ਔਰਤਾਂ ਦੀ ਸੁਰੱਖਿਆ ਸੰਵਿਧਾਨ ਦੇ ਹੱਥ ✍️ ਸਲੇਮਪੁਰੀ ਦੀ ਚੂੰਢੀ

ਔਰਤਾਂ ਦੀ ਸੁਰੱਖਿਆ ਸੰਵਿਧਾਨ ਦੇ ਹੱਥ
- ਸੱਚ ਤਾਂ ਇਹ ਹੈ ਕਿ ਤਿਉਹਾਰ ਪੁਜਾਰੀ ਅਤੇ ਵਪਾਰੀ ਲਈ ਵਰਦਾਨ ਹੁੰਦਾ ਹੈ, ਜਦਕਿ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਹੁੰਦੀ ਹੈ। ਭਾਰਤ ਵਿਚ ਵਪਾਰੀਆਂ ਅਤੇ ਪੁਜਾਰੀਆਂ ਨੇ ਆਪਣਾ ਉੱਲੂ ਸਿੱਧਾ ਰੱਖਣ ਲਈ ਅਣਗਿਣਤ ਤਿਉਹਾਰਾਂ ਦੀ ਉਪਜ ਕੀਤੀ ਹੈ। ਤਿਉਹਾਰਾਂ ਦੀ ਉਪਜ ਕਰਨ ਲਈ ਪੁਜਾਰੀ, ਵਪਾਰੀ ਅਤੇ ਸਮੇਂ ਸਮੇਂ 'ਤੇ ਰਾਜਸੱਤਾ 'ਤੇ ਕਾਬਜ ਰਹੇ ਲੋਕ ਸ਼ਰਾਰਤੀ ਅਤੇ ਭਾੜੇ ਦੇ ਲੇਖਕਾਂ / ਬੁੱਧੀਜੀਵੀਆਂ ਕੋਲੋਂ ਮਿਥਿਹਾਸ ਨੂੰ ਇਤਿਹਾਸ ਵਿਚ ਬਦਲਕੇ ਲਿਖਵਾਉੰਦੇ ਰਹਿੰਦੇ ਹਨ। ਅਸੀਂ ਵੀ ਕਦੀ ਤਿਉਹਾਰਾਂ/ ਦਿਵਸਾਂ ਦੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।
ਖੈਰ, ਅੱਜ ਦੇ ਰੱਖੜੀ ਤਿਉਹਾਰ ਦੇ ਮੌਕੇ 'ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਬਿਨਾਂ ਕਿਸੇ ਔਰਤ ਤੋਂ ਆਪਣੇ ਗੁੱਟ 'ਤੇ ਰੱਖੜੀ ਬੰਨ੍ਹਾਇਆਂ ਦੇਸ਼ ਦੀਆਂ ਕਰੋੜਾਂ ਔਰਤਾਂ ਦੀ ਰਾਖੀ ਕੀਤੀ। ਔਰਤਾਂ ਭਾਵੇਂ ਸੋਨੇ ਦੀਆਂ ਰੱਖੜੀਆਂ ਬੰਨ੍ਹਣ, ਭਾਵੇਂ ਚਾਂਦੀ ਦੀਆਂ ਰੱਖੜੀਆਂ ਬੰਨ੍ਹਣ, ਪਰ ਉਨ੍ਹਾਂ ਦੀ ਸੁਰੱਖਿਆ ਭਾਰਤੀ ਸੰਵਿਧਾਨ ਦੇ ਹੱਥ ਵਿਚ ਹੀ ਹੈ। ਭਾਵੇਂ ਮਾਦਾ ਭਰੂਣ ਹੋਵੇ, ਭਾਵੇਂ ਕੁਆਰੀ ਹੋਵੇ, ਭਾਵੇਂ ਵਿਆਹੀ ਹੋਵੇ, ਭਾਵੇਂ ਬਜੁਰਗ ਹੋਵੇ ਸੁਰੱਖਿਆ ਸੰਵਿਧਾਨ ਹੀ ਕਰਦਾ ਹੈ। ਅੱਜ ਔਰਤਾਂ ਨੂੰ ਜੋ ਹੱਕ ਮਿਲੇ ਹਨ, ਸੰਵਿਧਾਨ ਸਦਕਾ ਹੀ ਹੈ ਮਿਲੇ ਹਨ , ਅਤੇ ਉਹ ਸੁਰੱਖਿਅਤ ਵੀ ਸੰਵਿਧਾਨ ਕਰਕੇ ਹੀ ਹਨ। ਭਾਰਤ ਦੇ ਬਹੁਤੇ ਗ੍ਰੰਥ ਤਾਂ ਔਰਤ ਨੂੰ ਗੁਲਾਮੀ ਭਰਿਆ ਜੀਵਨ ਬਤੀਤ ਕਰਨ ਲਈ ਹੀ ਮਜਬੂਰ ਕਰਦੇ ਹਨ। ਇਸ ਲਈ ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਜਿਹੜਾ ਸੰਵਿਧਾਨ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਦੀ ਹੋਂਦ ਅੱਜ ਖਤਰੇ ਵਿਚ ਹੈ, ਨੂੰ ਬਚਾਉਣ ਲਈ ਔਰਤਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।
-ਸੁਖਦੇਵ ਸਲੇਮਪੁਰੀ
09780620233
 ਅਗਸਤ, 2021.