You are here

ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਪ੍ਰਸ਼ਾਸਨ ਨਾਕਾਮ ✍️ ਜਸਪਾਲ ਸਿੰਘ  ਸਨੌਰ (ਪਟਿਆਲਾ)

ਇਕ ਜ਼ਮਾਨਾ ਹੁੰਦਾ ਸੀ ਜਦੋਂ ਇਨਸਾਨ ਕਿਸੇ ਗਊ ਜਾਂ ਵਛੇਰੇ ਨੂੰ ਰੋਟੀ ਪਾਉਣ ਦੇ ਲਈ ਦੂਰ ਦਰਾਡੇ ਲੱਭਦਾ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿੱਚ ਅਵਾਰਾ ਪਸ਼ੂਆਂ ਨੂੰ ਖੇਤਾਂ ਦੇ ਵਿੱਚੋ ਚਰਨ ਲਈ ਬਾਹਰ ਨਹੀਂ ਕੱਢਿਆ ਜਾਂਦਾ ਸੀ ਸਗੋਂ ਉਨ੍ਹਾਂ ਨੂੰ ਫਸਲ ਵਿੱਚ ਚਰਨ ਦਿੱਤਾ ਜਾਂਦਾ ਸੀ। ਉਸ ਸਮੇਂ ਕੋਈ ਗਊਸ਼ਾਲਾ ਵੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਦੇ ਲਈ ਵੀ ਨਹੀਂ ਹੁੰਦੀ ਸੀ ਅਤੇ ਲੋਕ ਇਨ੍ਹਾਂ ਨੂੰ ਦੂਰ ਦੂਰ ਜਾ ਕੇ ਚਾਰਾ ਅਤੇ ਰੋਟੀ ਪਾ ਕੇ  ਪੁੰਨ ਦਾ ਕੰਮ ਸਮਝਦੇ ਸਨ। ਉਸ ਸਮੇਂ ਕਿਸਾਨ ਭਰਾਵਾਂ ਕੋਲ ਖੇਤੀ ਕਰਨ ਲਈ ਮਸਿਨਰੀ ਨਹੀਂ ਹੁੰਦੀ ਸੀ। ਅਤੇ ਕਿਸਾਨ ਗਊ ਦੇ ਵਛੇਰੇ ਨੂੰ ਨਹੀਂ ਛੱਡਦੇ ਸਨ। ਉਹ ਗਊ ਦੇ ਵਛੇਰੇ ਨੂੰ ਦੁੱਧ ਅਤੇ ਖੁਰਾਕ ਦੇ ਨਾਲ ਪਾਲਕੇ ਵੱਡਾ ਕਰਦੇ ਸਨ ਅਤੇ ਜਦੋਂ ਵਛੇਰਾ ਵੱਡਾ ਹੋ ਕੇ ਬਲ਼ਦ ਬਣ ਜਾਂਦਾ ਸੀ ਤਾਂ ਉਸ ਬਲਦ ਦੀ ਵਰਤੋ ਖੇਤਾਂ ਵਿਚ ਖੂਹ ਚਲਾਉਣ ਲਈ, ਹਲ਼ ਚਲਾਉਣ ਲਈ, ਗੱਡਾ ਆਦਿ ਚਲਾਉਣ ਲਈ ਕੀਤੀ ਜਾਂਦੀ ਸੀ। ਬਲਦਾਂ ਦੇ ਨਾਮ ਹੀਰਾ ਅਤੇ ਮੋਤੀ ਵਗ਼ੈਰਾ ਰੱਖੇ ਜਾਂਦੇ ਹਨ ਅਤੇ ਕਿਸਾਨ ਭਰਾ ਇਹਨਾਂ ਨੂੰ ਟੱਲੀਆਂ ਅਤੇ ਘੁੰਗਰੂਆਂ ਨਾਲ ਸਜਾ ਕੇ ਰੱਖਦੇ ਹੁੰਦੇ ਸਨ।

