ਸਾਹਿਤ ਸਭਾ ਜਗਰਾਓਂ ( ਰਜਿ. ) ਵੱਲੋਂ ਕਹਾਣੀ ਸੰਗ੍ਰਹਿ ਉਪਰ ਵਿਚਾਰ ਚਰਚਾ ਕਰਵਾਈ ਗਈ 

ਜਗਰਾਉਂ 22 ਨਵੰਬਰ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓ ( ਰਜਿ. ) ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਸਰਪ੍ਰਸਤੀ ਤੇ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਸਭ ਤੋਂ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੁਖਮਿੰਦਰ ਰਾਮਪੁਰੀ, ਦਰਸ਼ਨ ਬੁੱਟਰ ਦੀ ਪਤਨੀ ਹਰਮਿੰਦਰ ਕੌਰ ਤੇ ਈਸ਼ਰ ਸਿੰਘ ਮੌਜੀ ਦੀ ਪਤਨੀ ਸੁਰਜੀਤ ਕੌਰ ਨੂੰ  ਦੋ ਮਿੰਟ ਦਾ ਮੋਨ ਰੱਕ ਕੇ ਸ਼ਰਧਾਂਜਲੀ ਭੇਟ ਕੀਤੀ ਗਈ  ਜਿਸ ਵਿੱਚ ਸਭਾ ਦੇ  ਸੀਨੀਅਰ ਸਾਹਿਤਕਾਰ ਤੇ ਖਜਾਨਚੀ ਹਰਬੰਸ ਸਿੰਘ ਅਖਾੜਾ ਦੇ ਕਹਾਣੀ ਸੰਗ੍ਰਿਹ “ ਆਂਦਰਾਂ ਦਾ ਸੇਕ “ ਉੱਪਰ ਵਿਚਾਰ ਚਰਚਾ ਕਰਵਾਈ ਗਈ । ਜਿਸ ਬਾਰੇ ਪੇਪਰ ਡਾਕਟਰ ਸੁਰਜੀਤ ਦੌਧਰ ਵੱਲੋਂ ਪੜ੍ਹਿਆ ਗਿਆ । ਉਹਨਾ ਆਂਦਰਾਂ ਦਾ ਸੇਕ ਵਿਚਲੀਆਂ ਕਹਾਣੀਆਂ ਬਾਰੇ ਖੁਲ੍ਹ ਕੇ ਗੱਲਾ ਕੀਤੀਆਂ । ਉਹਨਾ ਕਿਹਾ ਸਾਡੀਆਂ ਬਾਤਾਂ ਤੋਂ ਕਹਾਣੀ ਦਾ ਮੁੱਢ ਬੱਝਦਾ ਹੈ ਫਿਰ ਸਾਡੀਆਂ ਸਾਖੀਆਂ ਵੀ ਕਹਾਣੀ ਦਾ ਰੂਪ ਹੀ ਹਨ ।
ਉਹਨਾ ਹਰਬੰਸ ਅਖਾੜਾ ਦੀ ਸਿਰਜਣ ਪ੍ਰਕਿਰਿਆ ਤੇ ਕਹਾਣੀਆਂ ਬਾਰੇ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ । ਉਹਨਾ ਕਿਹਾ ਅਖਾੜਾ ਦੀ ਕਹਾਣੀ ਸਾਡੇ ਤੋਂ ਹੁੰਘਾਰਾ ਭਰਾਉਂਦੀ ਹੈ । ਪਾਠਕ ਨੂੰ ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ । ਅਖਾੜਾ ਉਦਾਸ ਹੁੰਦਾ ਹੈ ਪਰ ਨਿਰਾਸ਼ ਨਹੀਂ ਹੁੰਦਾ , ਉਹ ਆਸ਼ਾਵਾਦੀ ਹੈ ਅਵਤਾਰ ਜਗਰਾਓਂ ਨੇ ਕਹਾਣੀਆਂ ਬਾਰੇ ਬੋਲਦਿਆਂ ਕਿਹਾ ਕਿ ਕਹਾਣੀ ਸਿਰਫ ਕੰਨ ਰਸਲ ਲਈ ਨਹੀਂ ਹੁੰਦੀ ਕਹਾਣੀ ਕਿਉਂ ਉਪਜੀ ਉਸ ਪਿੱਛੇ ਯਥਾਰਥ ਕੀ ਹੈ  ਇਹ ਜ਼ਰੂਰੀ ਹੈ । ਕਹਾਣੀ ਦਾ  ਸਮਾਜ ਲਈ ਕੋਈ ਨਾ ਕੋਈ ਸੁਨੇਹਾ ਹੋਣਾ ਚਾਹੀਦਾ ਹੈ ।
ਹਰਚੰਦ ਗਿੱਲ ਨੇ ਅਖਾੜਾ ਸਾਹਿਬ ਦੇ ਜੀਵਨ ਦੇ ਬਾਰੇ ਗੱਲ ਕੀਤੀ । ਉਹਨਾ ਕਿਹਾ ਅਖਾੜਾ ਸਾਹਿਬ ਦੀਆਂ ਕਹਾਣੀਆਂ ਯਥਾਰਥ ਦੇ ਨੇੜੇ ਹਨ । ਪਾਠਕ ਨੂੰ ਮਹਿਸੂਸ ਹੁੰਦਾ ਹੈ ਇਹ ਤਾਂ  ਮੇਰੀ ਕਹਾਣੀ ਹੈ ।
