You are here

ਲੁਧਿਆਣਾ

ਖੰਨਾਂ ਪੁਲਿਸ ਨੇ ਨਜਾਇਜ਼ ਅਸਲਾ ਰੱਖਣ ਵਾਲੇ ਪੰਜ ਦਬੋਚੇ

ਖੰਨਾ, (ਬਲਬੀਰ ਸਿੰਘ ਬੱਬੀ )

ਪੰਜਾਬ ਵਿੱਚ ਇਸ ਵੇਲੇ ਅਪਰਾਧ ਦਾ ਬਹੁਤ ਹੀ ਜਿਆਦਾ ਬੋਲ ਬਾਲਾ ਹੈ ਸਮੁੱਚੇ ਪੰਜਾਬ ਵਿੱਚੋਂ ਰੋਜਾਨਾ ਹੀ ਅਨੇਕਾਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਗਲਤ ਅਨਸਰ ਨਸ਼ਾ ਤਸਕਰ ਜਾਂ ਹੋਰ ਲੋਕ ਕਰਦੇ ਹਨ ਪਰ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਗਲਤ ਅਨਸਰਾਂ ਉੱਤੇ ਨਿਗਾਹ ਰੱਖੀ ਹੋਈ ਹੈ ਉਹ ਕਦੇ ਨਾ ਕਦੇ ਕਾਬੂ ਆ ਹੀ ਜਾਂਦੇ ਹਨ।
    ਇਸੇ ਤਰ੍ਹਾਂ ਹੀ ਇਕ ਮਾਮਲਾ ਪੁਲਸ ਜਿਲਾ ਖੰਨਾਂ ਦੇ ਵਿੱਚੋਂ ਸਾਹਮਣੇ ਆਇਆ ਹੈ। ਬੀਤੇ ਦਿਨੀ ਦੋਰਾਹਾ ਪੁਲਿਸ ਦੀ ਨਾਕਾਬੰਦੀ ਦੌਰਾਨ ਮਾੜੇ ਅਨਸਰਾਂ ਦੇ ਵਿਰੁੱਧ ਸਖਤ ਚੈਕਿੰਗ ਕੀਤੀ ਜਾ ਰਹੀ ਸੀ ਇਸ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਸ਼ੁਭਮ ਸੀ ਅਤੇ ਉਹ ਅਲੀਗੜ੍ਹ ਯੂਪੀ ਦਾ ਰਹਿਣ ਵਾਲਾ ਸੀ ਉਸ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਪਿਸਟਲ 32 ਬੋਰ ਬਰਾਮਦ ਹੋਏ। ਪੁਲਿਸ ਨੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਜਦੋਂ ਉਸਦੀ ਪੁੱਛ ਪੜਤਾਲ ਕੀਤੀ ਤਾਂ ਉਸਨੇ ਦੱਸਿਆ ਕਿ ਦਿੱਲੀ ਦੇ ਰਹਿਣ ਵਾਲੇ ਮੋਹਨ ਪੰਡਤ ਨਾਮ ਦੇ ਵਿਅਕਤੀ ਦੇ ਕਹਿਣ ਉੱਤੇ ਇਹ ਅਸਲਾ ਸਪਲਾਈ ਕਰਨ ਆਇਆ ਸੀ ਉਸ ਤੋਂ ਬਾਅਦ ਪੁਲਿਸ ਟੀਮ ਨੇ ਦਿੱਲੀ ਤੋਂ ਮੋਹਨ ਪੰਡਿਤ ਨੂੰ ਗਿਰਫਤਾਰ ਕੀਤਾ ਫਿਰ ਜਾਂਚ ਪੜਤਾਲ ਵਿੱਚ ਖੁਲਾਸਾ ਹੋਇਆ ਕਿ ਇੱਕ ਪਿਸਟਲ ਆਕਾਸ਼ਦੀਪ ਸਿੰਘ ਆਕਾਸ਼ ਤੇ ਬਲਜੀਤ ਸਿੰਘ ਜੀਤਾ ਅੰਮ੍ਰਿਤਸਰ ਨੂੰ ਦਿੱਤੇ ਹਨ। ਖੰਨਾ ਪੁਲਿਸ ਦੀਆਂ ਟੀਮਾਂ ਨੇ ਅੰਮ੍ਰਿਤਸਰ ਤਰਨ ਤਾਰਨ ਤੋਂ ਇਹ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਇਹ ਨਜਾਇਜ਼ ਅਸਲਾ ਗਰੋਹ ਦੇ ਪੰਜ ਮੈਂਬਰਾਂ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕਰਕੇ ਇਕ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। 
   ਪੁਲਿਸ ਜਿਨਾਂ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਮੈਡਮ ਅਵਨੀਤ ਕੌਂਡਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਅਨਸਰ ਨਸ਼ਾ ਤਸਕਰ ਤੇ ਹੋਰ ਜੋ ਗਲਤ ਕਾਰਵਾਈਆਂ ਕਰਨ ਕਰਦੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।।

ਡਾ ਹਰੀ ਸਿੰਘ ਜਾਚਕ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ

ਸਕੱਤਰ,ਸਾਹਿਤਕ ਸਰਗਰਮੀਆਂ ਵਜੋਂ ਸੇਵਾ ਸੰਭਾਲੀ

ਲੁਧਿਆਣਾ , ( ਬਲਬੀਰ ਸਿੰਘ ਬੱਬੀ)

ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਵਿੱਚ ਲਏ ਫ਼ੈਸਲੇ ਅਨੁਸਾਰ  ਅਕਾਡਮੀ ਦੇ ਜਨਰਲ ਸਕੱਤਰ ਸਰਦਾਰ ਗੁਲਜ਼ਾਰ ਸਿੰਘ ਪੰਧੇਰ ਨੇ ਅੱਜ ਡਾ ਹਰੀ ਸਿੰਘ ਜਾਚਕ ਨੂੰ ਸਕੱਤਰ ਸਾਹਿਤਕ ਸਰਗਰਮੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਜੋਂ ਨਿਯੁਕਤੀ  ਪੱਤਰ ਸੌਂਪਿਆ ਅਤੇ ਵਿਧੀਵੱਤ ਤਰੀਕੇ ਨਾਲ ਅਕਾਡਮੀ ਵੱਲੋਂ ਲੱਗੀ ਹੋਈ ਜ਼ਿੰਮੇਵਾਰੀ ਨਿਭਾਉਣ ਲਈ ਸੇਵਾ ਸੰਭਾਲ ਦਿੱਤੀ। ਉਨਾਂ ਨਾਲ ਦਫ਼ਤਰ ਇੰਚਾਰਜ ਮੈਡਮ ਸੁਰਿੰਦਰ ਕੌਰ ਦੀਪ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ।  
   ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾ ਹਰੀ ਸਿੰਘ ਜਾਚਕ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਓਹ ਪ੍ਰਬੰਧਕੀ ਬੋਰਡ ਵਲੋਂ ਲਗਾਈਆਂ ਗਈਆਂ ਸੇਵਾਵਾਂ ਲਈ ਸਾਰੇ ਸਤਿਕਾਰ ਯੋਗ ਅਹੁਦੇਦਾਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਅਤੇ ਨਾਲ ਹੀ ਯਕੀਨ ਦਿਵਾਉਂਦੇ ਹਨ ਕਿ ਓਹ ਆਉਣ ਵਾਲੇ ਸਮੇਂ ਵਿੱਚ ਲੱਗੀਆਂ ਸੇਵਾਵਾਂ ਨੂੰ ਤਨੋਂ ਮਨੋਂ ਨਿਭਾਉਣਗੇ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਸਤਿਕਾਰਯੋਗ ਮੈਂਬਰ ਸਾਹਿਬਾਨ ਦੀਆਂ ਉਮੀਦਾਂ ਤੇ ਖਰੇ ਉਤਰਨ  ਦਾ ਵੀ ਭਰਪੂਰ ਯਤਨ ਕਰਨਗੇ।
    ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਅਤੇ ਪੰਜਾਬੀ ਭਵਨ ਸਾਰੇ ਪੰਜਾਬੀਆਂ ਦਾ ਆਪਣਾ ਅਦਾਰਾ ਹੈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਤਿਕਾਰ ਯੋਗ  ਸਮੂਹ ਲੇਖਕਾਂ,ਸਾਹਿਤਕਾਰਾਂ  ਤੇ ਪਤਵੰਤੇ ਸੱਜਣਾਂ ਨੂੰ ਪੰਜਾਬੀ ਭਵਨ ਵਿੱਚ ਸਾਹਿਤਕ ਤੇ ਸਭਿਆਚਾਰਕ ਸਮਾਗਮ ਕਰਨ ਲਈ ਖੁੱਲ੍ਹਾ ਸੱਦਾ ਹੈ।

ਲੋਕ ਸਭਾ ਹਲਕਾ ਲੁਧਿਆਣਾ ਤੋਂ ਸੀਨੀਅਰ ਭਾਜਪਾ ਆਗੂ ਮੋੰਗਾ ਨੇ ਠੋਕੀ ਭਾਜਪਾ ਸਾੰਸਦ ਟਿਕਟ ਦੀ ਮਜਬੂਤ ਦਾਵੇਦਾਰੀ