ਪਰ ਅੱਜ ਦਾ ਸਮਾਂ ਉਲਟ ਹੈ ਜਿੱਥੇ ਵੀ ਅਸੀਂ ਵੇਖਦੇ ਹਾਂ ਸੜਕਾਂ ਤੇ ਬਜਾਰਾ ਵਿੱਚ, ਦੁਕਾਨਾਂ ਸਾਹਮਣੇ ਚੌਰਾਹਿਆਂ ਤੇ , ਬੱਸ ਅੱਡਿਆਂ ਤੇ, ਅਵਾਰਾ ਪਸ਼ੂ ਜਿਵੇਂ ਗਊ, ਵਛੇਰੇ, ਬਲਦ, ਸਾਨ੍ਹ ਆਦਿ  ਅਕਸਰ ਹੀ ਦਿਖਾਈ ਦਿੰਦੇ ਹਨ। ਕਿਸਾਨ ਭਰਾ ਗਾਵਾਂ ਦਾ ਦੁੱਧ ਪੀ ਕੇ ਇਹਨਾਂ ਨੂੰ ਅਵਾਰਾ ਹੀ ਛੱਡ ਦਿੰਦੇ ਹਨ। ਵਛੇਰਿਆਂ ਨੂੰ ਬਲ਼ਦ ਬਣਨ ਤੋਂ ਪਹਿਲਾਂ ਹੀ ਛੱਡ ਦਿੰਦੇ ਹਨ, ਕਿਉਂਕਿ ਹੁਣ ਇਹਨਾਂ ਦੀ ਥਾਂ ਮਸ਼ੀਨਰੀ ਨੇ ਲੈ ਲਈ  ਹੈ ਅਤੇ ਕਿਸਾਨ ਟਰੈਕਟਰ ਨਾਲ ਆਪਣੀ ਖੇਤੀ ਕਰਨ ਲੱਗ ਪਏ ਹਨ। ਜਿਸ ਕਾਰਨ ਇਹ ਗਾਵਾਂ , ਵਛੇਰੇ ਅਤੇ ਸਾਨ੍ਹ ਖੇਤਾਂ ਵਿਚੋਂ ਸੜਕਾਂ ਤੇ ਆ ਗਏ ਹਨ ਅਤੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਨਸਾਨਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇਹ ਅਵਾਰਾ ਪਸ਼ੂ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਦੁਕਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਨੇ ਇਨ੍ਹਾਂ ਨੂੰ ਚਾਰਾ ਅਤੇ ਖੁਰਾਕ ਦੇਣੀ ਬੰਦ ਕਰ ਦਿੱਤੀ ਹੈ ਅਤੇ ਇਹ ਅਵਾਰਾ ਪਸ਼ੂ ਕੂੜੇ ਦੇ ਢੇਰਾਂ ਤੇ ਗੰਦਗੀ ਅਤੇ ਡਾਇਪਰ ਵਗੈਰਾ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਗਰਮੀਆਂ ਅਤੇ ਸਰਦੀਆਂ ਖਾਸ ਕਰਕੇ ਧੁੰਦ ਦੇ ਵਿੱਚ ਇਹ ਅਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਹਨ ਜਿਸ ਕਾਰਨ ਹਨੇਰੇ ਅਤੇ ਸੰਘਣੀ ਧੁੰਦ ਦੇ ਵਿੱਚ ਗੱਡੀ ਚਲਾਉਣ ਵਾਲੇ ਨੂੰ ਇਹ ਨਾ ਮਾਤਰ ਹੀ ਵਿਖਾਈ ਦਿੰਦੇ ਹਨ ਅਤੇ ਹਰ ਰੋਜ਼ ਕੋਈ ਨਾ ਕੋਈ ਇਹਨਾ ਕਾਰਨਾ ਹੋਈ ਦੁਰਘਟਨਾ ਅਤੇ ਮੌਤ ਦਾ ਕਾਰਨ ਅਖ਼ਬਾਰਾਂ ਦੀ ਸੁਰਖੀਆਂ ਦਾ ਹਿੱਸਾ ਬਣਦੀ ਹੈ। ਕੁਝ ਕੁ ਸਾਲ ਪਹਿਲਾਂ ਰਾਜਸਥਾਨ ਦੇ ਵਿਚ 7 ਦੋਸਤਾਂ ਦੀ ਮੌਤ ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਹੋਈ ਸੀ ਜਿਹੜੇ ਇਕੱਠੇ ਇੱਕ ਫਿਲਮ ਵੇਖ ਕੇ ਆ ਰਹੇ ਸਨ ਅਤੇ ਲੇਖਕ ਨੇ ਭੁੱਖ ਸਮੇਂ ਦਾ ਦਰਦ ਇੰਜ ਬਿਆਨ ਕੀਤਾ ਹੈ ਕਿ

