀਪ ਸਿੰਘ ਵੀ ਉੱਠ ਕੇ ਬੈਠ ਗਿਆ। "ਫੇਰ .....?" ਗੁਰਜੀਤ ਸਵਾਲੀਆਂ ਨਜ਼ਰਾਂ ਨਾਲ ਉਸਨੂੰ ਘੂਰਦੀ ਹੋਈ ਬੋਲੀ ।"ਮੇਰੇ ਤਾਏ ਦਾ ਮੁੰਡਾ ਹੈ ਨਾ ਹਰਦੇਵ । ਉਹੀ ਜਿਸ ਨੇ ਐਮ .ਏ ,ਬੀ. ਐੱਡ .ਕੀਤੀ ਹੋਈ ਹੈ। ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ । ਤੁਹਾਨੂੰ ਯਾਦ ਦੀ ਹੋਣਾ ਹੈ ......। ਉਹ ਦਲਜੀਤ ਚਾਚੀ ਦੇ ਮੁੰਡੇ ਦੇ ਵਿਆਹ ਤੇ ਵੀ ਆਇਆ ਸੀ, ਉੱਚਾ - ਲੰਮਾ, ਸੋਹਣਾ ਤੇ ਪੂਰਨ ਗੁਰਸਿੱਖ ਹੈ ਤੇ ਸਭ ਤੋਂ ਵੱਡੀ ਗੱਲ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਬ ਨਹੀਂ ..... ਉਨ੍ਹਾਂ ਨੂੰ ਇੱਕ ਸਾਦੀ ਜਿਹੀ ਤੇ ਪੜ੍ਹੀ - ਲਿਖੀ ਲੜਕੀ ਦੀ ਲੋੜ ਹੈ ।ਤਾਈ ਹੋਰਾਂ ਨੇ ਉਦੋਂ ਵਿਆਹ ਤੇ ਈ ਦੀਪਾ ਨੂੰ ਦੇਖਿਆ ਸੀ। ਉਨ੍ਹਾਂ ਨੂੰ ਦੀਪਾ ਪਸੰਦ ਹੈ ਤੇ ਉਹ ....। ਜੇ ਤੁਹਾਡੀ ਰਜ਼ਾਮੰਦੀ ਹੋਵੇ ਤਾਂ....। ਤਾਈ ਹੋਰਾਂ ਤਾਂ ਉਦੋਂ ਵੀ ਮੇਰੇ ਨਾਲ ਗੱਲ ਕੀਤੀ ਸੀ ਤੇ ਨਾਲ ਕਿਹਾ ਸੀ ਪਹਿਲਾਂ ਮੁੰਡੇ ਨੂੰ ਨੌਕਰੀ ਮਿਲ ਜਾਵੇ ਫਿਰ ਤੂੰ ਸੱਸ- ਸਹੁਰੇ ਨਾਲ ਗੱਲ ਕਰੀਂ ਤੇ ਅੱਜ ਉਨ੍ਹਾਂ ਇਹੀ ਦੱਸਿਆ ਬਈ ਉਸ ਨੂੰ ਨੌਕਰੀ ਮਿਲ ਗਈ ਹੈ ।" ਪ੍ਰਭਜੋਤ ਮੁਸਕਰਾਉਂਦੀ ਹੋਈ ਬੋਲੀ। ਗੁਰਜੀਤ ਤੇ ਸੁਖਦੀਪ ਹੈਰਾਨ ਹੋਏ ਬੜੇ ਧਿਆਨ ਨਾਲ ਪ੍ਰਭਜੋਤ ਦੀ ਇੱਕ- ਇੱਕ ਗੱਲ ਸੁਣ ਰਹੇ ਸਨ। ਉਨ੍ਹਾਂ ਨੇ ਝੱਟ ਕੁਲਰਾਜ ਨਾਲ ਸਲਾਹ ਕੀਤੀ। ਉਨ੍ਹਾਂ ਨੂੰ ਇਸ ਰਿਸ਼ਤੇ ਵਿੱਚ ਕਿਸੇ ਪਾਸਿਓਂ ਵੀ ਕੋਈ ਕਮੀ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਪ੍ਰਭਜੋਤ ਨੂੰ ਕਹਿ ਕੇ ਉਨ੍ਹਾਂ ਨਾਲ ਫੋਨ ਤੇ ਸਾਰੀ ਗੱਲਬਾਤ ਕੀਤੀ । ਤਸੱਲੀ ਹੋ ਜਾਣ ਤੇ ਅਗਲੇ ਦਿਨ ਹੀ ਉਨ੍ਹਾਂ ਨੂੰ ਘਰ ਬੁਲਾ ਲਿਆ। ਪ੍ਰਭਜੋਤ ਦਾ ਚਿਹਰਾ ਬੇਹੱਦ ਖਿੜਿਆ ਹੋਇਆ ਸੀ। ਉਹ ਪੂਰੇ ਜੋਸ਼ ਨਾਲ ਚਾਹ - ਪਾਣੀ ਮਗਰੋਂ ਰੋਟੀ ਦੇ ਪ੍ਰਬੰਧ ਵਿੱਚ ਲੱਗੀ ਰਹੀ । ਸਾਰੇ ਆਪਸ ਵਿੱਚ ਗੱਲਬਾਤ ਕਰਦੇ ਰਹੇ । ਮੁੰਡਾ ਬੇਹੱਦ ਮਿਲਣਸਾਰ ਹੋਣ ਕਾਰਨ ਆਪ ਵੀ ਹੱਸ- ਹੱਸ ਕੇ ਗੱਲਾਂ- ਬਾਤਾਂ ਕਰਦਾ ਰਿਹਾ। ਗੱਲਾਂ- ਗੱਲਾਂ ਵਿੱਚ ਹੀ ਸਾਰੀ ਗੱਲਬਾਤ ਤੈਅ ਹੋ ਗਈ ਤੇ ਉਨ੍ਹਾਂ ਰੋਕਾ ਲਾ ਕੇ ਕੁੜੀ ਦੀ ਝੋਲੀ ਸ਼ਗਨ ਵੀ ਪਾ ਦਿੱਤਾ। ਇਸ ਤੋਂ ਪਹਿਲਾਂ ਕੀ ਸੁਖਦੀਪ ਮੁੰਡੇ ਵਾਲਿਆਂ ਨੂੰ ਕੁਝ ਹੋਰ ਪੁੱਛਦਾ, ਮੁੰਡੇ ਦਾ ਪਿਉ ਹੱਸਦਿਆਂ ਬੋਲਿਆ ,"ਲਓ ਜੀ ਹੁਣ ਇਹ ਸਾਡੀ ਧੀ ਹੋਈ .....ਹੁਣ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ। " ਲੈਣ - ਦੇਣ ਦੀ ਗੱਲਬਾਤ ਛਿੜਦਿਆਂ ਹੀ ਉਹ ਖਿੜਖਿੜਾ ਕੇ ਹੱਸਦਿਆਂ ਬੋਲਿਆ, "ਉਹ ਵੀਰ ਮੇਰਿਆ , ਤੂੰ ਕੁੜੀ ਦੇ ਦਿੱਤੀ ਤਾਂ ਸਭ ਕੁਝ ਦੇ ਦਿੱਤਾ ।ਸਾਨੂੰ ਕੁਝ ਨਹੀਂ ਚਾਹੀਦਾ । ਕੰਨਿਆਦਾਨ ਤੋਂ ਵੱਡਾ ਹੋਰ ਕਿਹੜਾ ਦਾਨ ਹੁੰਦੈ ਭਲਾ ।" ਉਸ ਦੀ ਗੱਲ ਸੁਣਦੇ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ । ਇੰਨੇ ਵਧੀਆ ਮੁੰਡੇ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਪਾ ਕੇ ਦੀਪਾ ਬਹੁਤ ਹੀ ਖੁਸ਼ ਸੀ । ਜਗਤਾਰ ਤੇ ਦਲਜੀਤ ਹੈਰਾਨੀ 'ਚ ਇੱਕ -ਦੂਜੇ ਨੂੰ ਤੱਕ ਰਹੇ ਸਨ। ਖੁਸ਼ੀ ਦੀ ਖਬਰ ਮਿਲਦਿਆਂ ਹੀ ਬਲਜੀਤ ਵੀ ਘਰ ਵਾਲੇ ਨਾਲ ਪਹੁੰਚ ਚੁੱਕੀ ਸੀ। ਸਾਰੇ ਪਾਸੇ ਹਾਸਾ ਸੀ , ਖੁਸ਼ੀ ਸੀ ਤੇ ਸਿਰਫ ਖੇੜਾ ਸੀ । ਗੁਰਜੀਤ ਹੈਰਾਨ ਹੋ ਰਹੀ ਸੀ ਕਿ ਏਨੇ ਸਾਲਾਂ ਤੋਂ ਉਨ੍ਹਾਂ ਨੇ ਦੀਪਾ ਦੇ ਰਿਸ਼ਤੇ ਲਈ ਕੀ - ਕੀ ਨਹੀਂ ਕੀਤਾ, ਕਿੱਥੇ -ਕਿੱਥੇ ਧੱਕੇ ਨਹੀਂ ਖਾਧੇ ਤੇ ਜਿਸ ਪ੍ਰਭਜੋਤ ਨੂੰ ਉਹ ਹਮੇਸ਼ਾਂ ਮਨਹੂਸ ਸਮਝਦੀ ਰਹੀ ਅੱਜ ਉਸ ਕਾਰਨ ਹੀ ਮਿੰਟਾਂ ਵਿੱਚ ਹੀ ਇਹ ਕੰਮ ਨੇਪਰੇ ਚੜ੍ਹ ਗਿਆ। ਰੱਬ ਦਾ ਸ਼ੁਕਰ ਕਰਦਿਆਂ ਅੱਖਾਂ ਭਰ ਆਈਆਂ ਤੇ ਤ੍ਰਿਪ ਤ੍ਰਿਪ ਕਰਦੇ ਹੰਝੂ ਉਸਦੀਆਂ ਅੱਖਾਂ ਦੀਆਂ ਦਹਿਲੀਜ਼ਾਂ ਪਾਰ ਕਰਕੇ ਗੱਲਾਂ ਤੇ ਉੱਤਰਨ ਲੱਗੇ। ਇਹ ਵੇਖ ਕੇ ਕੋਲ ਖੜ੍ਹੀ ਪ੍ਰਭਜੋਤ ਬੋਲੀ ,"ਕੀ ਹੋਇਆ ਮੰਮੀ ਜੀ , ਤੁਸੀਂ ......? "ਕੁਝ ਨਹੀਂ ਧੀਏ , ਇਹ ਤਾਂ ਖੁਸ਼ੀ ਦੇ ਹੰਝੂ ਨੇ .....।" ਇਹ ਕਹਿੰਦਿਆਂ ਉਸ ਨੇ ਪ੍ਰਭਜੋਤ ਨੂੰ ਘੁੱਟ ਕੇ ਗਲ ਨਾਲ ਲਾ ਲਿਆ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