ਪੰਜਾਬੀ ਸਿਨੇਮਾਂ ਖਿੱਤਾ ਹੋਵੇ ਜਾਂ ਫ਼ਿਰ ਪੰਜਾਬੀ ਸੰਗੀਤ ਜਗਤ ਦੋਨੋ ਖੇਤਰਾਂ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਦਾ ਮਾਣ ਹਾਸਿਲ ਕੀਤਾ ਹੈ , ਹੋਣਹਾਰ ਗਾਇਕ, ਅਦਾਕਾਰ ਐਮੀ ਵਿਰਕ ਨੇ । ਪੰਜਾਬ ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਹਰ ਪ੍ਰੋਜੈਕਟ ਅਤੇ ਨਿੱਜੀ ਜੀਵਨ ਦਾ ਹਿੱਸਾ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ । ਇਸ ਬਾਕਮਾਲ ਅਦਾਕਾਰ ਦੀ ਹਾਲੀਆਂ ਰਿਲੀਜ਼ ਫ਼ਿਲਮ ‘ਕਿਸਮਤ 2’ ਅੱਜਕਲ ਦੇਸ਼- ਵਿਦੇਸ਼ ਵਿਚ ਦਰਸ਼ਕਾਂ ਦਾ ਅਥਾਹ ਪਿਆਰ, ਸਨੇਹ ਅਤੇ ਸਫ਼ਲਤਾ ਹਾਸਿਲ ਕਰ ਰਹੀ ਹੈ। ਜਿਸ ਨਾਲ ਅੱਗੇ ਹੋਰ ਬੇਹਤਰੀਣ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਵਿਚ ਜੁਟ ਚੁੱਕੇ ਹਨ । ਇਸ ਉਮਦਾ ਗਾਇਕ, ਅਦਾਕਾਰ ਨਾਲ , ਉਨਾਂ ਦੀ ਨਵੀਂ ਰਿਲੀਜ਼ ਫ਼ਿਲਮ ਅਤੇ ਆਉਣ ਵਾਲੇ ਹੋਰਨਾਂ ਪ੍ਰੋਜੈਕਟਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੇ ਪੇਸ਼ ਹਨ ਸੰਖੇਪ੍ਹ ਅੰਸ਼ :-
ਸਵਾਲ :-‘ਕਿਸਮਤ 2’ ਨੂੰ ਦਰਸ਼ਕਾਂ ਦਾ ਚੁਫ਼ੇਰਿਓ ਪਿਆਰ, ਸਨੇਹ ਮਿਲ ਰਿਹਾ ਹੈ, ਕਿੱਦਾ ਦਾ ਮਹਿਸੂਸ ਕਰ ਰਹੇ ਹੋ , ਇਸ ਇਕ ਹੋਰ ਵੱਡੀ ਸਫ਼ਲਤਾ ਤੋਂ ਬਾਅਦ ?