ਲਾਸ਼ਾਂ ਨੂੰ ਚੁੰਮਦੇ ਮਾਪੇ, ਤੁਰ ਗਏ ਨੇ ਜਿਨ੍ਹਾਂ ਦੇ ਪੁੱਤ ਜਵਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਧੱਕੇ ਇਨਸਾਨਾਂ ਨੂੰ ਨੇ ਏਥੇ, ਤੇ ਵਿਕਦੇ ਮੈਂ ਪੱਥਰ ਵੇਖੇ,

ਟੱਬਰਾਂ ਦੇ ਟੱਬਰ ਤੁਰ ਗਏ, ਵਿਛਦੇ ਨੇ ਮੈਂ ਸੱਥਰ ਵੇਖੇ,

ਪੂਜਾ ਹੋਵੇ ਡੰਗਰਾਂ ਦੀ ਤੇ, ਬੰਦਿਆਂ ਦਾ ਹੁੰਦਾ ਹੈ ਘਾਣ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਕਰਦੇ ਨੇ ਰਾਜਨੀਤੀਆਂ,  ਇਹ ਲੀਡਰ ਝੂਠੇ ਦੇ ਝੂਠੇ ਸਾਰੇ,

ਡੰਗਰਾਂ ਦੇ ਨਾਂ ਦੇ ਉੱਤੇ ਲੇਂਦੇ ਨੇ ਇਹ ਜਨਤਾ ਤੋਂ ਟੈਕਸ ਵੀ ਭਾਰੇ,

ਮੌਤਾਂ ਦੇ ਉੱਤੇ ਨਕਲੀ ਹੰਝੂ ਗੇਰਨ ਵਿਚ ਜਾਂ ਸਮਸ਼ਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਬਣਦੇ ਨੇ ਹਮਦਰਦ ਜਿਹੜੇ ਲੋਕਾਂ ਨੂੰ ਦੇਣ ਸਲਾਹਾਂ,

ਗਾਵਾਂ ਨੂੰ ਮਾਵਾਂ ਕਹਿੰਦੇ, ਸੜਕਾਂ ਤੇ ਰੁਲਦੀਆਂ ਮਾਵਾਂ,

ਪਾਣੀ ਹੈ ਮਹਿੰਗਾ ਇਥੇ, ਸਸਤੀ ਹੈ ਬੰਦਿਆਂ ਦੀ ਜਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਸ਼ਾਸਨ-ਪ੍ਰਸ਼ਾਸਨ ਸੁੱਤਾ, ਸੁੱਤੇ ਨੇ ਏਥੇ ਅਫਸਰ ਸਾਰੇ

