You are here

ਹੈਰੋਇਨ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ 

ਜਗਰਾਓਂ 23 ਅਕਤੂਬਰ (ਅਮਿਤ ਖੰਨਾ):ਸੀਆਈਏ ਸਟਾਫ ਨੇ ਇਲਾਕੇ ਚ ਨਸ਼ਈਆਂ ਨੂੰ ਹੈਰੋਇਨ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਡੁਬਈ ਚ ਹੈਰੋਇਨ ਸਪਲਾਈ ਕਰਦੇ ਫੜ੍ਹੇ ਜਾਣ ਤੋਂ ਬਾਅਦ ਜ਼ੇਲ੍ਹ ਕੱਟ ਕੇ ਇੰਡੀਆ ਆ ਕੇ ਜਗਰਾਓਂ ਚ ਦੂਸਰੇ ਸਾਥੀ ਨਾਲ ਹੈਰੋਇਨ ਤਸਕਰੀ ਦਾ ਕੰਮ ਕਰਨ ਲੱਗਾ। ਇਸ ਸਬੰਧੀ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਸਖਤੀ ਤਹਿਤ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿੰਘ ਦੀ ਜੇਰੇ ਨਿਗਰਾਨੀ ਹੇਠ ਸਬ ਇੰਸਪੈਕਟਰ ਕੁਲਵਿੰਦਰ ਸਿੰਘ, ਸਬ-ਇੰਸਪੈਕਟਰ ਜਨਕ ਰਾਜ ਤੇ ਏਐੱਸਆਈ ਮਨਜੀਤ ਕੁਮਾਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਸਥਾਨਕ ਲੰਡੇ ਫਾਟਕ ਜਗਰਾਓਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੇ ਪੁਲਿਸ ਨੇ ਦਲਜੀਤ ਸਿੰਘ ਉਰਫ ਗੋਲੂ ਤੇ ਅਵਤਾਰ ਸਿੰਘ ਉਰਫ ਮਤਾਰੀ ਵਾਸੀਆਨ ਕੋਠੇ ਸ਼ੇਰ ਜੰਗ ਨੂੰ ਗਿ੍ਫਤਾਰ ਕਰ ਲਿਆ। ਉਨ੍ਹਾਂ ਦੱਸਿਆ ਅਵਤਾਰ ਸਿੰਘ ਪਹਿਲਾਂ ਡੁਬਈ ਰਹਿੰਦਾ ਸੀ, ਉਥੇ ਵੀ ਉਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਡੁਬਈ 'ਚ ਜ਼ੇਲ੍ਹ ਕੱਟ ਕੇ ਆਇਆ ਹੈ। ਇਹ ਦੋਵੇਂ ਜਗਰਾਓਂ ਦੇ ਸ਼ਹਿਰੀ ਇਲਾਕੇ ਚ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਹਨ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।