ਲੁਧਿਆਣਾ, 19 ਮਾਰਚ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)
ਲੋਕ ਸਭਾ ਹਲਕਾ ਲੁਧਿਆਣਾ ,ਜਿਸਦੇ ਅੰਤਰਗਤ ਛੇ ਸ਼ਹਿਰੀ ਵਿਧਾਨ ਸਭਾ ਹਲਕੇ ਅਤੇ ਤਿੰਨ ਪੇੰਡੂ ਵਿਧਾਨ ਸਭਾ ਹਲਕੇ ਆਉੰਦੇ ਹਨ,ਉਸ ਹਲਕੇ ਤੋਂ ਜਿਥੇ ਅਨੇਕ ਭਾਜਪਾ ਆਗੂਆਂ ਨੇ ਟਿਕਟ ਦੀ ਦਾਵੇਦਾਰੀ ਠੋਕੀ ਹੈ,ਉਥੇ ਹੀ ਭਾਜਪਾ ਦੇ ਅੰਨਥਕ ਮਿਹਨਤੀ,ਲੋਕਾਂ ਵਿੱਚ ਵਿਚਰਣ ਵਾਲੇ ਪ੍ਭਾਵਸ਼ਾਲੀ ਸੀਨੀਅਰ ਸੂਬਾ ਆਗੂ ਵਿਨੀਤ ਪਾਲ ਸਿੰਘ ਮੋੰਗਾ ਨੇ ਆਪਣੇ ਲੋਕ ਸਭਾ ਹਲਕਾ ਲੁਧਿਆਣਾ ਲਈ ਕੀਤੇ ਲੋਕ ਹਿਤ ਕੰਮਾਂ ਦੇ ਆਧਾਰ ਤੇ ਭਾਜਪਾ ਹਾਈ ਕਮਾੰਡ ਤੋਂ ਲੁਧਿਆਣਾ ਤੋਂ ਲੋਕ ਸਭਾ ਚੋਣ 2024 ਲੜਨ ਲਈ ਮਜਬੂਤ ਅਤੇ ਪ੍ਬਲ ਦਾਵੇਦਾਰੀ ਠੋਕੀ ਹੈ|ਮੋੰਗਾ ਨੇ ਕੇੰਦਰੀ ਅਤੇ ਪੰਜਾਬ ਭਾਜਪਾ ਹਾਈ ਕਮਾੰਡ ਨੂੰ ਆਪਣੇ ਦੁਆਰਾ ਕੀਤੇ ਗਏ ਕੰਮ ਗਿਣਾਉੰਦੇ ਹੋਏ ਇਹ ਦਾਵੇਦਾਰੀ ਈ ਮੇਲ ਅਤੇ ਡਾਕ ਸਪੀਡ ਪੋਸਟ ਰਾਹੀਂ ਕੇੰਦਰੀ ਅਤੇ ਪੰਜਾਬ ਸੂਬਾ ਭਾਜਪਾ ਹਾਈ ਕਮਾੰਡ ਤੋਂ ਕੀਤੀ|ਇਥੇ ਦੱਸਣਯੋਗ ਹੈ ਕਿ ਮੋੰਗਾ ਦੀ ਰਾਜਨੀਤੀ ਤੋਂ ਉਪਰ ਉਠ ਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਸਾਰਿਆਂ ਹਲਕਿਆਂ ਚ' ਲੋਕਾਂ ਵਿਚਕਾਰ ਮਜਬੂਤ ਪਕੜ ਹੈ ਅਤੇ ਲੋਕ ਉਹਨਾਂ ਨੂੰ ਦਿਲੋਂ ਪਸੰਦ ਕਰਦੇ ਹਨ|ਮੋੰਗਾ ਨੇ 2022 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਲੁਧਿਆਣਾ ਪੱਛਮੀਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਟਿਕਟ ਲਈ ਮਜਬੂਤ ਦਾਵੇਦਾਰੀ ਭਾਜਪਾ ਹਾਈ ਕਮਾੰਡ ਅੱਗੇ ਠੋਕੀ ਸੀ|ਮੋੰਗਾ ਨੇ ਸਮਾਜ ਸੇਵੀਆਂ ਨਾਲ ਰੱਲ ਕੇ 15000 ਹਸਤਾਖਰ ਕਰਾ ਪੰਜਾਬ ਦੇ ਸਾਬਕਾ ਗਵਰਨਰ ਵੀ.ਪੀ ਬਦਨੌਰ ਜੀ ਰਾਹੀਂ ਕੇੰਦਰ ਦੀ ਮੋਦੀ ਸਰਕਾਰ ਨੂੰ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਘੋਸ਼ਿਤ ਕਰਣ ਲਈ ਮੰਗ ਪੱਤਰ ਭੇਜਿਆ ਸੀ,ਨਿਰਮਾਣ ਅਧੀਨ ਲੁਧਿਆਣਾ ਅੰਤਰਰਾਸਟਰੀ ਹਵਾਈ ਅੱਡਾ ਜੋ ਪਿੰਡ ਐਤਿਆਨਾ ਨਜਦੀਕ ਹਲਵਾਰਾ ਮਿਲਟਰੀ ਏਅਰਬੇਸ ਸਟੇਸ਼ਨ ਦਾ ਨਾਮ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਮ "ਗੁਰੂ ਹਰਿਗੋਬਿੰਦ ਸਾਹਿਬ ਅੰਤਰਾਸਟਰੀ ਹਵਾਈ ਅੱਡਾ" ਰਖਵਾਉਣ ਲਈ ਸਮਾਜ ਸੇਵੀਆਂ ਨਾਲ ਰੱਲ ਕੇ ਹਸਤਾਖਰ ਮੋਹੀਮ ਚੱਲਾਕੇ ਕੇੰਦਰ ਦੀ ਮੋਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੈ,ਉਸ ਤੋਂ ਇਲਾਵਾ ਕੇੰਦਰੀ ਸਿਹਤ ਮੰਤਰੀ ਮਨਸੁੱਖ ਮਾਨਡਵੀਆ ਜੀ ਨੂੰ ਲੁਧਿਆਣਾ ਲਈ ਇੱਕ ਆਲ ਇੰਡੀਆ ਮੈਡੀਕਲ ਹਸਪਤਾਲ ਜਾਂ ਪੀ.ਜੀ.ਆਈ ਸੈਟੀਲਾਈਟ ਸੈੰਟਰ ਖੋਲਣ ਲਈ ਮੰਗ ਪੱਤਰ ਦਿੱਤਾ,ਲੁਧਿਆਣਾ ਰੇਲਵੇ ਸਟੇਸ਼ਨ ਨੂੰ  ਸਮਾਰਟ ਸਟੇਸ਼ਨ ਬਨਵਾਉਣ ਲਈ ਕੇੰਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਨੂੰ ਚਿੱਠੀ ਲਿੱਖੀ,ਉਸ ਤੋਂ ਇਲਾਵਾ ਕੇੰਦਰ ਸਰਕਾਰ ਦੁਆਰਾ ਅਇਆਲੀ ਚੌੰਕ ਤੋਂ ਸਮਰਾਲਾ ਚੌੰਕ ਤੱਕ ਬਣਾਏ ਐਲੀਵੇਟੇਡ ਰੋਡ ਦਾ ਨਾਮ "ਗੁਰੂ ਗੋਬਿੰਦ ਸਿੰਘ ਮਾਰਗ" ਰਖਵਾਉਣ ਲਈ ਕੇੰਦਰੀ ਹਾਈਵੇ ਅਤੇ ਟਰਾੰਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਨੂੰ ਚਿੱਠੀ ਲਿੱਖੀ,ਉਸ ਤੋਂ ਇਲਾਵਾ ਭਾਰਤ ਨਗਰ ਫਰਨੀਚਰ ਮਾਰਕਿਟ ਦੇ ਅੱਗੋਂ ਲੰਗ ਰਹੇ ਐਲੀਵੇਟੇਡ ਰੋਡ ਦੇ ਡਿਜਾਇਨ ਵਿੱਚ ਫਾਲਟ ਨੂੰ ਠੀਕ ਕਰਾ ਕਾਲਮ ਅਤੇ ਪਿਲਰ ਸਟਰਕਚਰ ਵਿੱਚ ਤਬਦੀਲ ਕਰਾ ਕੇ ਸ਼ੋਰੂਮਾਂ ਦੀ ਵੀਸੀਬੀਲਟੀ ਬਚਾਉਣ ਅਤੇ ਪਾਰਕਿੰਗ ਕੈਪੈਸਟੀ ਪੂਲ ਥੱਲੇ ਕੀ੍ਏਟ ਕਰਵਾਈ,ਇਹ ਕੰਮ ਉਹਨਾਂ ਨੇ ਕੇੰਦਰੀ ਹਾਈਵੇ ਅਤੇ ਟਰਾੰਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਨੂੰ ਚਿੱਠੀ ਲਿੱਖ ਕੇ ਕਰਵਾਇਆ|ਅਨੇਕ ਹੋਰ ਸਮਾਜ ਸੇਵਾ ਅਤੇ ਲੋਕਾਂ ਦੀ ਭਲਾਈ ਦੇ ਕੰਮ ਉਹ ਕਰਵਾਉੰਦੇ ਰਹਿੰਦੇ ਹਨ,ਇਸ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ|ਮੋੰਗਾ ਇੱਕ ਪੜੇ ਲਿੱਖੇ ਸੂਜਵਾਨ ਆਗੂ ਹਨ |ਮੋੰਗਾ ਤੇ ਉਹਨਾਂ ਦਾ ਪਰਿਵਾਰ ਜਨਸੰਘ ਦੇ ਟਾਈਮ ਤੋਂ ਭਾਜਪਾ ਪਾਰਟੀ ਨਾਲ ਜੁੜੇ ਹਨ ਅਤੇ ਪਾਰਟੀ ਦੁਆਰਾ ਦਿੱਤੇ ਗਏ ਹਰ ਪੋ੍ਗਰਾਮ ਨੂੰ ਕਰਵਾਉੰਦੇ ਹਨ|ਉਹਨਾਂ ਦੇ ਪਿਤਾ 1984 ਐਨਟੀ ਸਿੱਖ ਕਤਲੇਆਮ ਪੀੜੀਤ ਪਰਿਵਾਰਾਂ ਦੀ ਸੰਸਥਾ "ਲੁਧਿਆਣਾ ਸਿੱਖ ਮਾਈਗਰੈੰਟਸ ਵੈਲਫੇਅਰ ਬੋਰਡ (ਰਜਿ.) " ਦੇ ਪ੍ਧਾਨ ਹਨ|ਮੇੰਗਾ ਨੇ ਪਾਰਟੀ ਹਾਈ ਕਮਾੰਡ ਨੂੰ ਯਕੀਨ ਦਵਾਇਆ ਕਿ ਜੇ ਭਾਜਪਾ ਉਹਨਾਂ ਨੂੰ ਪਾਰਟੀ ਟਿਕਟ ਦੇ ਕੇ ਨਵਾੱਜਦੀ ਹੈ ,ਤਾਂ ਉਹ ਸਾਰਿਆਂ ਦੇ ਸਹਿਯੋਗ ਨਾਲ ਇਹ ਲੁਧਿਆਣਾ ਲੋਕ ਸਭਾ ਸੀਟ ਭਾਰੀ ਮਤਾਂ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਚ' ਪਾਉੰਗੇ ਅਤੇ ਲੋਕ ਸਭਾ ਹਲਕਾ ਲੁਧਿਆਣਾ ਨੂੰ ਭਾਰਤ ਦਾ ਬਿਹਤਰੀਨ ਅਤੇ ਆਧੁਨਿਕ ਹਲਕਾ ਬਨਾਉੰਗੇ|

ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ. ਜੀ. ਓ. ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਜਾਗਰੂਕਤਾ ਸੈਮੀਨਾਰ

 ਲੁਧਿਆਣਾ, 19 ਮਾਰਚ(ਟੀ. ਕੇ.) 
ਲੋਕ ਸਭਾ ਚੋਣਾਂ - 2024 ਵਿੱਚ ਪਹਿਲੀ ਵਾਰ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਲੁਧਿਆਣਾ ਅਤੇ ਐਨ.ਜੀ.ਓ ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਮੰਗਲਵਾਰ ਨੂੰ ਸਮਰਾਲਾ ਸਬ ਡਵੀਜ਼ਨ ਦੇ ਵੱਖ-ਵੱਖ ਆਈ.ਟੀ.ਆਈ ਕਾਲਜਾਂ ਵਿੱਚ "ਆਈ ਵੋਟ, ਆਈ ਲੀਡ ਮੁਹਿੰਮ" ਤਹਿਤ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।  .

ਸੈਮੀਨਾਰ ਵਿੱਚ 1000 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਸ ਦੌਰਾਨ ਨਵੇਂ ਯੋਗ ਵੋਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ।  ਸੈਮੀਨਾਰ ਦਾ ਮੰਚ ਸੰਚਾਲਨ ਸਿਮਰਪ੍ਰੀਤ ਕੌਰ, ਜਲਨਿਧ ਕੌਰ, ਅਦਿੱਤਿਆ ਸਹਿਗਲ ਅਤੇ ਰੀਆ ਲੂਥਰਾ ਨੇ ਕੀਤਾ।  ਇਸ ਮੌਕੇ ਏ.ਸੀ.ਸਮਰਾਲਾ ਦੇ ਸਵੀਪ ਅਧਿਕਾਰੀ ਅਤੇ ਚੋਣ ਨਿਗਰਾਨ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਸ਼ਹਿਰ ਦੇ ਨੌਜਵਾਨ ਵਲੰਟੀਅਰਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਖਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਿੰਗ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨਾਲ ਹੱਥ ਮਿਲਾਇਆ ਹੈ।