ਇਹਨਾਂ ਦੀ ਅਣਗਹਿਲੀ ਨੇ ਨਾ ਜਾਣੇ ਕਿੰਨੇ ਪਰਿਵਾਰ ਉਜਾੜੇ,

ਸਭ ਕੁਝ ਨੇ ਜਾਣ ਦੇ ਹਾਕਮ, ਬਣ ਜਾਂਦੇ ਨੇ ਕਿਉਂ ਅਣਜਾਣ

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਸਮਾਜ ਵਿੱਚ ਹਰੇਕ ਵਰਗ ਦੇ ਲੋਕ ਇਨ੍ਹਾਂ ਤੋਂ ਬਹੁਤ ਦੁਖੀ ਹਨ। ਕਿਸਾਨ ਰਾਤਾਂ ਨੂੰ 20-25 ਤੋਂ ਆਵਾਰਾ ਪਸ਼ੂ ਆਪਣਿਆਂ ਟਰਾਲੀਆਂ ਵਿਚ ਭਰ ਕੇ ਸ਼ਹਿਰਾਂ ਵਿੱਚ ਛੱਡ ਦਿੰਦੇ ਹਨ। ਕਹਿਣ ਨੂੰ ਤਾਂ ਸ਼ਹਿਰਾਂ ਵਿੱਚ ਇਨ੍ਹਾਂ ਆਵਾਰਾ ਪਸ਼ੂਆਂ ਲਈ ਗਊਸ਼ਾਲਾ  ਖੋਲ੍ਹੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ ਅਵਾਰਾ ਪਸ਼ੂ ਨੂੰ ਛੱਡਣ ਲਈ ਭੇਟਾ ਦੇ ਰੂਪ ਵਿੱਚ ਇਕ ਪਸ਼ੂ ਨੂੰ ਛੱਡਣ ਦੇ ਪੈਸੇ ਵੀ ਲਏ ਜਾਂਦੇ ਹਨ। ਪਰ ਗਊਸ਼ਾਲਾ ਦੇ ਪ੍ਰਬੰਧਕ ਵੀ ਰਾਤ ਵੇਲੇ ਇਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਹਨ ਅਤੇ ਸਵੇਰੇ ਗਊਸ਼ਾਲਾ ਵਿੱਚ ਫਿਰ ਤੋਂ ਅੰਦਰ ਲੈ ਜਾਂਦੇ ਹਨ। ਸਰਕਾਰ ਵੱਲੋਂ ਪਾਣੀ, ਬਿਜਲੀ ਆਦਿ ਦੇ ਬਿਲਾਂ ਦੇ ਵਿਚ ਆਮ ਜਨਤਾ ਤੋਂ ਗਊ ਸੈੱਸ ਵੀ ਲਿਆ ਜਾ ਰਿਹਾ ਹੈ।ਗਊ ਸੈੱਸ ਪਤਾ ਨਹੀਂ ਗਾਵਾਂ ਦੇ ਕੰਨਾਂ ਤੇ ਟੋਕਣ ਲਾਉਂਣ ਲਈ ਖਰਚ ਹੋ ਜਾਂਦਾ ਹੈ ਜਾਂ ਕਿਸੇ ਹੋਰ ਥਾਂ ? ਪਰ ਇਹ ਸੱਚਾਈ ਹੈ ਅਤੇ ਸੋਚਣ ਦਾ ਵਿਸ਼ਾ ਵੀ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਜਾ ਰਹੇ ਟੋਕਣਾ ਦਾ ਕੀ ਮਤਲਬ ਰਹਿ ਜਾਂਦਾ ਹੈ, ਜਦੋਂ ਇਹ ਪਾਲਤੂ ਗਾਵਾਂ ਗਲੀਆਂ ਵਿਚ ਭੁੱਖੀਆਂ ਭਾਣੀਆ ਲੋਕਾਂ ਤੋਂ ਖੋਹ ਖੋਹ ਕੇ ਖਾਣ ਲਈ ਮਜਬੂਰ ਹਨ। ਸਬੰਧਤ ਵਿਭਾਗ ਇਹਨਾਂ ਟੋਕਣਾ ਵਾਲੀਆਂ ਅਵਾਰਾ ਗਾਵਾਂ ਦੀ ਪੜਤਾਲ ਕਰਕੇ ਗਊਆ ਦੇ ਮਾਲਕਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ ਪਸ਼ੂ ਧਨ ਨੂੰ ਦਰ ਦਰ ਭੁੱਖੇ ਭਾਣੇ ਮਰਨ ਲਈ ਮਜ਼ਬੂਰ ਕਰਨ ਅਤੇ ਗਊਆ ਨੂੰ ਖੁੱਲੀਆਂ ਛੱਡ ਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਅਜਿਹਾ ਕੋਈ ਕਾਨੂੰਨ ਨਹੀਂ ਤਾਂ ਉਚ ਅਧਿਕਾਰੀਆਂ ਨੂੰ ਲਿਖਕੇ ਇਸ ਬਾਰੇ ਦਿਸ਼ਾ ਨਿਰਦੇਸ਼ ਲੈਣ।ਪਰ ਜਾਪਦਾ ਹੈ ਹੋਰ ਮਹਿਕਮਿਆਂ ਵਾਂਗ ਉਹ ਵੀ ਪਸ਼ੂਆਂ ਦੇ ਕੰਨਾਂ ਤੇ ਠੱਪੇ ਲਗਾ ਕੇ ਆਪਣੀ ਡਿਊਟੀ ਪੂਰੀ ਹੋ ਗਈ ਹੀ ਸਮਝਦੇ ਹਨ। 