ਐਚ ਐਸ ਡਿੰਪਲ ਨੇ ਗੱਲ ਕਰਦਿਆਂ ਕਿਹਾ ਕਿ ਕਹਾਣੀਕਾਰ ਆਲੋਚਕ ਤੋਂ ਵੱਡਾ ਹੁੰਦਾ ਹੈ । ਕਹਾਣੀਕਾਰ ਨੇ ਕਹਾਣੀ ਸਮੁੱਚ ਵਿੱਚ ਪੇਸ਼ ਕਰਨੀ ਹੁੰਦੀ ਹੈ । ਆਲੋਚਕ ਨੇ ਉਸ ਕਹਾਣੀ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ । ਉਹ ਸਿਰਜਕ ਨਹੀਂ ਹੋ ਸਕਦਾ । ਲੇਖਕ ਆਪਣੇ ਨਿੱਜੀ ਤਜਰਬੇ ਤੇ ਆਲੇ ਦੁਆਲੇ ਨੂੰ ਆਪਣੀ ਰਚਨਾ ਵਿੱਚ ਆਪਣੀ ਸਮਰੱਥਾ ਮੁਤਾਬਿਕ ਪੇਸ਼ ਕਰਦਾ ਹੈ ।  ਹਰਬੰਸ ਅਖਾੜਾ ਦੀਆਂ ਗੱਲਾਂ ਬਾਤਾਂ ਵਿੱਚ ਹੀ ਕਹਾਣੀ ਹੈ । ਸਮਾਜ ਵਿਚ ਵਾਪਰਦੀਆ ਪ੍ਰਸਥਿਤੀਆਂ ਨੂੰ ਪਕੜਨਾ ਤੇ ਉਸਨਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰਨਾ ਹੁੰਦਾ ਸਗੋਂ ਆਪਣੀ ਸੋਚ ਤੇ ਸਮਰੱਥਾ ਅਨੁਸਾਰ ਕਲਾਤਮਿਕਤਾ ਰਾਹੀਂ ਪਾਠਕਾਂ ਅੱਗੇ ਪੇਸ਼ ਪ੍ਰਦਾਨ ਕਰਨੀ ਹੁੰਦੀ ਹੈ । ਹਰਬੰਸ ਸਿੰਘ ਅਖਾੜਾ  ਆਪਣੀਆਂ ਕਹਾਣੀਆਂ ਵਿੱਚ ਵਹਿਮ ਭਰਮ ਭਰਪੂਰ ਮਿੱਥਾਂ ਨੂੰ ਤੋੜਦਾ ਹੈ ।
ਉਹਨਾ ਕਿਹਾ ਸੰਘਰਸ਼ ਨੂੰ ਜਿੱਤ ਦੀ ਕੁੰਜੀ ਮੰਨਦਾ ਹੈ ਹਰਬੰਸ ਅਖਾੜਾ । ਉਹਨਾ ਹਰਬੰਸ ਅਖਾੜਾ ਨੂੰ “ਆਂਦਰਾ ਦਾ ਸੇਕ” ਲਈ ਵਧਾਈ ਦਿੱਤੀ ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਨੇ ਅਖਾੜਾ ਸਾਹਿਬ ਦੇ ਸਾਹਤਿਕ ਸਫਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਡਾ. ਸੁਰਜੀਤ ਦੌਧਰ ਵੱਲੋਂ ਪੜ੍ਹੇ ਗਏ ਪੇਪਰ ਬਾਰੇ ਉਹਨਾ ਕਿਹਾ ਕਿ ਬਿਨਾ ਕਿਸੇ ਵਿਦਵਦਤਾ ਦੇ ਵਿਖਾਵੇ ਤੋਂ ਬਿਲਕੁਲ ਸਰਲ ਭਾਸ਼ਾ ਵਿੱਚ  ਬਹੁਤ ਹੀ ਸ਼ਾਨਦਾਰ ਪੇਪਰ ਪੜ੍ਹਿਆ ਗਿਆ ਤੇ  ਆਏ ਹੋਏ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ । 
ਇਸ ਮੌਕੇ ਗੁਰਜੀਤ ਸਹੋਤਾ, ਅਵਤਾਰ ਜਗਰਾਓਂ, ਹਰਕੋਮਲ ਬਰਿਆਰ,  ਭੁਪਿੰਦਰ ਧਾਲੀਵਾਲ, ਹਰਚੰਦ ਗਿੱਲ,  ਐਚ ਐਸ ਡਿੰਪਲ, ਅਰਸ਼ਦੀਪ ਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਡਾ. ਸਾਧੂ ਸਿੰਘ, ਡਾ. ਦਿਲਬਾਗ ਸਿੰਘ,ਰਵਿੰਦਰ ਅਨਾੜੀ,  ਮਹਿੰਦਰ ਸਿੰਘ ਰੂੰਮੀ,   ਹਰਪ੍ਰੀਤ ਅਖਾੜਾ, ਦਵਿੰਦਰਜੀਤ ਬੁਜ਼ੁਰਗ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ ਹੋਰੀਂ ਹਾਜ਼ਿਰ ਸਨ ।