ਜ਼ਿਲ੍ਹਾ ਚੋਣ ਦਫ਼ਤਰ ਲੁਧਿਆਣਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਸੈਮੀਨਾਰ ਦੀ ਆਗੂ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਸਾਡੀ ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਅਸੀਂ ਲੁਧਿਆਣਾ ਪ੍ਰਸ਼ਾਸਨ ਅਤੇ ਸਵੀਪ ਅਧਿਕਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦੀ ਹਾਂ। ਅਸੀਂ ਅਗਲੇ ਦਿਨਾਂ ਵਿੱਚ 65 ਤੋਂ ਵੱਧ ਕਾਲਜਾਂ ਵਿੱਚ ਸੈਮੀਨਾਰ ਆਯੋਜਿਤ ਕਰਾਂਗੇ।  20 ਦਿਨ ਇਹ ਯਕੀਨੀ ਬਣਾਉਣ ਲਈ ਕਿ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਇਸ ਵਾਰ ਸਮਝਦਾਰੀ ਨਾਲ ਵੋਟ ਪਾਉਣ।

ਲੋਕ ਸਭਾ ਚੋਣਾਂ 2024- ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਦਾਖਾ 'ਚ ਫਲੈਗ ਮਾਰਚ ਕੀਤਾ

 ਲੁਧਿਆਣਾ, 19 ਮਾਰਚ (ਟੀ. ਕੇ. ) -
 1 ਜੂਨ ਨੂੰ ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਉਪ ਮੰਡਲ ਮੈਜਿਸਟਰੇਟ ਦੀਪਕ ਭਾਟੀਆ ਅਤੇ ਡੀ ਐਸ ਪੀ  ਦਾਖਾ ਜਸਵਿੰਦਰ ਸਿੰਘ ਨੇ ਮੰਗਲਵਾਰ ਨੂੰ ਦਾਖਾ ਦੇ ਰੁਝੇਵਿਆਂ ਵਾਲੇ ਇਲਾਕਿਆਂ ਵਿੱਚ ਫਲੈਗ ਮਾਰਚ ਦੀ ਅਗਵਾਈ ਕੀਤੀ।
ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਫਲੈਗ ਮਾਰਚ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ    ਐਸ ਡੀ ਐਮ ਭਾਟੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ।  ਭਾਟੀਆ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭਾਟੀਆ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਅਤੇ ਹਰੇਕ ਵਿਅਕਤੀ 1 ਜੂਨ 2024 ਨੂੰ ਆਪਣੀ ਵੋਟ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਐਂਟਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਵਿਸ਼ੇਸ਼ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
 ਬਾਅਦ ਵਿੱਚ, ਭਾਟੀਆ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਵਿੱਚ ਉਨ੍ਹਾਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ।

ਜਥੇਬੰਦੀ ਦਾ 20 ਨੂੰ ਨਵਾਂ ਕਾਫਲਾ ਸ਼ੰਭੂ ਬਾਰਡਰ ਤੇ 23 ਨੂੰ ਹੁਸੈਨੀਵਾਲਾ ਨੂੰ ਹੋਵੇਗਾ ਰਵਾਨਾ - ਦਸਮੇਸ਼ ਯੂਨੀਅਨ

ਲੁਧਿਆਣਾ, 19 ਮਾਰਚ (ਟੀ. ਕੇ.) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ  ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ  ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਤਲਵੰਡੀ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ, ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ,ਅਵਤਾਰ ਸਿੰਘ ਬਿੱਲੂ ਵਲੈਤੀਆ ਨੇ ਉਚੇਚੇ  ਤੌਰ ਤੇ ਵਿਚਾਰ ਪੇਸ਼ ਕੀਤੇ। ਜਿਸ ਉਪਰੰਤ ਸਰਵਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ:-
 ਪਹਿਲੇ ਮਤੇ ਰਾਹੀਂ ਚੌਂਕੀਮਾਨ ਟੋਲ ਪਲਾਜਾ ਉੱਪਰ 10 ਫਰਵਰੀ ਤੋਂ ਲਗਾਤਾਰ ਨਵਾਂ ਦਿੱਲੀ ਮੋਰਚਾ- 2 ਦੀ ਤਿਆਰੀ ਹਿੱਤ ਚੱਲ ਰਹੇ ਪੱਕੇ ਧਰਨੇ ਅਤੇ ਟਰੈਕਟਰਾਂ- ਟਰਾਲੀਆਂ ਤੇ ਗੱਡੀਆਂ ਵਾਲੇ ਸੰਗਰਾਮੀ ਕਾਫਲਿਆਂ ਦੀ ਸੇਵਾ ਹਿੱਤ ਚੱਲ ਰਹੇ ਲੰਗਰ ਉੱਪਰ ਭਰਪੂਰ ਤਸੱਲੀ ਤੇ  ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
     ਦੂਜੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ 20 ਤਰੀਕ ਨੂੰ ਸਵੇਰੇ 9 ਵਜੇ ਲੜੀਵਾਰ ਨਵਾਂ ਕਾਫਲਾ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ, ਜਿਸ ਵਿੱਚ ਵੱਖ-ਵੱਖ ਇਕਾਈਆਂ ਦੇ ਕਿਸਾਨ -ਮਜ਼ਦੂਰ ਵੀਰ ਸ਼ਾਮਿਲ ਹੋਣਗੇ।
   ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ 23 ਮਾਰਚ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਰਚੇ ਜਾ ਰਹੇ ਵਿਸ਼ਾਲ ਸ਼ਹੀਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ 23 ਮਾਰਚ ਨੂੰ ਸਵੇਰੇ 8 ਵਜੇ ਵੱਡਾ ਜੁਝਾਰੂ ਕਾਫਲਾ ਹਸੈਨੀਵਾਲਾ (ਫਿਰੋਜਪੁਰ ਬਾਰਡਰ) ਲਈ ਕੂਚ ਕਰੇਗਾ।
      ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜੱਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਵਿਜੇ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਬਲਤੇਜ ਸਿੰਘ ਸਿੱਧਵਾਂ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਗੁਰਦੀਪ ਸਿੰਘ ਮੁੰਡਿਆਣੀ, ਗੁਰਚਰਨ ਸਿੰਘ ਤਲਵੰਡੀ ,ਗੁਰਸੇਵਕ ਸਿੰਘ ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਜਗਦੇਵ ਸਿੰਘ ਗੁੜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦਕ ਚੋਣਾਂ ਦਾ ਐਲਾਨ

