ਜਗਰਾਓਂ-ਜੂਨ 2019(ਅਮਨਜੀਤ ਸਿੰਘ ਖਹਿਰਾ ) - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ-ਵਿਧਾਇਕਾਂ ਨੂੰ ਦਬਕਾ ਮਾਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਖੇਤਰ 'ਚ ਕਾਂਗਰਸੀ ਉਮੀਦਵਾਰ ਪੱਛੜਣਗੇ, ਉਨ੍ਹਾਂ ਨੂੰ ਕੁਰਸੀ ਗੁਆਉਣੀ ਪੈ ਸਕਦੀ ਹੈ। ਹਲਕੇ 'ਚ ਹਾਰਨ ਵਾਲੇ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ 'ਚ ਟਿਕਟ ਪਰ ਚੋਣ ਨਤੀਜਿਆਂ ਦੇ ਬਾਅਦ ਕਾਂਗਰਸ ਦੇ ਸੀਨੀਅਰ ਮੰਤਰੀਆਂ 'ਚੋਂ ਮਨਪ੍ਰੀਤ ਸਿੰਘ ਬਾਦਲ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ ਨਾਲ ਸੰਬੰਧਤ ਹਲਕਿਆਂ ਵਿਚ ਕਾਂਗਰਸ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਪ੍ਰਚਾਰ ਦੌਰਾਨ ਆਪਸ 'ਚ ਖਿੱਚੋਤਾਣ ਕਾਰਨ ਹੀ ਕੈਪਟਨ ਅਮਰਿੰਦਰ ਨੇ 5 ਹਲਕਿਆਂ ਤੋਂ ਹਾਰ ਦਾ ਸਾਰਾ ਠੀਕਰਾ ਲਗਦਾ ਹੈ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਨ ਦਿੱਤਾ। ਹੁਣ ਸਿੱਧੂ ਕੈਪਟਨ ਦੇ ਨਿਸ਼ਾਨੇ 'ਤੇ ਹੈ ਅਤੇ ਸ਼ਹਿਰੀ ਹਲਕਿਆਂ 'ਚ ਕਾਂਗਰਸ ਦੀ ਹਾਰ ਨੂੰ ਉਨ੍ਹਾਂ ਨਾਲ ਸੰਬੰਧਤ ਲੋਕਲ ਬਾਡੀਜ਼ ਵਿਭਾਗ ਦੀ ਅਸਫਲਤਾ ਨਾਲ ਜੋੜਿਆ ਗਿਆ। ਕੈਪਟਨ ਅਮਰਿੰਦਰ-ਸਿੱਧੂ ਕਹਾਣੀ ਦੇ ਕਾਰਨ ਹੀ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ ਨੂੰ ਬਚਾ ਦਿੱਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪਹਿਲਾਂ ਤਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਚਿਤਾਵਨੀ ਸਿਰਫ ਫੋਕਾ ਦਬਕਾ ਨਹੀਂ ਸੀ, ਹਾਰਨ ਵਾਲੇ ਮੰਤਰੀਆਂ ਵਿਰੁੱਧ ਐਕਸ਼ਨ ਜ਼ਰੂਰ ਹੋਵੇਗਾ। ਪੰਜਾਬ 'ਚ ਜਿਨ੍ਹਾਂ ਪੰਜ ਸੀਟਾਂ 'ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਪਰ ਹੁਣ ਮੁੱਖ ਮੰਤਰੀ ਕੈਪਟਨ ਆਪਣੇ ਬਿਆਨ ਤੋਂ ਯੂ-ਟਰਨ ਲੈਂਦੇ ਹੋਏ ਹਾਰਨ ਵਾਲੇ ਕੁਝ ਕੈਬਨਿਟ ਮੰਤਰੀਆਂ ਦੀ ਛੁੱਟੀ ਕਰਨ ਦੀ ਬਜਾਏ ਸਿਰਫ ਉਨ੍ਹਾਂ ਦੇ ਪੋਰਟਫੋਲੀਓ ਬਦਲ ਕੇ ਖਾਨਾਪੂਰਤੀ ਕੀਤੀ ਹੈ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਵੀ ਸਿਰਫ ਸਿੱਧੂ ਨੂੰ ਸਾਈਡ ਲਾਈਨ ਕਰਨ ਦੀ ਖਾਤਰ ਹੋਇਆ ਹੈ।
