You are here

ਕੌਣ ਜਾਣੇ ਹੱਸਦਿਆ ਚਿਹਰਿਆ ਅੰਦਰਲਾ “ ਦਰਦ ” ਸੁਖਵਿੰਦਰ ਕੌਰ, ਫਰੀਦਕੋਟ

ਵਿਆਹਾਂ ਦਾ ਸੀਜਨ ਚੱਲ ਰਿਹਾ ਹੈ, ਸਾਨੂੰ ਅਕਸਰ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦਾ ਮੌਕਾ ਮਿਲਦਾ ਹੈ। ਵਿਆਹ ਦੀ ਰਸਮ ਅਨੰਦ ਕਾਰਜ ਨੂੰ ਭੁੱਲ ,ਅਸੀਂ ਬਹੁਤੇ ਪਰਿਵਾਰ ਭੰਗੜੇ-ਗਿੱਧੇ ਵਾਲਾ ਕਿਹੜਾ ਗਰੁੱਪ ਕਰਨਾ ਹੈ। ਖਾਣ-ਪੀਣ ਦਾ ਪ੍ਰਬੰਧ,ਬਿਉਟੀਪਾਰਲ ਕਿਹੜੇ ਜਾਣਾ ਹੈ। ਡਰੈਸ   ਕਿਹੜੀ ਬਣਾਉਣੀ ਹੈ। ਭਾਵ ਪਦਾਰਥਕ ਚੀਜਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾ ਦੇ ਮਨੋਰੰਜਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਗਿੱਧੇ-ਭੰਗੜੇ ਗਰੁੱਪਾਂ ਵਿਚ ਕੰਮ ਕਰਦੇ ਲੜਕੇ ਲੜਕੀਆਂ ਆਪਣੀ ਸਖਤ ਮਿਹਨਤ ਕਰਕੇ ਤਿਆਰ ਕੀਤੇ ਡਾਂਸ ਪੇਸ਼ ਕਰਦੇ ਸਭ ਦਾ ਮੰਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਕੋਈ ਮਹਿਮਾਨ ਰੁੱਸ ਗਿਆ ਕਿ ਕੰਮ ਵਧੀਆ ਨਹੀਂ ਕੀਤਾ, ਉਨ੍ਹਾਂ ਦੀ ਬਣਦੀ ਰਕਮ ਨਹੀਂ ਦਿੱਤੀ ਜਾਵੇਗੀ। ਕਿੰਨ੍ਹੇ ਕੁ ਆਪਣੇ ਦਿਲ ਅੰਦਰ ਦਰਦ ਤੇ ਆਪਣੀਆਂ ਮਜਬੂਰੀਆਂ ਨੂੰ ਅੰਦਰ ਡੱਕ ਕੇ ਉਪਰੋਂ-ਉਪਰੋਂ ਹੱਸ ਕੇ ਸਟੇਜ ਤੇ ਧਮਾਲਾ ਪਾਉਂਦੇ ਹਨ ਤਾਂ ਕਿ ਲੋਕ ਉਨ੍ਹਾਂ ਤੋਂ ਖੁਸ਼ ਹੋ ਸਕਣ। ਹਰ ਸਟੇਜ ਤੇ ਕੰਮ ਕਰਨ ਵਾਲੇ ਦੀ ਆਪਣੀ ਵੱਖਰੀ ਦਰਦ ਕਹਾਣੀ ਹੁੰਦੀ ਹੈ। ਮਾਪਿਆਂ ਦੀ ਗਰੀਬੀ, ਬਿਮਾਰੀ, ਵੱਡੇ ਪਰਿਵਾਰ, ਪਾਲਣ-ਪੋਸਣ ਦੀ ਜਿੰਮੇਵਾਰੀ, ਹੋਰ ਪਤਾ ਨਹੀਂ ਕਿੰਨੀਆ ਮਜਬੂਰੀਆਂ। ਪਰ ਵਿਆਹ ਵਿੱਚ ਆਏ ਸਾਰੇ ਤਾਂ ਨਹੀਂ ਕੁੱਝ ਕੁ ਫੁੱਕਰੇ ਮਹਿਮਾਨ ਉਨ੍ਹਾਂ ਨੂੰ ਆਪਣੀ ਮਲਕੀਅਤ ਸਮਝਣ ਲੱਗ ਪੈਂਦੇ ਹਨ। ਵਾਰ-ਵਾਰ ਆਪਣੀ ਮਨਪਸੰਦ ਦੇ ਗੀਤਾਂ ਤੇ ਉਨ੍ਹਾਂ ਨੂੰ ਨਚਾਉਣ, ਨਾਲੇ ਆਪ ਨੱਚਣ ਦੀ ਜਿੱਦ ਕਰਨ ਤੇ ਅਸ਼ਲੀਲ ਹਰਕਤਾਂ ਕਰਨੀਆਂ, ਆਪਣਾ ਅਧਿਕਾਰ ਸਮਝਦੇ ਹਨ। ਸਟੇਜ ਦੇ ਥੱਲੇ ਇਨ੍ਹਾਂ ਕੋਲੋ ਨੱਚ-ਨੱਚ ਕੇ ਖੁਸ਼ੀ ਪ੍ਰਗਟ ਨਹੀ ਕੀਤੀ ਜਾਂਦੀ, ਇਹ ਔਕਾਤ ਦਿਖਾਉਣ ਲਈ ਨੱਚਦੀ ਕੁੜੀ ਦੀ ਬਾਂਹ ਫੜ੍ਹਨ ਜਾਂ ਪੈਸੇ ਦੇਣ ਦੇ ਬਹਾਨੇ ਅਜਿਹੀ ਹਰਕਤ ਕਰਦੇ ਹਨ ਜੋ ਕੈਮਰੇ ਵਿੱਚ ਕੈਦ ਹੋ ਜੋ ਇਨ੍ਹਾਂ ਦੀ ਬਦਨਾਮੀ ਦਾ ਸਬੱਬ ਬਣਦੀ ਹੈ। ਦਾਦੇ, ਬਾਬੇ ਧੋਲੀਆਂ ਦਾਹੜੀਆਂ ਵੀ ਪੋਤੀ ਦੀ ਉਮਰ ਦੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਕਈ ਵਾਰੀ ਸਟੇਜ ਤੋਂ ਮੂੰਹਦੇ ਮੂੰਹ ਡਿੱਗਦੇ ਹਨ। ਜਿੱਥੇ ਉਹਦੇ ਡਿੱਗਣ ਨਾਲ ਦੂਜਿਆਂ ਨੂੰ ਹਮਦਰਦੀ ਦੀ ਬਜਾਏ ਸਵਾਦ ਆਉਂਦਾ ਹੈ। ਅਜਿਹੇ “ ਬੁੱਢੇ ” ਜੋ ਅਸ਼ਲੀਲ ਹਰਕਤਾਂ ਕਰਦੇ ਹਨ ਰਿਸ਼ਤੇਦਾਰਾਂ ਦੀ ਨਜਰ ਵਿੱਚ ਆਪਣੀ ਕੀ ਤਸਵੀਰ ਬਣਾਉਂਦੇ ਹੈ? ਕਈ ਵਾਰ ਤਾਂ ਪਰਿਵਾਰਕ ਮੈਂਬਰ ਘਟੀਆਂ ਸ਼ਬਦਾਵਲੀ ਵਰਤ ਕੇ ਉਸ ਨੂੰ ਫਿਟਕਾਰਾਂ ਪਾਉਂਦੇ ਹਨ। ਸ਼ਰਮਸਾਰ ਹੁੰਦੇ ਹੋਏ ਕਹਿੰਦੇ ਹਨ ਕਿ ਬਾਪੂ ਆਪਣੀ ਚਿੱਟੀ ਦਾਹੜੀ ਦੀ ਤਾਂ ਸ਼ਰਮ ਕਰ ਲੈ। ਅਜਿਹੇ ਬਾਪੂ ਆਪਣੇ ਘਰ ਸਿਆਣੇ ਬਣ ਪੋਤੀ ਸਿਰ ਨੂੰ ਸਿਰ ਤੋਂ ਚੁੰਨੀ ਨਹੀਂ ਲਾਹੁਣ ਦਿੰਦੇ ਤੇ ਘਰਾਂ ਵਿੱਚ ਪਰਵਚਨ ਕਰਦੇ ਹਨ ਕਿ ਜਮਾਨਾ ਮਾੜਾ ਹੈ। ਇਨ੍ਹਾਂ ਨੂੰ ਪੁੱਛਣੇ ਹੋਵੇ ਜਮਾਨਾ ਮਾੜਾ ਵੀ ਇਨਸਾਨਾਂ ਦੀ ਘਟੀਆਂ ਸੋਚ ਨੇ ਹੀ ਕੀਤਾ ਹੈ। ਮੌੜ ਮੰਡੀ, ਬਠਿੰਡਾ ਤੇ ਨੇੜੇ ਨੱਚਦੀ ਹੋਈ ਲੜਕੀ ਦਾ ਕਤਲ ਸਟੇਜ ਤੇ ਇੱਕ ਫੁੱਕਰੇ ਵੱਲੋਂ ਇਸ ਕਰਕੇ ਕੀਤਾ ਗਿਆ ਸੀ ਕਿ ਉਹ ਉਸ ਦੇ ਮਨਪਸੰਦ ਗੀਤ ਤੇ ਨਹੀਂ ਸੀ ਨੱਚਦੀ, ਕਿੱਡੀ ਮਜਬੂਰ ਸੀ ਲੜਕੀ ਜਿਸ ਦੇ ਪੇਟ ਵਿੱਚ ਇੱਕ ਬੱਚਾ ਵੀ ਪਲ ਰਿਹਾ ਸੀ। ਪਰ ਫਿਰ ਵੀ ਨੱਚ ਰਹੀ ਸੀ। ਅਜਿਹੀ ਕਿਹੜੀ ਖੁਸ਼ੀ ਹੈ ਜੋ ਸਟੇਜ ਤੇ ਚੜ ਕੇ ਨੱਚਣ ਨਾਲ ਤੇ ਠਾਹ-ਠਾਹ ਗੋਲੀਆਂ ਚਲਾ ਕੇ ਪੂਰੀ ਹੁੰਦੀ ਹੈ? ਪੁਰਾਣੇ ਸਮੇਂ ਵਿੱਚ ਹਥਿਆਰ ਇਸ ਕਰਕੇ ਵਿਆਹ ਵਿੱਚ ਲੈ ਕੇ ਜਾਂਦੇ ਸੀ ਕਿਉਂਕਿ ਰਸਤੇ ਜੰਗਲੀ ਸਨ, ਰਾਹ ਵਿੱਚ ਚੋਰ ਠੱਗ, ਲੁਟੇਰੇ ਜਾ ਜੰਗਲੀ ਜਾਨਵਰ ਹੁੰਦੇ ਸਨ। ਪਰ ਅਸੀਂ ਫੁੱਕਰੇ ਬਣ ਹਾਲੇ ਵੀ ਇਸਨੂੰ ਆਪਣੀ ਸ਼ਾਨ ਦਾ ਅੰਗ ਬਣਾ ਲਿਆ ਹੈ। ਵਿਆਹਾਂ ਵਿੱਚ ਹਥਿਆਰ ਲੈ ਕੇ ਜਾਣ ਵਾਲੇ ਕਦੇ ਇਹ ਕਿਉਂ ਨਹੀਂ ਸੋਚਦੇ ਅਜਿਹੀ ਕੋਝੀ ਹਰਕਤ ਕਰਕੇ ਰੰਗ ਵਿੱਚ ਭੰਗ ਪਾਉਂਦੇ ਹਨ ਤੇ ਆਪ ਜੇਲ ਕੱਟਣੀ ਪੈਂਦੀ ਹੈ। ਬੀਤੇ ਦਿਨੀ ਇੱਕ ਫੁੱਕਰੀ ਭੂਆ ਦੀ ਵੀਡੀਓ ਵੀ ਦੇਖੀ ਗਈ ਜੋ ਆਪਣੇ ਭਤੀਜੇ ਦੇ ਵਿਆਹ ਵਿੱਚ ਠਾਹ-ਠਾਹ ਕਰਕੇ ਫਾਇਰ ਕੱਢ ਆਪਣੀ ਖੁਸ਼ੀ ਦਾ ਇਜਹਾਰ ਕਰਦੀ ਹੈ। ਅਜਿਹੀ ਔਰਤ ਤੋਂ ਅਸੀਂ ਕਾ ਉਮੀਦ ਕਰਦੇ ਹਾਂ। ਆਪਣੇ ਪਤੀ ਜਾਂ ਪੁੱਤਰਾਂ ਨੂੰ ਅਜਿਹਾ ਕਰਨ ਤੋਂ ਰੋਕੇਗੀ। ਵਿਆਹਾਂ ਜਾਂ ਹੋਰ ਪਾਰਟੀਆਂ ਵਿੱਚ ਸਾਮਲ ਹੋਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਸੱਭਿਅਕ ਤਰੀਕੇ ਨਾਲ ਮੰਨੋਰੰਜਨ ਕਰਨ, ਉੱਥੇ ਮੰਨੋਰੰਜਨ ਕਰਨ ਵਾਲੀਆਂ ਕੁੜੀਆਂ ਜੇਕਰ ਹੱਸ-ਹੱਸ ਕੇ ਨੱਚਦੀਆਂ ਹਨ, ਖੁਸ਼ੀ ਦਾ ਇਜਹਾਰ ਕਰਦੀਆਂ ਹਨ ਇਹ ਉਨ੍ਹਾਂ ਦੇ ਕਿੱਤੇ ਦਾ ਹਿੱਸਾ ਹੈ। ਕਈ ਲੋਕ ਉਨ੍ਹਾਂ ਦੇ ਪਿੱਛੇ ਗੱਡੀਆਂ ਤੱਕ ਲਾ ਲੈਂਦੇ ਹਨ ਕਿ ਉਹ ਉਨ੍ਹਾਂ ਨੂੰ ਮਿਲਣ। ਕਈ ਲੋਕ ਇਹ ਕਹਿੰਦੇ ਸੁਣੇ ਹਨ ਕਿ ਅਸੀਂ ਪੈਸੇ ਦਿੱਤੇ, ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਪ੍ਰੋਗਰਾਮ ਕਰਨ ਦੇ ਦਿੱਤੇ ਹਨ, ਉਨ੍ਹਾਂ ਨੂੰ ਖਰੀਦ ਨਹੀਂ ਲਿਆ। ਇਰ ਕੁੜੀਆਂ ਵੀ ਕਿਸੇ ਦੀਆਂ ਧੀਆਂ-ਭੈਣਾਂ ਹਨ, ਉਨ੍ਹਾਂ ਨੂੰ ਇੱਜਤ ਦਿਓ। ਕਈ ਨੌਜਵਾਨ ਉਨ੍ਹਾਂ ਨੂੰ ਆਪਣਾ ਨੰਬਰ ਦੇ ਕੇ ਗੱਲ ਕਰਨ ਲਈ ਕਹਿੰਦੇ ਹਨ। ਕਈ ਲੋਕ ਇੰਨ੍ਹਾਂ ਨੂੰ ਕੰਜਰ ਕਹਿ ਕੇ ਭੰਡਦੇ ਹਨ। ਜੇਕਰ ਉਹ ਕੰਜਰ ਹਨ ਤਾਂ ਉਨਾਂ ਨੂੰ ਸੱਦਣ ਵਾਲੇ ਕੀ ਹੋਏ। ਇਹ ਸੋਚੋ? ਉਹ ਤੁਹਾਡਾ ਮੰਨੋਰੰਜਨ ਕਰਨ ਆਏ ਹਨ। ਉਹ ਕਲਾਕਾਰ ਹਨ, ਉਨਾਂ ਦੀ ਕਲਾ ਦੀ ਕਦਰ ਕਰੋ, ਹਰ ਕਲਾਕਾਰ ਨੂੰ ਬਣਦੀ ਇੱਜਤ ਦੇਣੀ ਸਾਡਾ ਫਰਜ ਹੈ ਤੇ ਉਨਾਂ ਦਾ ਅਧਿਕਾਰ ਵੀ। ਇੱਕ ਕਲਾਕਾਰ ਜੋੜੀ ਜੋ ਬਹੁ ਚਰਚਾ ਵਿੱਚ ਹੈ, ਉਨ੍ਹਾਂ ਰੋ-ਰੋ ਕੇ ਆਪਣੀਆਂ ਮਜਬੂਰੀਆਂ ਦੱਸਦਿਆ ਇੰਟਰਵਿਓ ਦਿੱਤੀ ਤੇ ਲੜਕੇ ਨੇ ਬੜੇ ਭਰੇ ਮਨ ਨਾਲ ਕਿਹਾ।

  ਅਸੀਂ ਉਪਜਾਊ ਜਮੀਨ ਵਰਗੇ

  ਸਾਨੂੰ ਬੰਜਰ ਨਾ ਸਮਝੋ

  ਅੱਜ ਵੀ ਵਿਰਸਾ ਸਾਂਭਦੇ ਹਾਂ

  ਸਾਨੂੰ ਕੰਜਰ ਵਾ ਸਮਝੋ

-- ਸੁਖਵਿੰਦਰ ਕੌਰ, ਫਰੀਦਕੋਟ 81469-33733