*8 ਅਪ੍ਰੈਲ ਨੂੰ ਜ਼ਿਲ੍ਹਾ ਪ੍ਧਾਨਾਂ ਤੇ ਬਲਾਕ ਪ੍ਰਧਾਨਾਂ ਦੀਆਂ ਹੋਣਗੀਆਂ ਨਾਮਜ਼ਦਗੀਆਂ

*17 ਅਪ੍ਰੈਲ ਨੂੰ ਹੋਵੇਗੀ ਚੋਣ

ਲੁਧਿਆਣਾ, 19 ਮਾਰਚ (ਟੀ. ਕੇ.) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸਾਰੇ ਜਿਲਿਆਂ ਦੇ ਪ੍ਰਧਾਨ ਸਕੱਤਰਾਂ ਤੇ ਸੂਬਾਈ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਜਥੇਬੰਦਕ ਚੋਣਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਮਿਤੀ 8 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 17 ਅਪ੍ਰੈਲ ਨੂੰ ਚੋਣ ਹੋਵੇਗੀ। ਇਸ ਸਮੇਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੰਵਿਧਾਨ ਮੁਤਾਬਿਕ ਹਰ ਤਿੰਨ ਸਾਲ ਬਾਅਦ ਲੋਕਤਾਂਤ੍ਰਿਕ ਤਰੀਕੇ ਨਾਲ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਜਿਸ ਵਿੱਚ ਜਥੇਬੰਦੀ ਦਾ ਕੋਈ ਵੀ ਮੈਬਰ ਬਲਾਕ ਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਭਰ ਸਕਦਾ ਹੈ। ਸੂਬਾਈ ਕਮੇਟੀ ਦੀ ਚੋਣ ਵਿੱਚ ਚੁਣੇ ਹੋਏ ਜ਼ਿਲ੍ਹਾ ਪ੍ਰਧਾਨ ਸੂਬਾ ਕਮੇਟੀ ਦੀ ਚੋਣ ਵਿੱਚ ਹਿੱਸਾ ਲੈਂਦੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਜ਼ਿਲ੍ਹੇ ਵਿੱਚ ਪ੍ਜਾਇਡਿੰਗ ਤੇ ਸਹਾਇਕ ਪ੍ਜਾਇਡਿੰਗ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਚੋਣਾਂ ਦੇ ਅਮਲ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਪਿ੍ੰਸੀਪਲ ਅਮਨਦੀਪ ਸ਼ਰਮਾਂ, ਕਰਨੈਲ ਫਿਲੌਰ, ਗੁਰਦੀਪ ਸਿੰਘ ਬਾਜਵਾ,  ਜਗਜੀਤ ਸਿੰਘ ਮਾਨ, ਨਰਿੰਦਰ ਸਿੰਘ ਮਾਖਾ, ਮਨੋਹਰ ਲਾਲ ਸ਼ਰਮਾਂ, ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਹਰਪਾਲਪੁਰ, ਬਲਵਿੰਦਰ ਸਿੰਘ ਭੁੱਟੋ, ਪ੍ਰਭਜੀਤ ਸਿੰਘ ਰਸੂਲਪੁਰ, ਹਰਿੰਦਰ ਮੱਲੀਆਂ ਬਰਨਾਲਾ, ਸੁੱਚਾ ਸਿੰਘ ਟਰਪਈ ਅਮ੍ਰਿਤਸਰ, ਮਲਕੀਅਤ ਸਿੰਘ ਪੱਤੀ ਬਰਨਾਲਾ, ਤਜਿੰਦਰ ਸਿੰਘ ਤੇਜੀ ਬਰਨਾਲਾ, ਸੁਰਿੰਦਰ ਕੁਮਾਰ ਬਰਨਾਲਾ, ਰਵਿੰਦਰ ਸਿੰਘ ਪੱਪੀ ਮੁਹਾਲੀ, ਪਰਮਜੀਤ ਸਿੰਘ ਪਟਿਆਲਾ, ਗੁਰਦਾਸ ਸਿੰਘ ਮਾਨਸਾ, ਸਤੀਸ਼ ਕੁਮਾਰ ਮਾਨਸਾ, ਰਜੇਸ਼ ਕੁਮਾਰ ਫਤਹਿਗੜ੍ਹ ਸਾਹਿਬ, ਅਮਰਜੀਤ ਸਿੰਘ ਫਤਹਿਗੜ੍ਹ ਸਾਹਿਬ, ਸੰਦੀਪ ਕੁਮਾਰ ਪਟਿਆਲਾ, ਗੁਰਚਰਨ ਸਿੰਘ ਕਸਲੀ ਫਿਰੋਜ਼ਪੁਰ, ਰਣਜੋਧ ਸਿੰਘ ਲੁਧਿਆਣਾ, ਰਾਜੀਵ ਕੁਮਾਰ ਲੁਧਿਆਣਾ, ਅਮਨ ਖੇੜਾ ਲੁਧਿਆਣਾ, ਕੰਵਲਨੈਨ ਪਟਿਆਲਾ, ਬੱਗਾ ਸਿੰਘ ਸੰਗਰੂਰ, ਸਰਬਜੀਤ ਸਿੰਘ ਸੰਗਰੂਰ ਤੇ ਵਿਕਰਮਜੀਤ ਸਿੰਘ ਮੁਕਤਸਰ ਆਦਿ ਹਾਜ਼ਰ ਸਨ।

ਪੀ.ਏ.ਯੂ. ਨੂੰ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਦਾ ਸਰਵੋਤਮ ਪੁਰਸਕਾਰ ਮਿਲਿਆ

ਲੁਧਿਆਣਾ, 18 ਮਾਰਚ(ਟੀ. ਕੇ.) 

