You are here

ਬ੍ਰੈਗਜ਼ਿਟ ’ਚ ਦੇਰੀ ਲਈ ਬਰਤਾਨਵੀ ਸੰਸਦ ਮੈਂਬਰਾਂ ਨੇ ਪਾਈ ਵੋਟ

ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨਵੀ ਸੰਸਦ ਦੇ ਪਿਛਲੇ 37 ਸਾਲ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਸੰਸਦ ਮੈਬਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਪੇਸ਼ ਕੀਤੇ ਬ੍ਰੈਗਜ਼ਿਟ ਸਮਝੌਤੇ ਵਿੱਚ ਦੇਰੀ ਕਰਨ ਲਈ ਪੇਸ਼ ਇੱਕ ਮਤੇ ਦੇ ਹੱਕ ਵਿੱਚ ਵੋਟ ਪਾਈ ਹੈ ਅਤੇ ਇਸ ਨਾਲ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਸਮਝੌਤਾ ਲਮਕ ਗਿਆ ਹੈ। ਇਸ ਮਤੇ ਦੇ ਹੱਕ ਵਿੱਚ 322 ਵੋਟਾਂ ਅਤੇ ਵਿਰੋਧ ਵਿੱਚ 306 ਵੋਟਾਂ ਪਈਆਂ ਹਨ। ਅੱਜ ਸੰਸਦ ਦੇ ਬੁਲਾਏ ਵਿਸ਼ੇਸ਼ ਸੈਸ਼ਨ ਦੀ ਅਹਿਮੀਅਤ ਦੇਖਦਿਆਂ ਇਸ ਨੂੰ ‘ਸੁਪਰ ਸੈਟਰਡੇ’ ਐਲਾਨਿਆ ਗਿਆ ਸੀ। ਇਹ ਸੋਧ ਮਤਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਓਲੀਵਰ ਲੇਟਵਿਨ ਨੇ ਪੇਸ਼ ਕੀਤਾ ਸੀ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਸੰਸਦ ਜਦੋਂ 31 ਅਕਤੂਬਰ ਤੱਕ ਨਵੇਂ ਬ੍ਰੈਗਜ਼ਿਟ ਸਮਝੌਤੇ ਨੂੰ ਨਹੀਂ ਦੇਖ ਲੈਂਦੀ ਉਦੋਂ ਤੱਕ ਇਸ ਲਈ ਵੋਟ ਨਾ ਪਾਈ ਜਾਵੇ। ਇਸ ਅਹਿਮ ਸੋਧ ਦਾ ਮਤਲਬ ਇਹ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਸੰਸਦ ਮੈਂਬਰਾਂ ਵੱਲੋਂ ਪਹਿਲਾਂ ਪਾਸ ਕੀਤੇ ਐਕਟ ਨੂੰ ਮੰਨਣ ਦਾ ਪਾਬੰਦ ਹੋਵੇਗਾ। ਇਸ ਮਤੇ ਰਾਹੀਂ ਸ਼ਨਿਚਰਵਾਰ ਅੱਧੀ ਰਾਤ ਨੂੰ ਲਿਖਤੀ ਤੌਰ ਉੱਤੇ ਯੂਰਪੀ ਯੂਨੀਅਨ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਹ ਬ੍ਰੈਗਜ਼ਿਟ ਨੂੰ 31 ਅਕਤੂਬਰ ਤੱਕ ਅੱਗੇ ਪਾਉਣ ਦੇ ਇਛੁੱਕ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੌਹਨਸਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਸੀ ਕਿ ਉਹ ਕਾਨੂੰਨ ਦੇ ਪਾਬੰਦ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਸ਼ਨਿਚਰਵਾਰ ਨੂੰ ਪਈਆਂ ਵੋਟਾਂ ਤੋਂ ਤੁਰੰਤ ਬਾਅਦ ਕਿਹਾ ਕਿ ਉਹ ਬ੍ਰੈਗਜ਼ਿਟ ਸਮਝੌਤੇ ਨੂੰ ਅਕਤੂਬਰ ਤੋਂ ਅੱਗੇ ਲੈ ਕੇ ਜਾਣ ਦੇ ਇਛੁੱਕ ਨਹੀਂ ਹਨ। ਬਰਤਾਨੀਆ 31 ਅਕਤੂਬਰ ਤੋਂ ਪਹਿਲਾਂ ਯੂਰਪੀ ਯੂਨੀਅਨ ਵਿੱਚੋਂ ਨਿੱਕਲ ਆਵੇ, ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।