ਐਮੀ ਵਿਰਕ:- ਇਸ ਖ਼ੁਸ਼ੀ ਨੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ , ਹਾਲਾਕਿ ਸ਼ੂਟਿੰਗ ਤੋਂ ਲੈ ਕੇ ਰਿਲੀਜ਼ ਤੱਕ ਮੇਰੇ ਸਮੇਤ ਪੂਰੀ ਟੀਮ ਦੇ ਮਨ੍ਹਾਂ ਵਿਚ, ਦਰਸ਼ਕਾਂ ਦੀ ਕਸੌਟੀ ਤੇ ਖਰਾ ਉਤਰਣ ਦਾ ਪੂਰਾ ਪ੍ਰੈਸ਼ਰ ਸੀ , ਜਿਸ ਨੂੰ ਭਾਂਪਦਿਆਂ ਹਰ ਪ੍ਰੋਜੈਕਟ ਦੀ ਤਰ੍ਹਾਂ, ਅਸਾਂ ਸਾਰਿਆਂ ਨੇ ਜੀਅ ਜਾਨ ਨਾਲ ਮਿਹਨਤ ਕੀਤੀ , ਉਸ ਜਨੂੰਨੀਅਤ ਅਤੇ ਕੀਤੇ ਦਿਨ ਰਾਤ ਇਕ ਦੀ ਹੌਸਲਾ ਅਫ਼ਜਾਈ ਕਰਕੇ ਚਾਹੁਣ ਵਾਲਿਆਂ ਨੇ ਅੱਗੇ ਸਾਡੀਆਂ ਉਨ੍ਹਾਂ ਪ੍ਰਤੀ ਜਿੰਮੇਵਾਰੀਆਂ ਹੋਰ ਵਧਾ ਦਿੱਤੀਆਂ ਹਨ।
ਸਵਾਲ :- ਪਹਿਲੀ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ , ਇਸ ਦੂਸਰੇ ਫ਼ਿਲਮ ਸੀਕਵੇਲ ਨੂੰ ਹੋਰ ਵਿਲੱਖਣ ਸਿਨੇਮਾਂ ਢਾਂਚੇ ਵਿਚ ਢਾਲਣ ਲਈ ਕੀਤੇ ਖਾਸ ਉਪਰਾਲੇ , ਅਮਲ ਵਿਚ ਲਿਆਂਦੇ ਗਏੇ ?
ਐਮੀ ਵਿਰਕ :- ਫ਼ਿਲਮ ਦੇ ਮਿਊਜ਼ਿਕ ਨੂੰ , ਮਨ ਨੂੰ ਮੋਹ ਲੈਣ ਵਾਲਾ ਬਣਾਉਣ ਲਈ , ਜਿੱਥੇ ਮਿਊਜ਼ਿਕ ਡਾਇਰੈਕਟਰ ਵੱਲੋਂ ਪੂਰਾ ਟਿੱਲ ਲਾਇਆ ਗਿਆ। ਉਥੇ ਕਹਾਣੀ, ਸਕਰੀਨ ਪਲੇ ਨੂੰ ਵੀ ਭਾਵਪੂਰਨ ਅਤੇ ਨਿਵੇਕਲਾ ਜਾਮਾ ਪਹਿਨਾਉਣ ਲਈ ਖਾਸੇ ਤਰੱਦਦ ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਕੀਤੇ ਗਏ , ਜਿਸ ਤੋਂ ਇਲਾਵਾ ਲੋਕੇਸ਼ਨ ਵਾਈਜ਼ ਵੀ ਫ਼ਿਲਮ ਨੂੰ ਸ਼ਾਨਦਾਰ ਬਣਾਉਣਾ, ਸਾਡੀ ਪੂਰੀ ਟੀਮ ਦੀ ਵਿਸ਼ੇਸ਼ ਪਹਿਲਕਦਮੀ ਰਹੀ, ਜਿਸ ਨਾਲ ਫ਼ਿਲਮ ਦੇ ਹਰ ਪੱਖ ਨੂੰ ਜੋ ਤਰੋਤਾਜ਼ਗੀ ਮਿਲੀ, ਉਹ ਦਰਸ਼ਕਾਂ ਨੂੰ ਭਾ ਰਹੀ ਹੈ ।
ਸਵਾਲ:- ਕਿਸੇ ਵੀ ਫ਼ਿਲਮ ਨੂੰ ਸਵੀਕਾਰ ਕਰਨ ਤੋਂ ਪਹਿਲਾ , ਕਿੰਨਾਂ ਗੱਲ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋ, ਕਿਰਦਾਰ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਸੈੱਟਅੱਪ ?
ਐਮੀ ਵਿਰਕ:- ਕਿਰਦਾਰ, ਸੈੱਟਅੱਪ ਤੋਂ ਪਹਿਲਾ , ਜਿਸ ਪਹਿਲੇ ਪੁਆਇੰਟ ਤੇ ਫ਼ੋਕਸ ਕਰਦਾ ਹਾਂ, ਉਹ ਹੈ ਸਕ੍ਰਿਪਟ , ਇੱਥੇ ਇਹ ਵੀ ਇੰਮਪੋਰਟ ਨਹੀਂ ਹੁੰਦਾ ਮੇਰੇ ਲਈ ਕਿ ਲਿਖਣ ਵਾਲਾ ਨਾਮਵਰ ਹੀ ਹੋਵੇ, ਪਰ ਉਸ ਨੇ ਕੀ ਲਿਖਿਆ ਹੈ, ਇਹ ਜਾਂਚਣਾ ਬਹੁਤ ਜਰੂਰੀ ਹੁੰਦਾ ਹੈ , ਮੇਰੇ ਲਈ , ਕਿਉਂਕਿ ਕਹਾਣੀ, ਸਕਰੀਨ ਪਲੇ ਕਿਸੇ ਵੀ ਫ਼ਿਲਮ ਲਈ ਰੀੜ ਦੀ ਹੱਡੀ ਵਾਂਗ ਹੈ , ਜੋ ਦਰੁਸਤ ਨਹੀਂ ਹੋਵੇਗੀ ਤਾਂ ਫ਼ਿਰ ਸਰੀਰ ਵਾਂਗ ਫ਼ਿਲਮ ਨੂੰ ਵੀ ਸਹੀ ਅਕਾਰ ਵਿਚ ਨਹੀਂ ਢਾਲਿਆ ਜਾ ਸਕਦਾ।
ਸਵਾਲ:-ਪਹਿਲੀ ਫ਼ਿਲਮ ਤੋਂ ਲੈ ਕੇ , ਹੁਣ ਤੱਕ ਦੇ ਸਫ਼ਰ ਨੂੰ ਆਪਣੀ ਸੋਚ ਅਨੁਸਾਰ ਕਿੱਦਾ ਆਂਕਦੇ ਹੋ ?
ਐਮੀ ਵਿਰਕ:- ਬਹੁਤ ਹੀ ਸ਼ਾਨਦਾਰ ਅਹਿਸਾਸ ਦੀ ਤਰ੍ਹਾਂ ਰਿਹਾ ਹੈ ‘ਅੰਗਰੇਜ਼’ ਤੋਂ ਲੈ ਕੇ ‘ਕਿਸਮਤ 2’ ਦਾ ਇਹ ਪੈਂਡਾ , ਪਹਿਲੀ ਫ਼ਿਲਮ ਵਿਚ ਗ੍ਰੇ ਸ਼ੇਡ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ, ਜਿਸ ਨੂੰ ਦਰਸ਼ਕਾਂ ਪਸੰਦ ਕੀਤਾ ਅਤੇ ਹੁਣ ਤੱਕ ਜੋ ਏਜ਼ ਹੀਰੋ ਏਨੀਆਂ ਫ਼ਿਲਮਾਂ ਕੀਤੀਆਂ, ਉਨ੍ਹਾਂ ਨੂੰ ਵੀ ਮਣਾਂਮੂੰਹੀ ਸਰਾਹਣਾ ਮਿਲੀ , ਇਸ ਤੋਂ ਵੱਧ 'ਖੁਸ਼ੀ ਅਤੇ ਸਫ਼ਲਤਾ' , ਮੇਰੇ ਜਿਹੇ ਨਿਮਾਣੇ ਕਲਾਕਾਰ ਲਈ ਕੀ ਹੋ ਸਕਦੀ ਹੈ। ਸੋ ਸ਼ੁਕਰਗੁਜ਼ਾਰ ਕਰਦਾ ਹਾਂ ,ਆਪਣੇ ਚਾਹੁਣ ਵਾਲਿਆਂ ਦਾ, ਜੋ ਚਾਹੇ ਗੀਤ ਹੋਵੇ ਜਾਂ ਫਿਰ ਫ਼ਿਲਮ , ਦੋਨਾਂ ਨੂੰ ਰੱਜਵਾਂ ਪਿਆਰ ਬਖਸ਼ ਰਹੇ।
ਸਵਾਲ:- ਸਾਲ 2016 ਵਿਚ , ਤੁਹਾਡੇ ਵੱਲੋਂ ਮੋਜੂਦਾ ਕਿਸਾਨੀ ਹਾਲਾਤਾਂ ਦੀਆਂ ਤਰਸਯੋਗ ਸਥਿੱਤੀਆਂ ਬਿਆਨ ਕਰਦਾ ਗੀਤ ‘ਖਤ’ ਰਿਲੀਜ਼ ਕੀਤਾ ਗਿਆ। ਜਿਸ ਨੂੰ ਕਾਫ਼ੀ ਸਲਾਹੁਤਾ ਵੀ ਮਿਲੀ, ਪਰ ਉਸ ਉਪਰੰਤ ਇਸ ਤਰ੍ਹਾਂ ਦੇ ਭਾਵਪੂਰਨ ਅਤੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ , ਗੀਤਾਂ ਦੀ ਕਮੀ ਸੂਝਵਾਨ ਸਰੋਤੇ ਅਤੇ ਦਰਸ਼ਕ ਵਰਗ ਮਹਿਸੂਸ ਕਰ ਰਿਹਾ ਤੁਹਾਡੇ ਪਾਸਿਓ ?
ਐਮੀ ਵਿਰਕ:- ਮੰਨਦਾ ਹਾਂ , ਕਿ ਫ਼ਿਲਮ ਕਰਿਅਰ ਦੇ ਰੁਝੇਵਿਆਂ ਭਰੇ ਸ਼ਡਿਊਲ ਦੇ ਚਲਦਿਆਂ , ਐਸਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ , ਪਰ ਖੁਦ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹਾਂ, ਇਸ ਲਈ 'ਕਿਸਾਨ ਅਤੇ ਕਿਸਾਨੀ' ਲਈ ਹਮੇਸ਼ਾ ਖੜ੍ਹਾ ਰਿਹਾ ਹਾਂ ਅਤੇ ਖੜ੍ਹਾ ਰਹਾਗਾਂ। ਫ਼ਿਲਮੀ ਰੁਝੇਵਿਆਂ ਤੋਂ ਫੁਰਸਤ ਮਿਲਦਿਆਂ , ਹੁਣ ਜਲਦੀ ਹੀ ਇਸ ਦਿਸ਼ਾ ਵਿਚ ਕੁਝ ਖਾਸ ਕਰਨਾ ਮੇਰੀ ਵਿਸ਼ੇਸ਼ ਪਹਿਲਕਦਮੀ ਰਹੇਗੀ ।
ਸਵਾਲ:- ਤੁਹਾਡੀਆਂ ਹੁਣ ਤੱਕ ਦੀਆਂ ਪੰਜਾਬੀ ਫ਼ਿਲਮਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ, ਨਜ਼ਰੀ ਪੈਂਦਾ ਹੈ ਕਿ ਤੁਸੀ ਕੁਝ ਕੁ ਹੀ ਚੋਣਵੇ ਨਿਰਮਾਤਾਵਾਂ, ਨਿਰਦੇਸ਼ਕਾਂ, ਪ੍ਰੋਡੋਕਸ਼ਨ ਹਾਊਸਜ਼ ਨਾਲ ਜਿਆਦਾ ਕੰਮ ਕਰਦੇ ਹੋ, ਇਸ ਤਰ੍ਹਾਂ ਦੇ ਸੀਮਿਤ ਦਾਇਰੇ ਵਿਚ ਆਪਣੇ ਆਪ ਨੂੰ ਰੱਖਣ ਦਾ ਕੋਈ ਖਾਸ ਕਾਰਣ ?