 
ਪੀ.ਏ.ਯੂ. ਨੂੰ ਸਾਲ 2023-24 ਲਈ ਆਲ ਇੰਡੀਆ ਕੁਆਡੀਨੇਟਿਡ ਖੋਜ ਪੋ੍ਰਜੈਕਟ ਤਹਿਤ ਸਰਵੋਤਮ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਐਵਾਰਡ ਨਾਲ ਨਿਵਾਜ਼ਿਆ ਗਿਆ| ਇਹ ਐਵਾਰਡ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਬੀਤੇ ਦਿਨੀਂ ਸਿਫਟ ਲੁਧਿਆਣਾ ਵਿਖੇ ਹੋਈ ਸਲਾਨਾ ਕਾਰਜਸ਼ਾਲਾ ਦੌਰਾਨ ਪ੍ਰਦਾਨ ਕੀਤਾ ਗਿਆ| ਇਸ ਕੇਂਦਰ ਨੂੰ ਦੇਸ਼ ਭਰ ਦੇ 29 ਹੋਰ ਕੇਂਦਰਾਂ ਵਿੱਚੋਂ ਸਭ ਤੋਂ ਬਿਹਤਰ ਕੰਮ ਕਾਜ ਲਈ ਸਰਵੋਤਮ ਕੇਂਦਰ ਐਵਾਰਡ ਮਿਲਿਆ| ਪੀ.ਏ.ਯੂ. ਕੇਂਦਰ ਨੇ ਵਢਾਈ ਤੋਂ ਬਾਅਦ ਫਸਲਾਂ ਦੀ ਤਕਨਾਲੋਜੀ ਦੇ ਵਿਕਾਸ ਵਿਚ ਬਿਹਤਰੀਨ ਯੋਗਦਾਨ ਪਾਇਆ|

 
ਇਸ ਐਵਾਰਡ ਨੂੰ ਦੇਣ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਐੱਮ ਐੱਮ ਝਾ ਮੌਜੂਦ ਸਨ| ਉਹਨਾਂ ਤੋਂ ਇਲਾਵਾ ਡਾ. ਕੇ ਨਰਸੀਆਹ, ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ ਅਤੇ ਕੁਝ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ| ਇਹਨਾਂ ਮਾਹਿਰਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਲਈ ਡਾ. ਐੱਮ ਐੱਸ ਆਲਮ, ਡਾ. ਸੁਰੇਖਾ ਭਾਟੀਆ, ਡਾ. ਸੰਧਿਆ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਰੋਹਿਤ ਸ਼ਰਮਾ ਅਤੇ ਡਾ. ਗਗਨਦੀਪ ਕੌਰ ਦੀ ਤਾਰੀਫ ਕਰਦਿਆਂ ਹੋਰ ਚੰਗੇ ਕੰਮ ਲਈ ਪ੍ਰੇਰਿਤ ਕੀਤਾ|

 
ਪੀ.ਏ.ਯੂ. ਦਾ ਇਹ ਕੇਂਦਰ ਖੇਤੀ ਪ੍ਰੋਸੈਸਿੰਗ ਕੰਪਲੈਕਸ ਸਥਾਪਿਤ ਕਰਨ ਲਈ ਆਪਣੇ ਵਿਸ਼ੇਸ਼ ਕਾਰਜ ਕਰਨ ਹਿਤ ਪ੍ਰਸਿੱਧ ਹੈ| ਇਸ ਕਾਰਜ ਦੇ ਮੁੱਖ ਨਿਗਰਾਨ ਡਾ. ਐੱਮ ਐੱਸ ਆਲਮ ਨੇ ਇਸ ਕੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਤਕਨਾਲੋਜੀਆਂ ਦੇ ਵਿਕਾਸ ਵਿਚ ਕੀਤੇ ਗਏ ਕੰਮ ਵਿਚ ਸਟੀਵੀਆ ਪਾਊਡਰ ਤਿਆਰ ਕਰਨ, ਮੈਂਥੇ ਦੇ ਤੇਲ ਦੀ ਪ੍ਰੋਸੈਸਿੰਗ ਅਤੇ ਆਂਵਲੇ ਦੇ ਜੂਸ ਸੰਬੰਧੀ ਕੀਤੇ ਕੰਮ ਪ੍ਰਮੁੱਖ ਹਨ| ਇਸ ਤੋਂ ਇਲਾਵਾ ਭੰਡਾਰ ਕੀਤੀਆਂ ਜਾਣ ਵਾਲੀਆਂ ਦਾਲਾਂ ਦੀ ਸੰਭਾਲ ਲਈ ਸੁਰੱਖਿਆ ਕਿੱਟ ਅਤੇ ਸ਼ਹਿਦ ਦੀ ਸੈਂਸਰ ਅਧਾਰਿਤ ਜਾਂਚ ਤੋਂ ਇਲਾਵਾ ਸਬਜ਼ੀਆਂ ਦੇ ਖੇਤਰ ਵਿਚ ਕੀਤੇ ਕਾਰਜ ਨੂੰ ਦੇਖਿਆ ਜਾ ਸਕਦਾ ਹੈ| ਇਸ ਤੋਂ ਇਲਾਵਾ ਕੇਂਦਰ ਨੇ ਖੇਤ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਧੁਆਈ ਦੀ ਤਕਨਾਲੋਜੀ, ਹਲਦੀ ਦੀ ਧੁਆਈ ਅਤੇ ਪਾਲਸ਼ ਦੀ ਮਸ਼ੀਨ ਤੋਂ ਇਲਾਵਾ ਸ਼ਹਿਦ ਦੀ ਸਾਂਭ-ਸੰਭਾਲ ਲਈ ਤਿਆਰ ਕੀਤੀਆਂ ਤਕਨਾਲੋਜੀਆਂ ਨੂੰ ਅੰਜ਼ਾਮ ਦਿੱਤਾ ਹੈ| ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਤਕਨਾਲੋਜੀਆਂ ਨੂੰ ਕਿਸਾਨਾਂ ਅਤੇ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰ ਨੇ ਵੱਡੀ ਪੱਧਰ ਤੇ ਲੋਕਾਂ ਨੂੰ ਸਿਖਲਾਈ ਦਿੱਤੀ ਹੈ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਇਸ ਪਰਿਵਾਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ|