ਸਿੱਧੂ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਨ ਨਾਲ ਗੂੜ੍ਹੇ ਸਬੰਧਾਂ ਕਾਰਨ ਉਨ੍ਹਾਂ 'ਤੇ ਸਿੱਧੀ ਕਾਰਵਾਈ ਕਰਨੀ ਮੁਸ਼ਕਲ ਲੱਗਦੀ ਹੈ। ਮੰਤਰੀ ਮੰਡਲ 'ਚ ਵੱਡਾ ਉਲਟ ਫੇਰ ਕਰਨ ਲਈ ਕੈ. ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਤੋਂ ਮਨਜ਼ੂਰੀ ਲੈਣੀ ਹੋਵੇਗੀ, ਜਿਸ ਕਾਰਨ ਮੁੱਖ ਮੰਤਰੀ ਲਈ ਹਾਰਨ ਵਾਲੇ ਆਪਣੇ ਅੱਧਾ ਦਰਜਨ ਦੇ ਕਰੀਬ ਸਮਰਥ ਕੈਬਨਿਟ ਮੰਤਰੀਆਂ ਨੂੰ ਵੀ ਸਿੱਧੂ ਵਾਲੀ ਲਾਈਨ ਵਿਚ ਖੜ੍ਹਾ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਸੀ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦਾ ਅਜਿਹਾ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਸਿੱਧੂ ਦੇ ਖੰਭ ਕੁਤਰਨ ਤੇ ਵਿਭਾਗਾਂ 'ਚ ਫੇਰਬਦਲ ਨਾਲ ਪਾਰਟੀ ਅਤੇ ਜਨਤਾ 'ਚ ਕੋਈ ਬਿਹਤਰ ਸੰਦੇਸ਼ ਨਹੀਂ ਜਾਵੇਗਾ। ਤੁਸੀਂ ਜਾਣਦੇ ਹੋ ਕਿ ਕੈਬਨਿਟ ਮੰਤਰੀ ਪੂਰੇ ਸੂਬੇ ਦਾ ਹੁੰਦਾ ਹੈ ਨਾ ਕਿ ਸਿਰਫ ਆਪਣੇ ਸਬੰਧਤ ਹਲਕੇ ਦਾ। ਜੇ ਚਿਤਾਵਨੀ ਦੇ ਬਾਵਜੂਦ ਕਾਂਗਰਸ ਉਮੀਦਵਾਰ ਮੰਤਰੀ ਦੇ ਸਬੰਧਤ ਹਲਕੇ ਤੋਂ ਕਾਂਗਰਸ ਉਮੀਦਵਾਰ ਦੀ ਹਾਰ ਹੋਈ ਹੈ। ਤਾਂ ਨਕਾਰਾਤਮਕ ਪ੍ਰਦਰਸ਼ਨ ਕਰਨ ਵਾਲੇ ਮੰਤਰੀ ਨੂੰ ਸਿਰਫ ਵਿਭਾਗ ਬਦਲਣ ਦੀ ਸਜ਼ਾ ਵੀ ਕਿਉਂ ਮਿਲੇ। ਉਸ ਦੀ ਥਾਂ 'ਤੇ ਚੋਣਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਜਾਂਦਾ। ਮੰਤਰੀ ਮੰਡਲ ਵਿਚ ਕੋਈ ਵੱਡਾ ਫੇਰਬਦਲ ਨਾ ਹੋਣ ਨਾਲ ਕਈ ਵਿਧਾਇਕਾਂ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਕੈਪਟਨ ਸਾਹਿਬ ਦਾ ਇਹ ਦਾ ਸ਼ਾਇਦ ਓਹਨਾ ਲਈ ਹੀ ਭਾਰੀ ਪੈਣ ਵਾਲਾ ਜਾਪਦਾ ਹੈ