ਐਮੀ ਵਿਰਕ:- ਅਜਿਹਾ ਬਿਲਕੁਲ ਨਹੀਂ ਹੈ ਕਿ , ਮੈਂ ਕੇਵਲ ਵੱਡੇ ਨਿਰਮਾਤਾਵਾਂ, ਨਿਰਦੇਸ਼ਕਾਂ ਜਾਂ ਫ਼ਿਰ ਪ੍ਰੋਡੋਕਸ਼ਨ ਹਾਊਸਜ਼ ਨੂੰ ਹੀ ਤਰਜ਼ੀਹ ਦਿੰਦਾ ਹਾਂ, ਮੇਰੇ ਲਈ ਹਰ ਟੈਲੇਂਟਡ ਪਰਸ਼ਨ ਚਾਹੇ , ਉਹ ਨਵਾਂ ਹੀ ਕਿਉਂ ਨਾ ਹੋਵੇ , ਮਹੱਤਵ ਰੱਖਦਾ ਰਿਹਾ ਹੈ ਅਤੇ ਰੱਖਦਾ ਰਹੇਗਾ । ਇਸ ਨੂੰ ਕੇਵਲ ਇਤਫ਼ਾਕ ਹੀ ਕਹਾਗਾਂ ਕਿ ਜੇਕਰ ਕੁਝ ਫ਼ਿਲਮਜ਼ ਦੀ ਲੜ੍ਹੀ ਹਿੱਟ ਰਹੀ ਤਾਂ ਇੰਨ੍ਹਾਂ ਲੇਖਕਾਂ, ਨਿਰਦੇਸ਼ਕਾਂ ਨਾਲ ਜੁੜਾਵ ਕੁਝ ਵੱਧ ਨਜ਼ਰ ਆ ਰਿਹਾ ਹੈ , ਪਰ ਕਿਸੇ ਨੂੰ ਪ੍ਰਤਿਭਾਵਾਨ ਲੇਖਕ, ਨਿਰਦੇਸ਼ਕ ਜਾਂ ਨਿਰਮਾਤਾ ਨੂੰ ਨਜ਼ਰਅੰਦਾਜ਼ ਕਰਨਾ ,ਮੇਰੇ ਸੁਭਾਅ ਜਾਂ ਵਿਅਕਤੀਤਵ ਦਾ ਹਿੱਸਾ ਕਦੇ ਵੀ ਨਹੀਂ ਰਿਹਾ , ਨਾ ਕਦੇ ਅਜਿਹਾ ਹੋਵੇਗਾ।
ਸਵਾਲ:- ‘ਭੁੱਜ ਦਾ ਪ੍ਰਾਈਡ ਆਫ਼ ਇੰਡੀਆਂ’ ਵਿਚਲੇ ਤੁਹਾਡੇ ਅਭਿਨੈ ਨੂੰ ਦਰਸ਼ਕਾਂ ਦੇ ਨਾਲ ਨਾਲ ਬਾਲੀਵੁੱਡ ਹਸਤੀਆਂ ਵੱਲੋਂ ਕਾਫ਼ੀ ਸਰਾਹਿਆਂ ਗਿਆ , ਬਾਲੀਵੁੱਡ ਸਿਨੇਮਾਂ ਪਰਦੇ ਤੇ ਅੱਗੇ ਕਦ ਦਰਸ਼ਕ ਤੁਹਾਨੂੰ ਵੇਖ ਸਕਣਗੇ ?
