ਮਾਂ-ਬੋਲੀ ਪੰਜਾਬੀ ਦੇ ਲਾਡਲੇ ਪੁੱਤਰਾਂ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਦੇ ਪਿਛੋਕੜ ਵਿੱਚ ਜਦ ਆਪਾਂ ਝਾਤ ਮਾਰਦੇ ਹਾਂ ਤਾਂ ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਦੀ ਬਾਣੀ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਹੋਣ 'ਤੇ ਮਾਣ ਕਰਨ ਦਾ ਸੁੱਚਾ ਅਹਿਸਾਸ ਬਖ਼ਸ਼ਦੀ ਹੈ। ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਤੋਂ ਅਸੀਂ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਤੱਕ ਦਾ ਸਫ਼ਰ ਮਾਂ-ਬੋਲੀ ਦੇ ਮਾਣ ਸਦਕਾ ਹੀ ਤੈਅ ਕਰਦੇ ਹਾਂ। ਇਸੇ ਸਫ਼ਰ ਨੂੰ ਤੈਅ ਕਰਦਿਆਂ ਅੱਜ ਅਸੀਂ ਭਾਈ ਵੀਰ ਸਿੰਘ ਜੀ ਦੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਸਾਂਝ ਬਣਾਵਾਂਗੇ।
ਜਨਮ ਤੇ ਪਰਿਵਾਰਕ ਪਿਛੋਕੜ:- ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਪਿਤਾ ਡਾ. ਚਰਨ ਸਿੰਘ ਤੇ ਮਾਤਾ ਉਤਮ ਕੌਰ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਆਪ ਆਪਣੇ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਭਾਈ ਵੀਰ ਸਿੰਘ ਜੀ ਦਾ ਪਿਛੋਕੜ ਦੀਵਾਨ ਕੌੜਾ ਮੱਲ ਜੀ ਨਾਲ਼ ਜਾ ਮਿਲ਼ਦਾ ਹੈ। ਦੀਵਾਨ ਕੌੜਾ ਮੱਲ ਜੀ ਇੱਕ ਐਸੀ ਸ਼ਖਸੀਅਤ ਸਨ ਜੋ ਮੁਲਤਾਨ ਦੇ ਹਾਕਮਾਂ ਕੋਲ ਦੀਵਾਨ ਹੁੰਦੇ ਹੋਇਆਂ ਵੀ ਸਿੱਖਾਂ ਦੀ ਔਖੇ ਵੇਲੇ ਮਦਦ ਕਰਦੇ ਸਨ। ਇਸ ਲਈ ਇਤਿਹਾਸ ਉਹਨਾਂ ਨੂੰ ‘ਮਿੱਠਾ ਮੱਲ’ ਕਹਿ ਕੇ ਵੀ ਯਾਦ ਕਰਦਾ ਹੈ। ਭਾਈ ਵੀਰ ਸਿੰਘ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਵੀ ਬੜੇ ਹੀ ਗੁਰਬਾਣੀ ਦੇ ਰਸੀਏ, ਨੇਕ ਦਿਲ ਇਨਸਾਨ ਸਨ।ਭਾਈ ਸਾਹਿਬ ਦੇ ਪਿਤਾ ਡਾ: ਚਰਨ ਸਿੰਘ ਹਿੰਦੀ, ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਤੇ ਬ੍ਰਿਜ਼ ਭਾਸ਼ਾ ਦੇ ਉਚਕੋਟੀ ਦੇ ਕਵੀ ਸਨ। ਭਾਈ ਸਾਹਿਬ ਜੀ ਦੇ ਨਾਨਾ ਪੰਡਤ ਗਿਆਨੀ ਹਜ਼ਾਰਾ ਸਿੰਘ ਵੀ ਉਰਦੂ ਫਾਰਸੀ ਦੇ ਚੰਗੇ ਜਾਣਕਾਰ ਸਨ। ਇੰਨ੍ਹਾਂ ਨੇ ਉਰਦੂ ਫਾਰਸੀ ਦੀਆਂ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਇੰਨ੍ਹੀਆਂ ਮਹਾਨ ਸ਼ਖ਼ਸੀਅਤਾਂ ਦੀ ਸੰਗਤ ਜਿਸ ਰੂਹ ਨੇ ਬਚਪਨ ਤੋਂ ਮਾਣੀ ਹੋਵੇ, ਜਿਸ ਰੂਹ ਨੂੰ ਬਚਪਨ ਵਿੱਚ ਲੋਰੀਆਂ ਵੀ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਦਿੱਤੀਆਂ ਜਾਂਦੀਆਂ ਹੋਣ, ਉਸ ਕਲਮ 'ਚੋਂ ਕੁਦਰਤ ਨਿਕਲੇ ਸ਼ਬਦ ਆਪਣੇ ਆਪ ਵਿੱਚ ਸਮੇਂ ਨੂੰ ਪ੍ਰਵਾਨ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ: ‘ਮੈਂ ਜੋ ਕੁੱਝ ਲਿਖਿਆ ਹੈ, ਉਹ ਜੋ ਕੁੱਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆਂ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਜਤਨ ਕਰਦਾ ਰਿਹਾ ਹਾਂ।"
