ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਨੌਜਵਾਨਾਂ ਵੱਲੋਂ ਸੰਭਾਲੀ ਗਈ

ਨਵੀਂ ਦਿੱਲੀ 17 ਨਵੰਬਰ ( ਗੁਰਸੇਵਕ ਸਿੰਘ ਸੋਹੀ )  ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਨੌਜਵਾਨਾਂ ਵੱਲੋਂ ਸੰਭਾਲੀ ਗਈ । ਸਟੇਜ ਤੋਂ  ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਆਗੂ ਗੁਰਪਾਲ ਸਿੰਘ ਦਿਉਣ ਅਤੇ  ਸੰਗਰੂਰ ਜ਼ਿਲ੍ਹੇ ਦੇ ਆਗੂ ਸੁਖਜਿੰਦਰ ਸਿੰਘ ਛਾਜਲੀ ਨੇ ਕਿਹਾ  ਕਿ  ਭਾਵੇਂ ਦੇਸ਼ ਦੇ ਹਾਕਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦੀ ਦੁਹਾਈ ਪਾ ਰਹੇ ਹਨ । ਲਾਂਘਾ ਖੁਲ੍ਹਵਾ ਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਭਾਜਪਾ ਹਕੂਮਤ  ਏਸ ਰਾਜਨੀਤੀ ਤਹਿਤ ਆਉਣ ਵਾਲੀਆਂ ਪੰਜ ਸੂਬਿਆਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ  ਪਰ  ਇਨ੍ਹਾਂ ਲੁਟੇਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਨੇ 1947 ਵਿੱਚ ਭਾਰਤ ਦੀ ਦੋ ਹਿੱਸਿਆਂ ਵਿੱਚ  ਵੰਡ  ਕਰਕੇ ਬਹੁਤ ਸਾਰੇ  ਸਿੱਖ ਅਤੇ ਹੋਰ ਧਰਮਾਂ ਦੇ ਇਤਿਹਾਸ ਨਾਲ ਸਬੰਧਤ ਧਾਰਮਿਕ ਸਥਾਨਾਂ ਦੇ ਦਰਸ਼ਨਾ ਤੋਂ ਵਾਂਝੇ ਕਰ ਦਿੱਤਾ ਇੱਥੇ ਭਰਾਵਾਂ ਵਾਂਗੂੰ ਵਸਦੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡ ਕੇ ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ  ਜਿਸ ਦੌਰਾਨ ਲੱਖਾਂ ਲੋਕਾਂ ਦਾ ਉਜਾੜਾ ਹੋਇਆ ਅਤੇ ਔਰਤਾਂ  ਦੀਆਂ ਇੱਜ਼ਤਾਂ ਲੁੱਟੀਆਂ ਗਈਆਂ  । ਇਸ ਸਾਰੇ ਵਰਤਾਰੇ ਦੀਆਂ ਜ਼ਿੰਮੇਵਾਰ  ਇਹ ਵੋਟ ਪਾਰਟੀਆਂ ਹੀ ਹਨ ।ਇਸ ਲਈ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸਾਲਾਂਬੱਧੀ ਮੋਰਚਿਆਂ ਨੇ ਇਹ ਸਾਰੀਆਂ  ਗੱਲਾਂ ਸਿੱਧ ਕਰ ਦਿੱਤੀਆਂ ਹਨ। ਸੋ ਹੁਣ ਭਾਰਤ ਦੇ ਕਿਰਤੀ ਲੋਕ ਕਦੇ ਵੀ ਏਦਾਂ ਦੇ ਇਹੋ ਜਿਹੇ ਝਾਂਸਿਆਂ ਵਿੱਚ ਨਹੀਂ ਆਉਣਗੇ  ।ਆਪਣਾ ਏਕਾ ਅਤੇ ਸੰਘਰਸ਼ ਇਸੇ ਤਰ੍ਹਾਂ ਹੀ ਪੂਰੇ ਸਿਆਣਪ ਅਤੇ ਸੂਝ ਨਾਲ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼  ਵਧਾਉਂਦੇ ਅਤੇ ਲੜਦੇ ਰਹਿਣਗੇ  ।
           ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਜੂ ਅਤੇ ਸੰਗਰੂਰ ਜ਼ਿਲ੍ਹੇ ਤੋਂ ਸੰਦੀਪ ਸਿੰਘ ਘਰਾਚੋਂ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਸਾਨੂੰ ਨੌਜਵਾਨਾਂ ਨੂੰ ਬਹੁਤ  ਕੁਝ ਸਿੱਖਣ ਲਈ ਮਿਲਿਆ ਹੈ ਜੋ ਕਿਸਾਨ ਆਗੂਆਂ ਦੀ ਪਿਛਲੇ ਲੰਮੇ ਸਮੇਂ ਦੀ ਘਾਲਣਾ ਦਾ ਸਰਮਾਇਆ ਹੈ  ਅਤੇ  ਨੌਜਵਾਨ ਇਸ ਤੋਂ ਸੇਧ ਲੈ ਕੇ ਆਪਣੇ ਇਰਾਦੇ ਅਤੇ ਚੇਤਨਾ ਨੂੰ ਵਧਾਉਂਦੇ ਹੋਏ  ਮੋਰਚਿਆਂ ਦੇ 26 ਨਵੰਬਰ  ਨੂੰ ਵਰੇ ਗੰਢ ਮੌਕੇ ਆਪਣੀ ਗਿਣਤੀ ਵਧਾਉਣ ਲਈ ਪੂਰੇ ਜੋਸ ਨਾਲ ਹੰਭਲਾ ਮਾਰਨਗੇ । ਉਨ੍ਹਾਂ ਕਿਹਾ ਕਿ ਸੈਂਕੜੇ ਸਾਲਾਂ ਤੋਂ ਕਿਰਤੀ ਲੋਕਾਂ ਦੀ  ਹੋ ਰਹੀ ਲੁੱਟ ਨੂੰ ਬੰਦ ਕਰਾਉਣ ਲਈ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ  ਉਨ੍ਹਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ  ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਤੱਕ ਸੰਘਰਸ਼ ਜਾਰੀ ਰਹੇਗਾ । ਅੱਜ ਸਟੇਜ ਸਕੱਤਰ ਦੀ ਭੂਮਿਕਾ  ਮਾਨਸਾ ਜ਼ਿਲ੍ਹੇ ਦੇ ਆਗੂ ਕੁਲਦੀਪ ਸਿੰਘ ਨੇ ਚਲਾਈ ਅਤੇ  ਸਟੇਜ ਤੋਂ  ਮੱਖਣ ਸਿੰਘ ਰਟੌਲਾਂ , ਜਗਸੀਰ ਸਿੰਘ ਜਵਾਹਰ ਕੇ ,ਹਰਪ੍ਰੀਤ ਸਿੰਘ  ਦਲ ਸਿੰਘ ਵਾਲਾ, ਗੁਰਪ੍ਰੀਤ ਕੌਰ ਬਰਾਸ ਅਤੇ  ਮਨੀ ਰੂੜੇਕੇ ਨੇ ਵੀ ਸੰਬੋਧਨ ਕੀਤਾ ।
ਜਾਰੀ ਕਰਤਾ ਜਸਵਿੰਦਰ ਸਿੰਘ ਲੌਂਗੋਵਾਲ 
ਮੋਬਾਇਲ ਨੰਬਰ 9877496808