You are here

ਮਾਨ ਸਾਹਬ ਗਰੀਬਾਂ ਦੇ ਚੁੱਲਿਆਂ ਦੀ ਅੱਗ ਹਾਲੇ ਵੀ ਬੁਝਦੀ ਜਾ ਰਹੀ ਹੈ 

*ਮੰਗਾਂ ਪੁਰੀਆਂ ਨਾ ਹੋਈਆਂ ਤਾਂ ਅਪਣੇ ਹੱਕਾਂ ਦੀ ਲੜਾਈ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ 
ਲੁਧਿਆਣਾ 24 ਮਾਰਚ ( ਕਰਨੈਲ ਸਿੰਘ ਐੱਮ ਏ)  ਗੰਨਮੈਨ ਗਾਰਡ ਏਕਤਾ ਸੁਸਾਇਟੀ,ਲੁਧਿਆਣਾ ਵੱਲੋਂ ਗੰਨਮੈਨ ਅਤੇ ਗਾਰਡ ਕੋਆਪਰੇਟਿਵ ਬੈਂਕ, ਚੰਡੀਗੜ੍ਹ ਦੇ ਬੈਨਰ ਹੇਠ ਵਿਚਾਰ ਵਟਾਂਦਰਾ ਮੀਟਿੰਗ ਸ਼ਾਮ ਨਗਰ ਵਿਖੇ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਗੰਨਮੈਨ ਅਤੇ ਗਾਰਡ ਦੀ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ ਤੌਰ ਤੇ ਗੁਰਸੇਵਕ ਸਿੰਘ ਸੰਧੂ ਪੰਜਾਬ ਪ੍ਰਧਾਨ, ਜੋਰਾ ਸਿੰਘ ਲੁਧਿਆਣਾ ਪ੍ਰਧਾਨ, ਕੁਲਬੀਰ ਸਿੰਘ ਮੋਹਾਲੀ ਪ੍ਰਧਾਨ, ਪਰਮਜੀਤ ਸਿੰਘ ਚੰਦਬਾਜਾ ਜਨ:ਸਕੱਤਰ ਪੰਜਾਬ ਨੇ ਇਕੱਤਰ ਹੋਏ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਨਾਲ ਜਿੱਥੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਕਰਨ ਬਾਰੇ ਸੰਖੇਪ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਸੂਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹੋਏ ਇਹ ਯਾਦ ਵੀ ਕਰਵਾਇਆ ਗਿਆ ਕਿ ਤੁਸੀਂ ਇਸ ਗੱਲ ਨੂੰ ਵਾਰ-ਵਾਰ ਆਖਿਆ ਕਰਦੇ ਸੀ ਕਿ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਦੀ ਜਾ ਰਹੀ ਹੈ, ਪਰ ਹੁਣ ਗੰਨਮੈਨ ਅਤੇ ਗਾਰਡ ਕੋਆਪਰੇਟਿਵ ਬੈਂਕ, ਚੰਡੀਗੜ੍ਹ ਅਦਾਰਾ ਤੁਹਾਡੇ ਅਧੀਨ ਹੈ ਤੇ ਅੱਜ਼ ਵੀ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਨਿਗੁਣੀ ਤਨਖਾਹ ਨਾਲ ਅਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਨ ਜੋ ਅੱਜ ਦੇ ਸਮੇਂ ਵਿੱਚ ਬਹੁਤ ਮੁਸ਼ਕਿਲ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ ਨਵਾਂ ਸ਼ਹਿਰ ਨੇ ਮੰਗ ਕਰਦੇ ਹੋਏ ਕਿਹਾ ਕਿ ਜਿਵੇਂ ਪਿਛਲੇ ਟਾਈਮ ਵਿੱਚ ਬਾਕੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ ਉਸ ਦੀ ਤਰਜ਼ ਤੇ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਕੇ ਇਨ੍ਹਾਂ ਕਰਮਚਾਰੀਆਂ ਨੂੰ ਕੋਆਪਰੇਟਿਵ ਬੈਂਕਾਂ ਦੇ ਅਧੀਨ ਹੀ ਡਿਊਟੀ ਕਰਵਾਈ ਜਾਵੇ। ਇਸ ਮੌਕੇ ਸੀਟੀਯੂ ਪੰਜਾਬ ਦੇ ਜਨ: ਸਕੱਤਰ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਮੌਜੂਦਾ ਸਮੇਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਮਾਰੂ ਲਾਗੂ ਕੀਤੀਆਂ ਜਾ ਰਹੀ ਨੀਤੀਆਂ, ਗੈਰ ਜਮਹੂਰੀ ਤੇ ਤਾਨਾਸ਼ਾਹੀ ਤੁਗਲਕੀ ਫੁਰਮਾਨ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮਜ਼ਦੂਰ ਜਮਾਤ ਦੇ ਬਣਦੇ ਹੱਕਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਮਜ਼ਦੂਰ ਜਮਾਤ ਅਪਣੇ ਹੱਕਾਂ ਦੀ ਲੜਾਈ ਨੂੰ ਅੱਗੇ ਵੀ ਜਾਰੀ ਰੱਖੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮੋਹਾਲੀ, ਹਰੀ ਰਾਮ ਪ੍ਰਧਾਨ ਜਲੰਧਰ, ਕੁਲਦੀਪ ਸਿੰਘ ਖ਼ਜਾਨਚੀ ਲੁਧਿਆਣਾ, ਪਰਮਜੀਤ ਸਿੰਘ ਜਨ: ਸਕੱਤਰ ਲੁਧਿਆਣਾ, ਕਰਮਜੀਤ ਸਿੰਘ ਖਾਲਸਾ ਮੀਤ ਪ੍ਰਧਾਨ ਲੁਧਿਆਣਾ, ਮਨੀਸ਼ ਕੁਮਾਰ ਜਨ: ਸੈਕਟਰੀ ਲੁਧਿਆਣਾ, ਬਲਵੰਤ ਸਿੰਘ ਪੀਐਸਉ ਲੁਧਿਆਣਾ, ਬਲਵਿੰਦਰ ਸਿੰਘ ਮਾਡੋਕ ਲੁਧਿਆਣਾ ਨੇ ਵੀ ਸੰਬੋਧਨ ਕੀਤਾ। ਆਖਿਰ ਵਿੱਚ ਜੋਰਾ ਸਿੰਘ ਪ੍ਰਧਾਨ ਲੁਧਿਆਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਫੋਟੋ: ਗੁਰਸੇਵਕ ਸਿੰਘ ਸੰਧੂ ਪੰਜਾਬ ਪ੍ਰਧਾਨ, ਜੋਰਾ ਸਿੰਘ ਲੁਧਿਆਣਾ ਪ੍ਰਧਾਨ, ਕੁਲਬੀਰ ਸਿੰਘ ਮੋਹਾਲੀ, ਪਰਮਜੀਤ ਸਿੰਘ ਚੰਦਬਾਜਾ, ਕਾ. ਜਗਦੀਸ਼ ਚੰਦ ਦੇ ਨਾਲ ਪੰਜਾਬ ਭਰ ਤੋਂ ਆਏ ਗੰਨਮੈਨ ਤੇ ਗਾਰਡ