ਸਿੱਖਿਆ, ਵਿਆਹ ਤੇ ਵਿਸ਼ੇਸ਼ ਕਾਰਜ:-
ਭਾਈ ਸਾਹਿਬ ਨੂੰ ਵਿੱਦਿਅਕ ਅਤੇ ਧਾਰਮਿਕ ਵਾਤਾਵਰਣ ਵਿਰਸੇ ਵਿੱਚ ਹੀ ਪ੍ਰਾਪਤ ਹੋਇਆ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤੱਕ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਸੰਨ 1891 ਵਿੱਚ ਉਸ ਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਐਂਟਰੈਂਸ ਦੇ ਇਮਤਿਹਾਨ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਦਰਜਾ ਪ੍ਰਾਪਤ ਕੀਤਾ, ਜਿਸ ਤੋਂ ਖ਼ੁਸ਼ ਹੋ ਕੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਤਮਗਾ ਇਨਾਮ ਵਜੋਂ ਦਿੱਤਾ। ਇਹ ਪਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ ਵਿੱਚ ਭਾਈ ਸਾਹਿਬ ਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆ।
ਭਾਈ ਵੀਰ ਸਿੰਘ ਨੇ ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ ਜਿਸ ਕਾਰਨ ਆਪ ਦੀ ਰੁਚੀ ਮੁੱਢ ਤੋਂ ਹੀ ਧਾਰਮਿਕ ਤੇ ਸਮਾਜ ਸੇਵਾ ਵਿੱਚ ਲੱਗ ਗਈ। 1892 ਈਸਵੀ ਵਿੱਚ ਆਪ ਨੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਲਗਾਇਆ। 1894 ਈਸਵੀ ਵਿੱਚ ਖਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖ ਕੇ 'ਨਿਰਗੁਣਿਆਰਾ' ਅਰਧ ਮਾਸਿਕ ਟਰੈਕਟ ਕੱਢਿਆ। 1899 ਈ: ਵਿੱਚ 'ਖਾਲਸਾ ਸਮਾਚਾਰ' ਸਪਤਾਹਿਕ ਪਰਚਾ ਚਾਲੂ ਕੀਤਾ। ਆਪ 'ਸਿੰਘ ਸਭਾ ਲਹਿਰ' ਅਤੇ 'ਚੀਫ਼ ਖਾਲਸਾ ਦੀਵਾਨ' ਦੇ ਮੋਢੀਆਂ ਵਿੱਚੋਂ ਇੱਕ ਸਨ। ਆਪ ਦੇ ਯਤਨਾਂ ਸਦਕਾ ਹੀ 'ਸਿੱਖ ਐਜੂਕੇਸ਼ਨ' ਕਮੇਟੀ ਦੀ ਸਥਾਪਨਾ ਹੋਈ।
ਸਾਹਿਤਕ ਸਫ਼ਰ:-
ਭਾਈ ਵੀਰ ਸਿੰਘ ਦੀਆਂ ਕੁੱਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ, ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸਤਕ’ (ਅਨੁਵਾਦ) ਨਿਰੋਲ ਪ੍ਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਨ੍ਹਾਂ ਵਿਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿਚ ਬੈਂਤ ਛੰਦ ਦੀ ਵਰਤੋਂ ਕੀਤੀ ਹੈ। ਭਾਈ ਵੀਰ ਸਿੰਘ ਦੀ ਪਹਿਲੀ ਕਾਵਿ-ਰਚਨਾ 'ਰਾਣਾ ਸੂਰਤ ਸਿੰਘ' (ਮਹਾਂਕਾਵਿ) ਪ੍ਰਕਾਸ਼ਿਤ ਹੋਈ। ਇਸ ਮਹਾਂਕਾਵਿ ਵਿੱਚ ਅਧਿਆਤਮਵਾਦ ਦੀ ਵਿਆਖਿਆ ਹੈ। ਰਾਣਾ ਸੂਰਤ ਸਿੰਘ ਦੀ ਰਚਨਾ ਉਪਰੰਤ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਦੀ ਰਚਨਾ ਕੀਤੀ। ਦਿਲ ਤਰੰਗ,ਤ੍ਰੇਲ ਤੁਪਕੇ,ਲਹਿਰਾਂ ਦੇ ਹਾਰ,ਮਟਕ ਹੁਲਾਰੇ,ਬਿਜਲੀਆਂ ਦੇ ਹਾਰ,ਪ੍ਰੀਤ ਵੀਣਾਂ,ਮੇਰੇ ਸਾਂਈਆਂ ਜੀਉ,ਕੰਬਦੀ ਕਲਾਈ, ਨਿੱਕੀ ਗੋਦ ਵਿੱਚ ਆਦਿ।
