ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਯੋਗੀ ਅਤੇ ਮੋਦੀ ਹਕੂਮਤ ਆਪਣਾ ਹੋਸ਼ ਗੁਆ ਬੈਠੀ। ਸਰ: ਮਲਕੀਤ ਸਿੰਘ ਹਠੂਰ     

ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਰਚੀ ਜਾ ਰਹੀ ਹੈ ਸਾਜ਼ਿਸ਼ 

ਹਠੂਰ/ ਲੁਧਿਆਣਾ- 10 ਅਕਤੂਬਰ  (ਗੁਰਸੇਵਕ ਸੋਹੀ)- 32 ਜਥੇਬੰਦੀਆਂ ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ ਰੇਲਵੇ ਸਟੇਸ਼ਨ ਤੇ ਲਾਇਆ ਧਰਨਾ ਅੱਜ 375 ਵੇਂ ਦਿਨ ਵੀ ਪੂਰੇ ਜੋਸ਼ੋ- ਖਰੋਸ਼ ਨਾਲ ਜਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮਲਕੀਤ ਸਿੰਘ ਹਠੂਰ ਨੇ ਲਖੀਮਪੁਰ ਖੀਰੀ (ਯੂਪੀ) ਦੀ ਬੇਹੱਦ ਦੁਖਦਾਈ ਭਟਕਾਊ ਤੇ ਨਿੰਦਾਜਨਕ ਘਟਨਾ ਦੀ ਚੀਰਫਾੜ ਕੀਤੀ। ਉਨ੍ਹਾਂ ਕਿਹਾ ਕੇ ਮੋਦੀ ਅਤੇ ਯੋਗੀ ਹਕੂਮਤ ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਆਪਣਾ ਹੋਸ਼ ਗਵਾ ਬੈਠੀ ਹੈ।ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਰ ਕਰਨ ਗਏ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਰਸਤੇ ਚ ਰੋਕ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਦਮ ਕਰਾਰ ਦਿੱਤਾ। ਉਨਾਂ ਕਿਹਾ ਕਿ ਯੋਗੀ ਤੇ ਮੋਦੀ ਹਕੂਮਤ ਵਲੋਂ 9 ਬੇਕਸੂਰ ਲੋਕਾਂ ਦੀ ਜਾਨ ਲੈਣ ਦਾ ਜੋ ਖਤਰਨਾਕ ਕੁਕਰਮ ਕੀਤਾ ਗਿਆ ਹੈ ਇਸ ਦਾ ਸਿਆਸੀ ਇਵਜਾਨਾ ਦੇਸ਼ ਦੇ ਲੋਕ ਜਰੂਰ ਹਾਸਲ ਕਰਨਗੇ। ਉਨਾਂ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਮੰਦਭਾਗੀ ਘਟਨਾ ਤੇ ਪੂਰੇ ਸੰਸਾਰ ਨੇ ਦੁੱਖ ਪ੍ਰਗਟਾਇਆ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੰਹ ਠਾਕਿਆ ਗਿਆ ਜਿਸ ਨੇ ਅਜੇ ਤਕ ਅਫਸੋਸ ਦਾ ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਉਨਾਂ ਸੁਪਰੀਮ ਕੋਰਟ ਨੂੰ ਇਕ ਸਾਲ ਬਾਅਦ ਆਈ ਜਾਗ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੋਕਣ ਦਾ ਮੁੱਦਾ ਨਹੀਂ ਹੈ, ਸਗੋਂ ਮੁੱਦਾ ਸਿਰਫ ਤੇ ਸਿਰਫ ਰੱਦ ਕਰਨ ਦਾ ਹੈ। ਕਿਸਾਨਾਂ ਨੇ 700 ਤੋਂ ਉਪਰ ਕੁਰਬਾਨੀਆਂ ਦੇ ਕੇ ਇਸ ਸੰਘਰਸ਼ ਚ ਇਕ ਕੀਤਾ ਦਿਨ ਰਾਤ ਸੁਪਰੀਮ ਕੋਰਟ ਦੀਆਂ ਘੁਰਕੀਆਂ ਸੁਨਣ ਲਈ ਨਹੀਂ ਕੀਤਾ।ਉਨਾਂ ਨੋਇਡਾ ਦੀ ਇਕ ਬੀਬੀ ਵਲੋਂ ਪਾਈ ਰਿੱਟ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਨਿੰਦਾ ਕੀਤੀ ਕਿ ਪੱਖਪਾਤ ਤੇ ਖੜੀ ਕੋਰਟ ਨੂੰ ਇਸ ਅਤਿਅੰਤ ਸੰਵੇਦਨਸ਼ੀਲ ਮਸਲੇ ਚ ਨਿਰਪੱਖਤਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਇਕ ਪਾਸੇ ਮੋਦੀ ਸਰਕਾਰ ਸੰਘਰਸ਼ ਨੂੰ ਖੂਨ ਚ ਡੋਬਣ ਦੀ ਗੰਦੀ ਖੇਡ ਖੇਡ ਰਹੀ ਹੈ ਤੇ ਦੂਜੇ ਬੰਨੇ ਕਾਨੂੰਨ ਨੂੰ ਕਠਪੁਤਲੀ ਬਣਾ ਰਹੀ ਹੈ। ਉਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਲ ਗੁੰਡਾਗਰਦੀ ਦਾ ਸ਼ਿਕਾਰ ਹੋਏ ਇਕ ਪੱਤਰਕਾਰ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।