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੌਜਵਾਨਾਂ ਨੂੰ 'ਵੋਟਰ ਹੈਲਪਲਾਈਨ' ਐਪ ਅਤੇ ਐਨ.ਵੀ.ਐਸ.ਪੀ. ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਸਲਾਹ

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 'ਵੋਟਰ ਹੈਲਪਲਾਈਨ' ਮੋਬਾਈਲ ਐਪ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ।

ਭਾਰਤੀ ਚੋਣ ਕਮਿਸ਼ਨ ਦੀ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ  ਤਹਿਤ ਆਯੋਜਿਤ ਇੱਕ ਸਮਾਗਮ ਦੌਰਾਨ ਸਰਕਾਰੀ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਪਿਊਟਰ ਜਾਂ ਮੋਬਾਈਲ 'ਤੇ ਇੱਕ ਕਲਿੱਕ ਰਾਹੀਂ ਵੋਟਰ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਐਪ ਅਤੇ ਪੋਰਟਲ ਦੀ ਵਰਤੋਂ ਕਰਨ, ਜਿਸ ਨਾਲ ਬਿਨੈ-ਪੱਤਰ ਫਾਰਮ-6 ਜਮ੍ਹਾ ਕਰਨ ਲਈ ਕੁਝ ਮਿੰਟ ਲੱਗਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰੌਇਡ ਫੋਨ 'ਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨ ਲਈ ਕਿਹਾ ਜਾਂ ਵੋਟਰ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਵੈਬਸਾਈਟ www.nvsp.in ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾ ਦੀ ਸਹਾਇਤਾ ਲਈ ਰਾਸ਼ਟਰੀ ਟੋਲ-ਫ੍ਰੀ ਨੰਬਰ 1950 'ਤੇ ਸੰਪਰਕ ਕਰਨ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਣ ਦੀ ਵੀ ਸਿਫਾਰਸ਼ ਕੀਤੀ। ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਨੌਜਵਾਨ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਕਿਹਾ ਕਿ ਲੁਧਿਆਣਵੀ ਇਸ ਵਾਰ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੱਡੀ ਗਿਣਤੀ ਵਿੱਚ ਅੱਗੇ ਆਉਣ ਅਤੇ 70 ਫੀਸਦ (ਇਸ ਵਾਰ 70 ਪਾਰ) ਪੋਲਿੰਗ ਦਾ ਟੀਚਾ ਪ੍ਰਾਪਤ ਕਰਨਾ ਚਾਹੀਦਾ ਹੈ। 

ਬਾਅਦ ਵਿੱਚ, ਜ਼ਿਲ੍ਹਾ ਚੋਣ ਅਫ਼ਸਰ ਨੇ ਵਿਦਿਆਰਥੀਆਂ ਨਾਲ ਚੋਣ ਅਤੇ ਵੋਟਿੰਗ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਪੋਲਿੰਗ ਵਾਲੇ ਦਿਨ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕ੍ਰਿਸ਼ਨ ਪਾਲ ਰਾਜਪੂਤ ਅਤੇ ਪ੍ਰਿੰਸੀਪਲ ਸੁਮਨ ਲਤਾ ਗੁਪਤਾ ਵੀ ਮੌਜੂਦ ਸਨ

ਪ੍ਰਸ਼ਾਸਨ ਅਤੇ ਐਨ.ਜੀ.ਓ. ਵੱਲੋਂ ਵੋਟਿੰਗ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਦਫ਼ਤਰ ਅਤੇ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ) ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਆਪਣੀ ਮੁਹਿੰਮ 'ਆਈ ਵੋਟ ਆਈ ਲੀਡ' ਤਹਿਤ ਸ਼ਹਿਰ ਦੇ ਨਾਗਰਿਕਾਂ ਵਿੱਚ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ।

ਇਸ ਮੁਹਿੰਮ ਤਹਿਤ ਚੋਣ ਦਫ਼ਤਰ ਅਤੇ ਇਨੀਸ਼ੀਏਟਰਜ਼ ਆਫ਼ ਚੇਂਜ ਦੀ ਟੀਮ ਨੇ ਲੋਕਾਂ ਨੂੰ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਜਾਗਰੂਕ ਕਰਨ ਲਈ ਰੱਖ ਬਾਗ ਵਿੱਚ ਨੁੱਕੜ ਨਾਟਕ ਦਾ ਆਯੋਜਨ ਕੀਤਾ। ਸ਼ਹਿਰ ਦੇ ਨੌਜਵਾਨ ਵਲੰਟੀਅਰਾਂ ਗੋਕੁਲ ਮਲਿਕ, ਹਰਪਾਲ ਕੌਰ, ਕ੍ਰਿਪਾ, ਮਿਸਤੀ, ਸਾਤਵਿਕ, ਹਰਸ਼, ਨਮਨ, ਜੁਗਾੜ, ਰੇਨਾ ਅਤੇ ਹਿਮਾਂਸ਼ੂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ।

ਇਸ ਤੋਂ ਇਲਾਵਾ ਚੋਣ ਦਫ਼ਤਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਦਾ ਡੈਮੋ ਵੀ ਦਿੱਤਾ।

ਐਨ.ਜੀ.ਓ ਦੇ ਟਰੱਸਟੀ ਮਿਥਿਲ ਗੋਇਲ ਨੇ ਕਿਹਾ ਕਿ ਵੱਧ ਤੋਂ ਵੱਧ ਉਤਪਾਦਕਤਾ ਅਤੇ ਮਜ਼ਬੂਤ ਲੋਕਤੰਤਰ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ ਹੈ।