ਭਾਈ ਵੀਰ ਸਿੰਘ ਨੇ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਭਾਗ ਪਹਿਲਾ ਅਤੇ ਭਾਗ ਦੂਜਾ ਤੇ ਬਾਬਾ ਨੌਧ ਸਿੰਘ ਚਾਰ ਨਾਵਲ ਲਿਖੇ ਅਤੇ ਇੱਕ ਨਾਟਕ ਰਾਜਾ ਲੱਖਦਾਤਾ ਸਿੰਘ ਵਿੱਚ ਛਪਵਾਇਆ। ਇਹ ਸਿੱਖੀ ਸੁਧਾਰ ਦਾ ਪਹਿਲਾ ਪੰਜਾਬੀ ਨਾਟਕ ਹੈ। ਭਾਈ ਵੀਰ ਸਿੰਘ ਨੇ ਗੁਰੂ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ ਅਤੇ ਸ਼ਬਦ ਗੁਰੂ ਚਮਤਕਾਰ ਆਦਿ ਵਾਰਤਕ ਰਚਨਾਵਾਂ ਦੀ ਰਚਨਾ ਕੀਤੀ।
ਭਾਈ ਵੀਰ ਸਿੰਘ ਲਈ ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ:-
ਭਾਈ ਸਾਹਿਬ ਨੂੰ ਅਕਸਰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬੀ ਦਾ ਵੁੱਡਵਰਥ ਵੀ ਕਿਹਾ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਚੂੜਾਮਣੀ ਕਵੀ ਆਖਦੇ ਹਨ। ਮੌਲਾ ਬਖਸ਼ ਕੁਸ਼ਤਾ ਉਹਨਾਂ ਨੂੰ ਟੈਗੋਰ ਤੇ ਇਕਬਾਲ ਦੇ ਬਰਾਬਰ ਰੱਖਦਾ ਹੈ। ਸੁਰਿੰਦਰ ਸਿੰਘ ਕੋਹਲੀ ਅਨੁਸਾਰ ਉਹ ਨਵੀਨ ਕਵਿਤਾ ਦਾ ਮੋਢੀ ਹੈ। ਲਾਲਾ ਧਨੀ ਰਾਮ ਚਾਤ੍ਰਿਕ ਉਸਨੂੰ ਮੁਕਟਮਣੀ ਕਹਿੰਦਾ ਹੈ। ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾ ਕ੍ਰਿਸ਼ਨਨ ਨੇ ਭਾਈ ਵੀਰ ਸਿੰਘ ਨੂੰ ‘ਭਾਰਤ ਦੀ ਸਨਾਨਤੀ ਵਿਦਵਤਾ ਦੇ ਪ੍ਰਤਿਨਿਧ’ ਕਿਹਾ ਹੈ। ਸ੍ਰੀ ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ। ਡਾ.ਰਤਨ ਸਿੰਘ ਜੱਗੀ ਨੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਹੈ। ਡਾ: ਦੀਵਾਨ ਸਿੰਘ ਭਾਈ ਵੀਰ ਸਿੰਘ ਜੀ ਬਾਰੇ ਲਿਖਦਾ ਹੈ ਕਿ ‘ ਪੰਜਾਬੀ ਵਿੱਚ ਭਾਈ ਵੀਰ ਸਿੰਘ ਕੁਦਰਤ ਦੀ ਕਵਿਤਾ ਦਾ ਮੋਢੀ ਹੈ।
ਮਾਣ ਸਨਮਾਨ:-
ਭਾਈ ਸਾਹਿਬ ਦੀ ਸਾਹਿਤਕ ਦੇਣ ਸਦਕਾ 1949 ਈਸਵੀ ਵਿੱਚ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ 'ਡਾਕਟਰ ਆਫ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ। 1950 ਵਿਚ ਭਾਈ ਵੀਰ ਨੂੰ ਵਿਦਿਅਕ ਕਾਨਫ਼ਰੰਸ ਵਿਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ।
1952 ਵਿਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1955 ਵਿਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿਚ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਪੰਜਾਬੀ ਮਾਂ ਬੋਲੀ ਦਾ ਇਹ ਸੁੱਚਾ ਹੀਰਾ ਭਾਈ ਵੀਰ ਸਿੰਘ ਲਗਪਗ 70 ਸਾਲ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਹੋਏ 10 ਜੂਨ 1957 ਨੂੰ ਇਸ ਦੁਨੀਆਂ ਤੋਂ ਆਪਣੇ ਹਿੱਸੇ ਦੇ ਫ਼ਰਜ਼ ਪੂਰਦਿਆਂ ਵਿਦਾਇਗੀ ਲੈ ਗਿਆ। ਪੰਜਾਬੀ ਸਾਹਿਤ ਵਿੱਚ ਭਾਈ ਸਾਹਿਬ ਦਾ ਨਾਂ ਰਹਿੰਦੀ ਦੁਨੀਆਂ ਤੱਕ ਉਹਨਾਂ ਦੀਆਂ ਰਚਨਾਵਾਂ ਰਾਹੀਂ ਜਿਊਂਦਾ ਰਹੇਗਾ।
ਸ.ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)