ਐਮੀ ਵਿਰਕ:- ਮਾਇਆਨਗਰੀ ਦੇ ਬੇਹਤਰੀਣ ਨਿਰਦੇਸ਼ਕ ਵਜੋਂ ਜਾਂਣੇ ਜਾਂਦੇ , ਨਿਰਦੇਸ਼ਕ ਕਬੀਰ ਖ਼ਾਨ ਦੀ ਅਪਕਮਿੰਗ ਰਿਲੀਜ਼ ‘83’ ਵਿਚ , ਜਿਸ ਵਿਚ ਕ੍ਰਿਕਟ ਜਗਤ ਦੇ ਉਮਦਾ ਖ਼ਿਡਾਰੀ ਰਹੇ ਅਤੇ ਮਹਾਨ ਖ਼ੇਡ ਸਖ਼ਸੀਅਤ ਮੰਨੇ ਜਾਂਦੇ , 'ਬਲਵਿੰਦਰ ਸਿੰਘ ਸੰਧੂ' ਦੇ ਕਿਰਦਾਰ ਵਿਚ ਨਜ਼ਰ ਆਵਾਂਗਾ। ਮੇਰੇ ਅਭਿਨੈ ਸਫ਼ਰ ਦਾ ਬਹੁਤ ਹੀ ਨਾਯਾਬ ਤਜ਼ੁਰਬਾ ਰਹੀ ਹੈ। ਇਹ ਫ਼ਿਲਮ, ਜਿਸ ਵਿਚ ਰਣਬੀਰ ਸਿੰਘ, ਦੀਪਿਕਾ ਪਾਦੁਕੋਣ ਆਦਿ ਜਿਹੀਆਂ ਮੰਨੀਆਂ, ਪ੍ਰਮੰਨੀਆਂ ਅਤੇ ਜ਼ਹੀਨ ਸਿਨੇਮਾਂ ਹਸਤੀਆਂ ਨਾਲ ਕੰਮ ਕਰਨਾ ਬੇਹੱਦ ਯਾਦਗਾਰੀ ਰਿਹਾ।
ਸਵਾਲ:- ਆਗਾਮੀ ਸਿਨੇਮਾਂ ਯੋਜਨਾਵਾਂ ਅਤੇ ਰਿਲੀਜ਼ ਹੋਣ ਵਾਲੀਆਂ ਫ਼ਿਲਮਜ਼ ?
ਐਮੀ ਵਿਰਕ :- ਆਪਣੇ ਘਰੇਲੂ ਬੈਨਰਜ਼ ‘ਐਮੀ ਵਿਰਕ ਪ੍ਰੋਡੋਕਸ਼ਨ’ ਅਧੀਨ ਪੰਜਾਬੀ ਸਿਨੇਮਾਂ ਲਈ ਹੋਰ ਨਿਵੇਕਲੀਆਂ ਅਤੇ ਮਾਣ ਭਰੀਆਂ ਸਿਨੇਮਾਂ ਸਿਰਜਨਾਵਾਂ ਨੂੰ ਅੰਜ਼ਾਮ ਦੇਣ ਵੱਲ ਵਿਸ਼ੇਸ਼ ਤਵੱਜੋ ਦੇ ਰਿਹਾ ਹਾਂ, ਜਿਸ ਅਧੀਨ ਅਜੋਕੀ ਨੌਜਵਾਨੀ ਪੀੜ੍ਹੀ ਦੀ ਗਲਤ ਤਰੀਕਿਆਂ ਦੁਆਰਾ ਵਿਦੇਸ਼ ਜਾਣ ਦੀ ਤਾਂਘ ਬਿਆਨ ਕਰਦੀ ‘ਆਜ਼ਾ ਮੈਕਸੀਕੋ ਚੱਲੀਏ’ ਦਾ ਨਿਰਮਾਣ ਕਰ ਰਿਹਾ ਹਾਂ, ਜਿਸ ਤੋਂ ਇਲਾਵਾ ‘ਸ਼ੇਰ ਬੱਗਾ‘ , ‘ਸ਼ੋਕਣ-ਸ਼ੋਕਣੇ' ਵੀ ਜਲਦ ਦਰਸ਼ਕਾਂ ਸਨਮੁੱਖ ਹੋਣ ਜਾ ਰਹੀਆਂ ਹਨ।
ਸ਼ਿਵਨਾਥ ਦਰਦੀ
ਸੰਪਰਕ :- 9855155392