ਸੋ ਅੰਤ ਵਿਚ ਸਰਕਾਰ ਨੂੰ ਚਾਹੀਦਾ ਹੈ ਕੀ ਇਨ੍ਹਾਂ ਅਵਾਰਾ ਪਸ਼ੂਆਂ ਲਈ ਕਿਸੇ ਨਿਸ਼ਚਿਤ ਸਥਾਨ ਦਾ ਪ੍ਰਬੰਧ ਕੀਤਾ ਜਾਵੇ। ਜਿਹੜੇ ਲੋਕ ਇਨ੍ਹਾਂ ਨੂੰ ਦੁੱਧ ਪੀ ਕੇ ਛੱਡ ਦਿੰਦੇ ਹਨ ਉਹਨਾਂ ਮਤਲਬੀਆ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਹਨਾਂ ਲਈ ਗਊ ਸੈਸ ਦੇ ਰੂਪ ਵਿੱਚ ਇਕੱਠੇ ਹੋਏ ਧਨ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਤੇ ਪਾਲਣ ਪੋਸ਼ਣ ਵਰਤਿਆ ਜਾਵੇ ਅਤੇ ਜਿਹੜੇ ਇਹੋ ਵਿਚ ਇਹ ਪਸ਼ੂ ਅਵਾਰਾ ਘੁੰਮਦੇ ਮਿਲਦੇ ਹਨ ਉਸ ਏਰੀਏ ਦੀ ਗਊਸ਼ਾਲਾ ਦੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇ। ਜਿਹੜੇ ਅਫਸਰ ਗਊ ਸੈੱਸ ਦਾ ਪੈਸਾ ਨਜਾਇਜ਼ ਖਾ ਰਹੇ ਹਨ ਅਤੇ ਆਪਣੇ ਆਪ ਨੂੰ ਇਹਨਾਂ ਦੇ ਭਗਤ ਅਤੇ ਰੱਖਿਅਕ ਅਖਵਾ ਰਿਹਾ ਹੈ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸੜਕਾਂ ਤੇ ਅਵਾਰਾ ਪਸ਼ੂਆਂ ਦੀ ਕਮੀ ਆ ਜਾਵੇਗੀ ਉਥੇ ਇਹਨਾਂ ਨਾਲ ਹੁੰਦੀਆ ਦੁਰਘਟਨਾਵਾਂ ਵੀ ਘੱਟ ਜਾਣਗੀਆਂ।

 

ਜਸਪਾਲ ਸਿੰਘ 

ਸਨੌਰ (ਪਟਿਆਲਾ)

ਮੋਬਾਈਲ 6284347188