ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਨੂੰ ਕੀਤਾ ਗਿਆ ਯਾਦ
ਡਾ ਸਵੈਮਾਨ ਸਿੰਘ ਅਮਰੀਕਾ ਅਤੇ ਮਨਜੀਤ ਸਿੰਘ ਧਨੇਰ ਦਾ ਮਾਣ ਸਨਮਾਨ ਵੀ ਕੀਤਾ ਗਿਆ
ਜਗਰਾਉਂ 16 ਅਕਤੂਬਰ ( ਗੁਰਕੀਰਤ ਜਗਰਾਉਂ ਅਤੇ ਪੱਪੂ ) ਅੱਜ ਗਦਰ ਲਹਿਰ ਦੇ ਸ਼ਹੀਦ ਉਤਮ ਸਿੰਘ ਹਾਂਸ ਇਤਿਹਾਸਕ ਪਿੰਡ ਹਾਂਸ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਵਲੋਂ ਵਿਸ਼ਾਲ ਕਿਸਾਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਸਭ ਤੋਂ ਪਹਿਲਾਂ ਸਮੂਹ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਮਹਾਨ ਕਿਸਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਤੇ ਅਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਇਪਟਾ ਮੋਗਾ ਦੀ ਟੀਮ ਨੇ ਪ੍ਰਸਿੱਧ ਨਾਟਕ "ਡਰਨਾ" ਰਾਹੀਂ ਕਿਸਾਨ ਸੰਘਰਸ਼ ਦੇ ਵਖ ਵਖ ਮੁੱਦਿਆਂ ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਿਹਤਰੀਨ ਅਦਾਕਾਰੀ ਰਾਹੀਂ ਲੋਕਾਂ ਦਾ ਮਨ ਮੋਹ ਲਿਆ। ਇਸ ਸਮੇਂ ਅਪਣੇ ਸੰਬੋਧਨ ਚ ਓਘੇ ਰੰਗਕਰਮੀ ਸੁਰਿੰਦਰ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਬੋਲਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਜੇਕਰ ਗਿਆਰਾਂ ਮਹੀਨੇ ਲੰਘ ਜਾਣ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਨਾ ਕਰਕੇ ਦੇਸ਼ ਦੇ ਅੰਨਦਾਤਾ ਦਾ ਸਬਰ ਪਰਖਿਆ ਹੈ। ਉਨਾ ਕਿਹਾ" ਕਿ ਤੂੰ ਪਰਖ ਜਾਬਰਾ ਵੇ ਸਾਡਾ ਸਬਰ ਤੈਨੂੰ ਲਲਕਾਰੇ" ਉਨਾਂ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਜਿਸ ਸਬਰ, ਸੰਜਮ ਅਤੇ ਨਿਰਮਾਣਤਾ ਦਾ ਮੁਜਾਹਰਾ ਕੀਤਾ ਹੈ ਓਸ ਨੇ ਭਾਜਪਾ ਹਕੂਮਤ ਤੇ ਕਾਰਪੋਰੇਟਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਪੰਜਾਬ ਨੂੰ ਇਕ ਹੋਰ ਕਾਲੇ ਕਾਨੂੰਨ ਰਾਹੀਂ ਕੇਂਦਰਸਾਸ਼ਿਤ ਪ੍ਰਦੇਸ਼ ਬਣਾ ਦਿੱਤਾ ਹੈ। ਬੀ ਐਸ ਐਫ ਰਾਹੀਂ ਪੰਜਾਬ ਨੂੰ ਅਪਣੇ ਕੰਟਰੋਲ ਹੇਠ ਕਰ ਲਿਆ ਹੈ ਤਾਂਕਿ ਲੋਕ ਸੰਘਰਸ਼ਾਂ ਨੂੰ ਬੰਦੂਕ ਦੇ ਜੋਰ ਦਬਾਇਆ ਜਾ ਸਕੇ। ਡਾ ਸਵੈਮਾਨ ਸਿੰਘ ਨੇ ਅਪਣੇ ਸੰਬੋਧਨ ਚ ਕਿਹਾ ਕਿ ਜੇਕਰ ਉਹ ਪਹਿਲੇ ਦਿਨ ਤੋਂ ਸੰਘਰਸ਼ ਨਾਲ ਜੁੜਿਆ ਹੋਇਆ ਹੈ ਕਿਓਂਕਿ ਉਹ ਚਾਹੁੰਦਾ ਹੈ ਕਿ ਮੇਰਾ ਦੇਸ਼ ਯੂਰਪ ਦੇ ਦੇਸ਼ਾਂ ਵਾਂਗ ਸੋਹਣਾ ਬਣੇ।ਉਨਾ ਕਿਹਾ ਕਿ ਕਾਲੇ ਕਨੂੰਨ ਰੱਦ ਕਰਾਉਣ ਦੀ ਲੜਾਈ ਅਸੀਂ ਜਰੂਰ ਜਿਤਾਂਗੇ।ਇਸ ਸਮੇਂ ਪਿੰਡ ਵਾਸੀਆਂ ਵਲੋਂ ਡਾ ਸਵੈਮਾਨ ਸਿੰਘ ਅਤੇ ਮਨਜੀਤ ਧਨੇਰ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਭਰੇ ਇਕੱਠ ਚ ਮੋਦੀ ਜੁੰਡਲੀ ਦੇ ਪੁਤਲੇ ਨੂੰ ਅੱਗ ਲਾਕੇ ਰਾਹ ਭਰਪੂਰ ਨਾਰੇ ਬਾਜੀ ਕੀਤੀ।ਐਨ ਆਰ ਆਈ ਬੂਟਾ ਸਿੰਘ ਹਾਂਸ ਦਾ ਇਸ ਸਮਾਗਮ ਚ ਵਿਸੇਸ਼ ਯੋਗਦਾਨ ਰਿਹਾ।ਮੰਚ ਸੰਚਾਲਨ ਕੰਵਲਜੀਤ ਖੰਨਾ ਨੇ ਕੀਤਾ।